ਚੰਡੀਗੜ੍ਹ, 21 ਫਰਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੀਆਂ ਪੰਜਾਬ ਦੀ ਰਾਜਨੀਤੀ ਵਿੱਚ ਵਿਚਰਦੇ ਆਏ ਹਨ। ਇਸ ਦਾ ਸਬੂਤ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਹਿੱਤਾ ਅਤੇ ਮੰਗਾਂ ਨੂੰ ਅਣਗੌਲਿਆਂ ਕਰਦਿਆਂ ਆਪਣੇ ਸਵਾਰਥ ਨੂੰ ਮੁੱਖ ਰੱਖਿਆ ਅਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੌੜ ਕਰਨ ਦੀ ਗੱਲ 'ਤੇ ਜੋਰ ਦਿੱਤਾ ਤਾਂ ਜੋ ਉਨਾਂ ਦੀ ਡੂਬਦੀ ਸਿਆਸੀ ਕਿਸ਼ਤੀ ਬਚ ਸਕੇ।
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਜਮੀਨ ਖਿਸਕ ਚੁੱਕੀ ਹੈ, ਜਿਸ ਦਾ ਸਬੂਤ 2022 ਵਿੱਚ ਹੋਇਆ ਵਿਧਾਨਸਭਾ ਚੌਣਾਂ ਸਨ, ਜਿਸ ਵਿੱਚ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਬਜ ਆਪਣੀ ਪਟਿਆਲਾ ਸੀਟ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਇਸੇ ਲਈ ਕੈਪਟਨ ਅਮਰਿੰਦਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ, ਪਰ ਇੱਥੇ ਵੀ ਉਹ ਹਾਸ਼ੀਏ ਤੇ ਹੀ ਹਨ ਅਤੇ ਸਿਆਸਤ ਵਿੱਚ ਆਪਣੀ ਪੈਠ ਬਚਾਉਣ ਲਈ ਉਹ ਆਪਣੀ ਪਤਨੀ ਪਰਨੀਤ ਕੌਰ ਨੂੰ ਲੋਕ ਸਭਾ ਚੌਣਾਂ ਵਿੱਚ ਪਟਿਆਲਾ ਤੋਂ ਬਤੌਰ ਬੀਜੇਪੀ ਉਮੀਦਵਾਰ ਮੈਦਾਨ ਵਿੱਚ ਉਤਾਰਨ ਲੱਗੇ ਹਨ, ਜਦਕਿ ਵਿਧਾਨ ਸਭਾ ਵਾਸਤੇ ਉਨ੍ਹਾਂ ਨੇ ਆਪਣੀ ਧੀ ਜੈ ਇੰਦਰ ਕੌਰ ਦਾ ਨਾਂ ਅੱਗੇ ਰੱਖਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦੇ ਆਮ ਲੋਕਾਂ ਅਤੇ ਨੌਜਵਾਨਾਂ ਜੋ ਪਾਰਟੀਆਂ ਵਿੱਚ ਜਮੀਨੀ ਪੱਧਰ ਤੇ ਕੰਮ ਕਰ ਰਹੇ ਹਨ, ਬਾਰੇ ਕੋਈ ਹਮਦਰਦੀ ਨਹੀਂ ਰੱਖਦੇ ਅਤੇ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੇ ਹਨ।
ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆੜੇ ਹੱਥੀ ਲੈਂਦਿਆਂ ਸ. ਬਰਸਟ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਹਾਸ਼ੀਏ ਤੇ ਹੈ। ਸਿਆਸੀ ਜ਼ਮੀਨ ਤਲਾਸ਼ਦੇ ਹੋਏ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਬੀਜੇਪੀ ਨਾਲ ਸਾਂਝ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਇਸੇ ਲਈ ਉਹ ਦੁਬਾਰਾ ਬੀਜੇਪੀ ਨਾਲ ਗਠਜੋੜ ਕਰਨ ਦੇ ਯਤਨਾਂ ਵਿੱਚ ਲੱਗਾ ਹੋਇਆ ਹੈ। ਪਿਛਲੇ 25 ਸਾਲ ਵਿੱਚ ਦੋ-ਦੋ ਬਾਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਆਪਸੀ ਮਿਲੀਭੁਗਤ ਨਾਲ ਪੰਜਾਬ ਤੇ ਰਾਜ ਕੀਤਾ ਹੈ।
