ਮੁਹਾਲੀ ਪ੍ਰਸ਼ਾਸਨ ਨੇ ਬੀ ਪੀ ਸੀ ਐਲ ਲਾਲੜੂ ਵਿਖੇ ਆਪ੍ਰੇਸ਼ਨ ਸ਼ੀਲਡ ਤਹਿਤ ਮੌਕ ਡ੍ਰਿਲ ਅਭਿਆਸ ਕੀਤਾ
ਲਾਲੜੂ (ਐਸ ਏ ਐਸ ਨਗਰ), 31 ਮਈ : ਸ਼ਨੀਵਾਰ ਸ਼ਾਮ 6:00 ਵਜੇ ਤੋਂ ਬਾਅਦ ਲਾਲੜੂ ਵਿਖੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਸਟੋਰੇਜ-ਕਮ- ਕੰਪ੍ਰੈਸਡ ਐਲਪੀਜੀ ਦੇ ਬੋਤਲਿੰਗ ਪਲਾਂਟ ਵਿੱਚ ਜਿਵੇਂ ਹੀ ਏਅਰ ਰੇਡ ਸਾਇਰਨ ਵੱਜਿਆ, ਤੁਰੰਤ ਐਮਰਜੈਂਸੀ ਬਚਾਅ ਟੀਮਾਂ ਹਰਕਤ ਵਿੱਚ ਆ ਪਲਾਂਟ ਦੀ ਇਮਾਰਤ ਵੱਲ ਦੌੜ ਪਈਆਂ।
ਇਹ ਸਾਰਾ ਘਟਨਾਕ੍ਰਮ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੁਆਰਾ ਬੀ ਪੀ ਸੀ ਐਲ ਪਲਾਂਟ ਵਿਖੇ ਸ਼ਨੀਵਾਰ ਸ਼ਾਮ ਨੂੰ ਆਪ੍ਰੇਸ਼ਨ ਸ਼ੀਲਡ ਅਧੀਨ ਐਮਰਜੈਂਸੀ ਪ੍ਰਤੀਕਿਰਿਆ ਸਮੇਂ ਦੀ ਤਿਆਰੀ ਦੀ ਜਾਂਚ ਕਰਨ ਲਈ ਬਣਾਇਆ ਗਿਆ ਇੱਕ ਆਰਜ਼ੀ ਦ੍ਰਿਸ਼ ਸੀ।
ਇਸ ਪੂਰੀ ਕਾਰਵਾਈ ਦੀ ਨਿਗਰਾਨੀ ਇੱਕ ਸੀਨੀਅਰ ਪੀ ਸੀ ਐਸ ਅਧਿਕਾਰੀ ਅਤੇ ਸਾਬਕਾ ਸੈਨਿਕ ਅਧਿਕਾਰੀ, ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੁਆਰਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੀ ਯੋਜਨਾਬੱਧ ਮੌਕ ਡ੍ਰਿਲ ਸਾਈਟ 'ਤੇ ਮੌਜੂਦ ਵਿਅਕਤੀਆਂ ਨੂੰ ਬਚਾਉਣ ਲਈ ਐਮਰਜੈਂਸੀ ਪ੍ਰਤੀਕਿਰਿਆ ਪ੍ਰਕਿਰਿਆਵਾਂ ਦੀ ਨਕਲ ਕਰਨ ਲਈ ਸੀ।
ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਕ ਡਰਿੱਲ ਵਿੱਚ ਹੋਮ ਗਾਰਡ (ਸਿਵਲ ਡਿਫੈਂਸ), ਐਨ ਡੀ ਆਰ ਐਫ, ਫਾਇਰ ਫਾਈਟਿੰਗ ਅਤੇ ਮੈਡੀਕਲ ਟੀਮਾਂ ਅਤੇ ਸਥਾਨਕ ਪ੍ਰਸ਼ਾਸਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਏਅਰ ਰੇਡ ਸਾਇਰਨ ਵੱਜਣ ਤੋਂ ਬਾਅਦ, ਪਲਾਂਟ ਵਿੱਚ ਫਸੇ ਨਾਗਰਿਕਾਂ/ਕਰਮਚਾਰੀਆਂ ਨੂੰ ਬਚਾਉਣ ਲਈ ਸਿਵਲ ਡਿਫੈਂਸ ਅਭਿਆਸ ਦੇ ਹਿੱਸੇ ਵਜੋਂ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅੰਦਰ ਫਸੇ ਵਿਅਕਤੀਆਂ ਦੀ ਗਿਣਤੀ ਕਰੀਬ 20 ਸੀ, ਜਿਨ੍ਹਾਂ ਨੂੰ ਬਚਾਅ ਟੀਮਾਂ ਦੁਆਰਾ ਅੰਦਰੋਂ ਬਾਹਰ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਬਾਅਦ ਐਂਬੂਲੈਂਸਾਂ ਦੁਆਰਾ ਨਿਰਧਾਰਤ ਸਿਹਤ ਸੰਸਥਾਵਾਂ ਵਿੱਚ ਅਗਲੇਰੇ ਇਲਾਜ ਲਈ ਪਹੁੰਚਾਇਆ ਗਿਆ।
ਉਨ੍ਹਾਂ ਕਿਹਾ ਕਿ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰ ਰਹਿਣਾ ਸੀ ਅਤੇ ਅੰਤ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਸਮੇਂ ਨੂੰ ਹੋਰ ਫੁਰਤੀਲਾ ਬਣਾਉਣ ਲਈ ਕਮੀਆਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਤਿਆਰੀ ਅਤੇ ਅਸਲ ਪ੍ਰਤੀਕਿਰਿਆ ਸਮੇਂ ਦੀ ਜਾਂਚ ਕਰਨ ਲਈ ਆਪਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ ਮੌਕ ਡਰਿੱਲ ਦਾ ਅਭਿਆਸ ਕੀਤਾ ਗਿਆ ਸੀ ਜੋ ਕਿ ਸਫ਼ਲ ਰਿਹਾ।
ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ ਨੇ ਅੱਗੇ ਕਿਹਾ ਕਿ ਡੇਰਾਬੱਸੀ ਅਤੇ ਲਾਲੜੂ ਕਸਬਿਆਂ (ਨਗਰ ਕੌਂਸਲ ਹਦੂਦ) ਵਿੱਚ ਇਸ ਮੌਕ ਡ੍ਰਿਲ ਦੇ ਹਿੱਸੇ ਵਜੋਂ ਸ਼ਨੀਵਾਰ ਰਾਤ 8:00 ਵਜੇ ਤੋਂ 8:30 ਵਜੇ ਤੱਕ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਵਾਲੀਆਂ ਸੰਸਥਾਵਾਂ ਨੂੰ ਛੱਡ ਕੇ ਬਲੈਕਆਊਟ ਦੀ ਯੋਜਨਾ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਇਸ ਵੇਲੇ ਬਲੈਕਆਊਟ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਲਾਈਟਾਂ, ਸਟਰੀਟ ਲਾਈਟਾਂ ਅਤੇ ਵਾਹਨ ਲਾਈਟਾਂ ਬੰਦ ਕਰਕੇ ਅਸਲ-ਸਮੇਂ ਦੀਆਂ ਐਮਰਜੈਂਸੀ ਸਥਿਤੀਆਂ ਦਾ ਸਹਾਮਣਾ ਕਰਨ ਲਈ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾ ਸਕੇ।


No comments:
Post a Comment