SBP GROUP

SBP GROUP

Search This Blog

Total Pageviews

ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਵਲੋਂ ਡੇਰਾਬੱਸੀ ਦੇ ਹਸਪਤਾਲ ਦਾ ਦੌਰਾ

ਐਸ.ਏ.ਐਸ.ਨਗਰ, 21  ਮਈ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਡੇਰਾਬੱਸੀ ਦੇ ਸਬ-ਡਵੀਜ਼ਨਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਲੂੰ ਨਾਲ ਸਬੰਧਤ ਬੀਮਾਰੀਆਂ ਨਾਲ ਸਿੱਝਣ ਲਈ ਹਸਪਤਾਲ ਵਿਚ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਦਾ ਵਿਸ਼ੇਸ਼ ਨਿਰੀਖਣ ਕੀਤਾ ਅਤੇ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਹਸਪਤਾਲ ਵਿਚ ਬੈੱਡਾਂ, ਦਵਾਈਆਂ, ਪਾਣੀ, ਪੱਖਿਆਂ, ਕੂਲਰਾਂ ਆਦਿ ਦੀ ਉਪਲਭਧਤਾ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਲਈ। ਡਾਇਰੈਕਟਰ ਨੇ ਲੋਕ ਸਭਾ ਚੋਣਾਂ ਦੇ ਸਨਮੁੱਖ ਮੈਡੀਕਲ ਪ੍ਰਬੰਧਾਂ ਅਤੇ ਸਟਾਫ਼ ਦੀ ਡਿਊਟੀ ਆਦਿ ਬਾਰੇ ਵੀ ਜਾਣਕਾਰੀ ਲਈ।


ਉਨ੍ਹਾਂ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਉਪਲਭਧਤਾ ਅਤੇ ਮੈਡੀਕਲ ਸਾਜ਼ੋ-ਸਮਾਨ ਬਾਰੇ ਵਿਸਥਾਰ ’ਚ ਜਾਣਿਆ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਡਾਕਟਰ ਦੁਆਰਾ ਮਰੀਜ਼ ਦੀ ਪਰਚੀ ਉਤੇ ਲਿਖੀ ਗਈ ਹਰ ਦਵਾਈ ਹਸਪਤਾਲ ਵਿਚੋਂ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਓ.ਪੀ.ਡੀ., ਐਮਰਜੈਂਸੀ ਵਾਰਡ, ਲੇਬਰ ਵਾਰਡ ਵਿਚ ਫੇਰੀ ਪਾਈ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।

ਡਾ. ਹਿਤਿੰਦਰ ਕੌਰ ਨੇ ਹਦਾਇਤ ਕੀਤੀ ਕਿ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਤੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹਸਪਤਾਲ ਵਿਚ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਸਮੁੱਚੇ ਹਸਪਤਾਲ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਰੱਖਿਆ ਜਾਵੇ ਤਾਕਿ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਉਣ ਵਾਲੇ ਸਾਕ-ਸਬੰਧੀਆਂ ਨੂੰ ਬਿਹਤਰ ਮਾਹੌਲ ਦਿਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਸਮੇਤ ਸਮੁੱਚੇ ਸਟਾਫ਼ ਨੂੰ ਕਿਹਾ ਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਉਣ ਵਾਲੇ ਸਾਕ-ਸਬੰਧੀਆਂ ਨਾਲ ਹਮਦਰਦੀ ਅਤੇ ਪਿਆਰ ਭਰਿਆ ਵਿਹਾਰ ਕਰਨ ਕਿਉਂਕਿ ਜੇ ਡਾਕਟਰ/ਸਟਾਫ਼ ਅਤੇ ਮਰੀਜ਼ ਵਿਚਾਲੇ ਸਾਂਝ ਹੈ ਤਾਂ ਸਹੀ ਅਤੇ ਮਿਆਰੀ ਇਲਾਜ ਵਿਚ ਮੱਦਦ ਮਿਲਦੀ ਹੈ। ਉਨ੍ਹਾਂ ਸਮੁੱਚੇ ਸਟਾਫ਼ ਦੀ ਹਾਜ਼ਰੀ ਵੀ ਚੈੱਕ ਕੀਤੀ ਅਤੇ ਮੁਲਾਜ਼ਮਾਂ ਨੂੰ ਆਪੋ-ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਕਰਨ ਲਈ ਆਖਿਆ। ਉਨ੍ਹਾਂ ਹਸਪਤਾਲ ਵਿਚ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕੀਤੀ ਅਤੇ ਸਮੁੱਚੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਕਰਨ ਲਈ ਆਖਿਆ। ਉਨ੍ਹਾਂ ਨਾਲ ਸਿਵਲ ਸਰਜਨ ਡਾ. ਦਵਿੰਦਰ ਕੁਮਾਰ, ਸਹਾਇਕ ਡਾਇਰੈਕਟਰ ਡਾ. ਭਾਸਕਰ, ਐਸ.ਐਮ.ਓ. ਡਾ. ਧਰਮਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਫ਼ੋਟੋ : ਹਸਪਤਾਲ ਦੇ ਦੌਰੇ ਦੌਰਾਨ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ ਹੋਰ ਅਧਿਕਾਰੀ।

No comments:


Wikipedia

Search results

Powered By Blogger