ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ,: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਨਕਲੀ ਸ਼ਰਾਬ ਦੇ ਸੇਵਨ ਕਾਰਨ ਹੋਣ ਵਾਲੀ ਕਿਸੇ ਵੀ ਦੁਰਘਟਨਾ ਨੂੰ ਅਗਾਊਂ ਟਾਲਣ ਲਈ ਜ਼ਿਲ੍ਹੇ ਵਿੱਚ ਇੰਡਸਟਰੀਅਲ ਸਪਿਰਟ ਅਤੇ ਮਿਥੇਨੌਲ ਦੀ ਅਣਅਧਿਕਾਰਤ ਵਿਕਰੀ ਅਤੇ ਸਪਲਾਈ 'ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਉਦਯੋਗਿਕ ਸਪਿਰਟ, ਮਿਥੇਨੌਲ ਅਤੇ ਨਵੇਂ ਅਲਾਟ ਕੀਤੇ ਗਏ ਸ਼ਰਾਬ ਦੇ ਠੇਕਿਆਂ ਦੇ ਲਾਇਸੰਸਧਾਰਕਾਂ ਅਤੇ ਜ਼ਿਲ੍ਹੇ ਦੀਆਂ ਡਿਸਟਿਲਰੀਆਂ, ਬਰੂਅਰੀਆਂ ਅਤੇ ਬੋਟਲਿੰਗ ਪਲਾਂਟਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਭਾਗੀਦਾਰ ਇਸ ਗੱਲ ਦਾ ਧਿਆਨ ਰੱਖਣ। ਇਨ੍ਹਾਂ ਸਭ ਦੀ ਵਿਕਰੀ, ਸਪਲਾਈ ਅਤੇ ਸਟਾਕ ਨਿਗਰਾਨੀ ਦੇ ਅਧੀਨ ਹੈ ਅਤੇ ਉਲੰਘਣਾ ਲਈ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਭਾਗੀਦਾਰਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਪਲਾਈ ਦਾ ਨਿਯਮਤ ਤੌਰ 'ਤੇ ਧਿਆਨ ਰੱਖਣ ਤਾਂ ਜੋ ਰਸਤੇ ਵਿੱਚ ਚੋਰੀ ਨਾ ਹੋ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਟਾਕ, ਵਿਕਰੀ ਅਤੇ ਸਪਲਾਈ ਦੀ ਨਿਰਵਿਘਨ ਜਾਂਚ ਕਰਨ ਲਈ ਐਸ.ਡੀ.ਐਮਜ਼ ਦੀ ਅਗਵਾਈ ਵਿੱਚ ਤਹਿਸੀਲਦਾਰ, ਆਬਕਾਰੀ/ਜੀਐਸਟੀ ਅਧਿਕਾਰੀ, ਐਸਐਚਓਜ਼ ਅਤੇ ਉਦਯੋਗ ਵਿਭਾਗ ਦੀ ਇੱਕ ਸਾਂਝੀ ਚੈਕਿੰਗ ਟੀਮ ਦਾ ਗਠਨ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹੇ ਵਿੱਚ ਠੇਕਿਆਂ ਦੇ ਨਵੇਂ ਲਾਇਸੰਸਧਾਰਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸ਼ਰਾਬ ਦੀ ਢੋਆ-ਢੁਆਈ ਲਈ ਪੂਰਵ ਪ੍ਰਵਾਨਗੀ ਹਾਸਲ ਕਰਨ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਤੋਂ ਨਗਦੀ ਇਕੱਠੀ ਕਰਨ ਵਾਲੇ ਵਿਅਕਤੀਆਂ ਦੇ ਨਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੱਸਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਨੇ ਸ਼ਰਾਬ ਦੇ ਠੇਕਿਆਂ 'ਤੇ ਆਈਪੀ ਤਕਨੀਕ ਸੀਸੀਟੀਵੀ ਕੈਮਰੇ ਲਗਾਉਣ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਇਨ੍ਹਾਂ ਦੀ ਸਖ਼ਤ ਨਿਗਰਾਨੀ ਰੱਖੀ ਜਾ ਸਕੇ।
ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਐਸ ਪੀ (ਟਰੈਫਿਕ ਅਤੇ ਉਦਯੋਗਿਕ ਸੁਰੱਖਿਆ) ਐਚ.ਐਸ ਮਾਨ, ਸਹਾਇਕ ਕਮਿਸ਼ਨਰ ਆਬਕਾਰੀ ਅਸ਼ੋਕ ਚਲਹੋਤਰਾ, ਸਹਾਇਕ ਕਮਿਸ਼ਨਰ ਸਟੇਟ ਟੈਕਸ ਮੁਨੀਸ਼ ਨਈਅਰ ਅਤੇ ਡੀਐਸਪੀ (ਡੀ) ਰਾਜੇਸ਼ ਹਸਤੀਰ ਸ਼ਾਮਲ ਸਨ।
No comments:
Post a Comment