ਇਸ ਦੌਰਾਨ ਇਕ-ਦੂਜੇ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤੋਂ ਬਚਾਉਣ ਦੇ ਲਈ ਦੋਵੇਂ ਇੱਕ-ਦੂਜੇ ਤੇ ਸਿਆਸੀ ਵਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਅਤੇ ਆਪਣੀ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੇ ਰਹੇ। ਪੰਜਾਬ ਤੇ ਜਿਆਦਾਤਰ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹੀ ਸੱਤਾ ਦੀ ਕਮਾਨ ਸੰਭਾਲੀ ਗਈ ਹੈ, ਪਰ ਦੋਵਾਂ ਨੇ ਇੱਕ-ਦੂਜੇ ਦੇ ਨਿੱਜੀ ਕੰਮਾਂ ਅਤੇ ਹਿੱਤਾਂ ਨੂੰ ਹੀ ਪਹਿਲ ਦਿੱਤੀ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਹੋਇਆ ਧੱਕਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਹਮੇਸ਼ਾ ਤੋਂ ਹੀ ਲੋਕਾਂ ਦੇ ਹਿੱਤਾ ਨੂੰ ਅਣਦੇਖਾ ਕਰਦੇ ਹੋਏ ਆਪਣੇ ਨਿੱਜੀ ਸਵਾਰਥ ਨੂੰ ਮੁੱਖ ਰਖਦੇ ਆਏ ਹਨ ਅਤੇ ਹੁਣ ਵੀ ਇਹ ਦੋਵੇਂ ਆਪਣੇ ਨਿੱਜੀ ਫਾਇਦੇ ਲਈ ਗਠਜੋੜ ਕਰਨਾ ਚਾਹੁੰਦੇ ਹਨ। ਇਸ ਗਠਜੋੜ ਨਾਲ ਕੈਪਟਨ ਅਮਰਿੰਦਰ ਸਿੰਘ ਆਪਣੀ ਪਟਿਆਲਾ ਸੀਟ ਅਤੇ ਸੁਖਬੀਰ ਬਾਦਲ ਆਪਣੀ ਬਠਿੰਡਾ ਅਤੇ ਫਿਰੋਜਪੁਰ ਸੀਟ ਨੂੰ ਬਚਾਉਣਾ ਚਾਹੁੰਦੇ ਹਨ। ਪਰ ਲੋਕ ਹੁਣ ਇਨ੍ਹਾਂ ਦੋਵਾਂ ਪਰਿਵਾਰ ਦੀ ਆਪਸੀ ਮਿਲੀਭੁਗਤ ਨੂੰ ਸਮਝ ਚੁੱਕੇ ਹਨ। ਜਿਸਦਾ ਜਵਾਬ ਉਹ ਆਗਾਮੀ ਲੋਕ ਸਭਾ ਚੌਣਾਂ ਵਿੱਚ ਇਨ੍ਹਾਂ ਦੇ ਖਿਲਾਫ ਆਪਣੇ ਵੋਟ ਦਾ ਇਸਤੇਮਾਲ ਕਰਕੇ ਦੇਣਗੇ।
ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੌਣਾਂ ਵਿੱਚ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਤੇ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਿੱਚ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗੀ। ਜਦਕਿ ਦੂਜੇ ਪਾਸੇ ਬੀਜੇਪੀ ਬਹੁਮਤ ਤਾਂ ਦੂਰ ਦੀ ਗੱਲ ਹੈ, ਨਰਿੰਦਰ ਮੋਦੀ ਦੀ ਅਗੁਵਾਈ ਵਿੱਚ 100 ਤੋਂ ਵੱਧ ਸੀਟਾਂ ਵੀ ਜਿੱਤ ਨਹੀਂ ਸਕੇਗੀ।
No comments:
Post a Comment