ਖਰੜ, 11 ਸਤੰਬਰ : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਡੀਜ਼ਲ 'ਤੇ 92 ਪੈਸੇ ਅਤੇ ਪੈਟਰੋਲ' ਤੇ 61 ਪੈਸੇ ਵੈਟ ਵਿੱਚ ਵਾਧਾ ਕਰਕੇ ਅਤੇ ਬੱਸ ਭਾੜੇ ਵਿੱਚ ਵੀ ਵਾਧਾ ਕਰਕੇ ਪੰਜਾਬ ਦੇ ਆਮ ਲੋਕਾਂ ਉੱਤੇ ਵੱਡਾ ਆਰਥਿਕ ਬੋਝ ਪਾ ਦਿੱਤਾ ਹੈ, ਉੱਥੇ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਮਿਲਦੀ ਬਿਜਲੀ 'ਤੇ ਸਬਸਿਡੀ ਖਤਮ ਕਰਕੇ ਵੀ ਆਮ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਨਰਿੰਦਰ ਰਾਣਾ ਨੇ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਦੀ ਆਮ ਜਨਤਾ' ਤੇ ਪਾਇਆ ਇਹ ਵਾਧੂ ਬੋਝ ਵਾਪਸ ਲੈ ਕੇ ਪੰਜਾਬ ਦੀ ਜਨਤਾ ਨਾਲ ਇਨਸਾਫ ਕੀਤਾ ਜਾਵੇ।
ਨਰਿੰਦਰ ਰਾਣਾ ਨੇ ਕਿਹਾ ਕਿ ਢਾਈ ਸਾਲਾਂ ਦੇ ਅਰਸੇ ਵਿੱਚ 'ਆਪ ਸਰਕਾਰ' ਨੇ ਜੋ ਹਾਲਾਤ ਸੂਬੇ ਦੇ ਕਰ ਦਿੱਤੇ ਹਨ, ਸ਼ਾਇਦ ਇਸ ਤੋਂ ਪਹਿਲਾਂ ਕਦੇ ਸੂਬੇ ਵਿਚ ਕਦੀ ਏਨਾ ਨਿਘਾਰ ਨਹੀਂ ਆਇਆ ਹੋਵੇਗਾ। ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ। ਪਿਛਲੀ ਸਰਕਾਰਾਂ ਵੱਲੋਂ ਲਗਾਏ ਗਏ ਟੈਕਸ ਅਤੇ ਉਨ੍ਹਾਂ ਵੱਲੋਂ ਲਏ ਗਏ ਕਰਜੇ ਨੂੰ ਆਮ ਲੋਕਾਂ ਤੇ ਬੋਝ ਦੱਸਕੇ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ 12,500 ਕਰੋੜ ਦੇ ਨਵੇਂ ਟੈਕਸ ਲਗਾ ਕੇ ਸੂਬੇ ਦੇ ਆਮ ਲੋਕਾਂ ਦੇ ਸਿਰ ਵੱਡਾ ਬੋਝ ਪਾਇਆ ਹੈ ਅਤੇ ਪਿਛਲੇ ਢਾਈ ਸਾਲਾਂ ਦੌਰਾਨ ਇਕ ਲੱਖ ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ ਪਰ ਬੁਨਿਆਦੀ ਢਾਂਚੇ ਦਾ ਇਕ ਵੀ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਤੇ ਨਾ ਹੀ ਕੋਈ ਸਮਾਜ ਭਲਾਈ ਸਕੀਮ ਸ਼ੁਰੂ ਕੀਤੀ ਹੈ। ਅੱਜ ਸੂਬੇ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਹਰ ਫ਼ਰੰਟ 'ਤੇ ਫੇਲ੍ਹ ਸਾਬਿਤ ਹੋ ਰਹੀ ਹੈ । ਉਨ੍ਹਾਂ ਦੱਸਿਆ ਕਿ ਅੱਜ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਕਰਜੇ ਦੇ ਬੋਝ ਹੇਠਾਂ ਦੱਬ ਦਿੱਤਾ ਹੈ ਅਤੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰ ਵਲੋਂ ਲਗਾਤਾਰ ਕਰਜਾ ਚੁੱਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੀ' ਆਪ ਸਰਕਾਰ 'ਨੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ।
ਨਰਿੰਦਰ ਰਾਣਾ ਨੇ ਦੱਸਿਆ ਕਿ ਪੰਜਾਬ ਵਿੱਚ 'ਆਪ ਸਰਕਾਰ' ਅਤੇ 'ਕਾਂਗਰਸ ਪਾਰਟੀ' ਵਿੱਚ ਗੁਪਤ ਸਮਝੌਤਾ ਹੈ ਇਸੇ ਕਾਰਨ ਕਾਂਗਰਸ ਪੰਜਾਬ ਦੇ ਲੋਕਾਂ ਦੇ ਮਸਲੇ ਸਹੀ ਢੰਗ ਨਾਲ ਨਹੀਂ ਚੁਕ ਰਹੀ ਹੈ। ਪੰਜਾਬ ਦੀ ਜਨਤਾ ਹੁਣ ਭਾਜਪਾ ਨੂੰ ਪਸੰਦ ਕਰ ਰਹੀ ਹੈ ਕਿਉਂਕਿ ਭਾਜਪਾ ਹੀ ਪੰਜਾਬ ਦੇ ਲੋਕਾਂ ਦੀ ਅਸਲ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਭਾਜਪਾ ਹੀ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਅਤੇ ਖੁਸ਼ਹਾਲ ਕਰ ਸਕਦੀ ਹੈ, ਭਾਜਪਾ ਹੀ ਪੰਜਾਬ ਦੇ ਮੁਲਾਜ਼ਮਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ, ਭਾਜਪਾ ਹੀ ਪੰਜਾਬ ਵਿੱਚ ਵਿਕਾਸ ਕਾਰਜ ਕਰਾ ਸਕਦੀ ਹੈ, ਭਾਜਪਾ ਹੀ ਪੰਜਾਬ ਨੂੰ ਅਸਲ ਰੰਗਲਾ ਪੰਜਾਬ ਬਣਾ ਸਕਦੀ ਹੈ।
No comments:
Post a Comment