ਜੇ ਮੰਗਾਂ ਨਾ ਮੰਨੀਆਂ ਤਾਂ 12 ਸਤਬੰਰ ਤੋਂ ਮੁਕੰਮਲ ਹੜਤਾਲ
ਮੋਹਾਲੀ, 8 ਸਤੰਬਰ : ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਨੇ ਆਪਣੇ ਸਾਰੇ ਜਿਲਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਕੱਲ ਭਲਕੇ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਵਿੱਚ ਥੋੜ੍ਹੀ ਤਬਦੀਲੀ ਕਰਦਿਆਂ ਕੱਲ ਤੋਂ ਅਗਲੇ ਤਿੰਨ ਦਿਨਾਂ ਤੱਕ ਅੱਧੇ ਦਿਨ ਤੱਕ ਮਤਲਬ 8 ਤੋਂ 11 ਵਜੇ ਤੱਕ ਸਰਕਾਰੀ ਹਸਪਤਾਲਾਂ ਵਿਚ ਓਪਡੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪਹਿਲਾਂ ਉਹਨਾਂ ਵੱਲੋਂ ਅਨਿਸ਼ਚਿਤ ਕਾਲ ਤੱਕ ਪੂਰਨ ਤੌਰ ਤੇ ਬੰਦ ਦਾ ਐਲਾਨ ਕੀਤਾ ਗਿਆ ਸੀ ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਿਨਟ ਦੀ ਸਬ ਕਮੇਟੀ ਦੇ ਤੌਰ ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਰੋਧ ਥੋੜਾ ਘਟਾਇਆ ਹੈ। ਇਸ ਤੋਂ ਇਲਾਵਾ ਕੋਈ ਚੋਣਵੇਂ ਆਪਰੇਸ਼ਨ ਨਹੀਂ ਹੋਣਗੇ।
ਜਥੇਬੰਦੀ ਮੁਤਾਬਕ ਕੋਈ ਵੀ ਆਮ ਮੈਡੀਕਲ ਮੁਆਇਨੇ ਨਹੀਂ ਹੋਣਗੇ ਜਿਵੇਂ ਭਰਤੀ ਨਾਲ ਸਬੰਧਤ ਮੁਆਇਨੇ, ਡਰਾਈਵਿੰਗ ਲਾਇੰਸਸ ਵਾਸਤੇ ਤੇ ਹਥਿਆਰਾਂ ਦੇ ਲਾਇਸੰਸ ਲਈ ਮੈਡੀਕਲ ਮੁਆਇਨੇ। ਕੋਈ ਵੀ ਡੋਪ ਟੈਸਟ ਨਹੀਂ ਹੋਵੇਗਾ ਤੇ ਨਾ ਹੀ ਵੀਆਈਪੀ ਡਿਊਟੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੇਂਗੂ ਨੂੰ ਛੱਡ ਕੇ ਕੋਈ ਰੀਪੋਰਟਾਂ ਨਹੀਂ ਭੇਜੀਆਂ ਜਾਣਗੀਆਂ। ਡਾਕਟਰਾਂ ਮੁਤਾਬਕ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਉਹਨਾਂ ਕਿਹਾ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਏ ਰੱਖਣਾ ਚਾਹੁੰਦੇ ਹਾਂ ਪਰ ਹਾਲੇ ਵੀ ਕਿਉਕਿ ਸਰਕਾਰ ਦੀ ਤਰਫ ਤੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜਮੀਨੀ ਪੱਧਰ ਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਬਾਰ-ਬਾਰ ਮੀਟਿੰਗਾਂ ਵਿੱਚ ਸਮਾਂ ਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈ ਕੇ ਆਈ ਹੈ।
ਜੇ ਇਸ ਤੋਂ ਬਾਅਦ ਵੀ ਸਰਕਾਰ ਨੇ ਆਪਣਾ ਢਿੱਲਾ ਰਵਈਆ ਬਣਾਈ ਰੱਖਿਆ ਤਾਂ ਉਹਨਾਂ ਦੀ ਕਿਸੇ ਵੀ ਗੱਲ ਤੇ ਭਰੋਸਾ ਕਰਨਾ ਮੁਸ਼ਕਿਲ ਹੋ ਜਾਵੇਗਾ। ਇਹ ਅੰਦੋਲਨ ਆਪਣੀ ਜਾਇਜ ਪ੍ਰਮੁੱਖ ਮੰਗਾਂ ਮਨਾਉਣ ਤੋਂ ਬਿਨਾਂ ਨਹੀਂ ਰੁਕੇਗਾ। ਐਸੋਸੀਏਸ਼ਨ ਦੇ ਮੁੱਖੀ ਨੇ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤਰੱਕੀਆਂ ਰੋਕ ਕੇ ਸਰਕਾਰ ਕੀ ਸਰਕਾਰੀ ਹਸਪਤਾਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਓਕਿ ਇਸ ਤਰਾਂ ਚੰਗੇ ਤੇ ਮਾਹਿਰ ਡਾਕਟਰ ਸਰਕਾਰੀ ਹਸਪਤਾਲ ਛੱਡ ਜਾਣਗੇ।
ਨਾਲ ਦੇ ਸੂਬੇ ਦਿੱਲੀ ਤੇ ਹਰਿਆਣਾ ਵੀ ਵਿੱਤ ਕਮਿਸ਼ਨ ਦੀਆਂ ਇਕੋ ਜਿਹੀ ਹਦਾਇਤਾਂ ਦੇ ਬਾਵਜੂਦ ਏ.ਸੀ.ਪੀ ਦੇ ਰਹੀਆਂ ਹਨ, ਕੀ ਪੰਜਾਬ ਦੇ ਡਾਕਟਰ ਪੰਜਾਬ ਵਿੱਚੋ ਕੰਮ ਛੱਡ ਕੇ ਨਾਲ ਦੇ ਰਾਜ ਵਿੱਚ ਚਲੇ ਜਾਣ? ਪੰਜਾਬ ਸਰਕਾਰ ਦੇ ਹੀ ਦੂਜੇ ਵਿਭਾਗ ਮੈਡੀਕਲ ਸਿੱਖਿਆ ਤੇ ਖੋਜ ਵਿੱਚ ਸਾਡੇ ਹੀ ਡਾਕਟਰਾਂ ਨੂੰ 4 ਅਤੇ 7 ਸਾਲ ਤੇ ਤਰੱਕੀ ਦਿੱਤੀ ਜਾ ਰਹੀ ਫਿਰ ਸੱਭ ਤੋਂ ਜਰੂਰੀ ਸਿਹਤ ਵਿਭਾਗ ਦੀ ਤਰੱਕੀ ਤੇ ਗ੍ਰਹਣ ਕਿਉ ਲਾਇਆ ਜਾ ਰਿਹਾ ?
ਜਥੇਬੰਦੀ ਨੇ ਸਾਫ ਕੀਤਾ ਹੈ ਕਿ ਜੇਕਰ 11 ਸਤੰਬਰ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ, ਤੇ ਤਰੱਕੀਆਂ ਸਬੰਧੀ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ 12 ਤਰੀਕ ਤੋਂ ਮੁਕੰਮਲ ਹੜਤਾਲ ਕੀਤੀ ਜਾਏਗੀ।
No comments:
Post a Comment