ਦੋ ਨਵੇਂ ਐਸਟੀਪੀਜ਼ ਦੀ ਸਥਾਪਨਾ ਜਲਦ, ਪਹਿਲਾ ਸਨੌਲੀ ਵਿਖੇ ਬਣੇਗਾ ਅਤੇ ਦੂਜੇ ਲਈ ਜ਼ਮੀਨ ਦੀ ਪਛਾਣ ਜਾਰੀ ਸੁਖਨਾ ਦੇ ਬਾਲਟਾਣਾ ਚੋਅ ‘ਤੇ ਬਣੇਗਾ ਉੱਚ ਪੱਧਰੀ ਪੁਲ
ਚੰਡੀਗੜ੍ਹ, 29 ਮਈ : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ ਜ਼ੀਰਕਪੁਰ ਦੇ ਆਪਣੇ ਦੌਰੇ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਨੂੰ ਕਾਰਪੋਰੇਸ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ।
ਸ਼ਹਿਰ ਦੇ ਤੇਜ਼ੀ ਨਾਲ ਸ਼ਹਿਰੀ ਵਿਸਥਾਰ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਹੋਰ ਮਜ਼ਬੂਤ ਸ਼ਾਸਨ ਦੀ ਜ਼ਰੂਰਤ ਨੂੰ ਉਜਾਗਰ ਕਰਦਿਆਂ ਡਾ. ਰਵਜੋਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਟ੍ਰੀਟਮੈਂਟ ਅਤੇ ਸਫਾਈ ਵਰਗੀਆਂ ਨਾਗਰਿਕ ਸਹੂਲਤਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਇੱਕ ਵੱਡੀ ਅਤੇ ਵਧੇਰੇ ਸ਼ਕਤੀਸ਼ਾਲੀ ਸਥਾਨਕ ਸੰਸਥਾ ਜ਼ਰੂਰੀ ਹੈ। ਉਨ੍ਹਾਂ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਨਗਰ ਕੌਂਸਲ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਨੂੰ ਇੱਕ ਰਸਮੀ ਪ੍ਰਸਤਾਵ ਪੇਸ਼ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਪ੍ਰਕਿਰਿਆ ਨੂੰ ਜਲਦੀ ਸ਼ੁਰੂ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਪੁਸ਼ਟੀ ਕੀਤੀ ਕਿ ਜ਼ੀਰਕਪੁਰ ਵਿੱਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਇਹ ਤਬਦੀਲੀ ਲਾਗੂ ਕੀਤੀ ਜਾਵੇਗੀ।
ਕੈਬਨਿਟ ਮੰਤਰੀ, ਜੋ ਸਵੇਰੇ ਸਫਾਈ ਅਤੇ ਹੋਰ ਨਾਗਰਿਕ ਸਹੂਲਤਾਂ ਦਾ ਨਿਰੀਖਣ ਕਰਨ ਲਈ ਇਥੇ ਪਹੁੰਚੇ ਸਨ, ਨੇ ਗੰਦਗੀ 'ਤੇ ਨਰਾਜ਼ਗੀ ਜ਼ਾਹਰ ਕਰਦਿਆਂ ਸਫਾਈ ਕਰਮਚਾਰੀਆਂ ਦੀ ਗਿਣਤੀ ਵਧਾ ਕੇ ਸਭ ਕੁਝ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ।
ਸੁਖਨਾ ਚੋਅ, ਜੋ ਕਿ ਚੰਡੀਗੜ੍ਹ ਵਾਲੇ ਪਾਸੇ ਤੋਂ ਤਰਲ ਰਹਿੰਦ-ਖੂੰਹਦ ਵੀ ਲੈ ਕੇ ਜਾਂਦਾ ਹੈ, ਦੇ ਬੰਦ ਹੋਣ 'ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਰਵਜੋਤ ਸਿੰਘ ਨੇ ਨਗਰ ਕੌਂਸਲ ਨੂੰ ਮੀਂਹ ਤੋਂ ਪਹਿਲਾਂ ਡਰੇਨੇਜ ਵਿਭਾਗ ਦੀ ਮਦਦ ਨਾਲ ਇਸਦੀ ਸਫਾਈ ਲਈ ਤੁਰੰਤ ਉਪਾਅ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਅ ਵਿੱਚ ਕੂੜਾ ਨਾ ਸੁੱਟਣ ਜਿਸ ਨਾਲ ਵਹਾਅ ਰੁਕਣ ਕਰਕੇ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਨੇ ਬਲਟਾਣਾ ਦੇ ਫਰਨੀਚਰ ਮਾਰਕੀਟ ਖੇਤਰ ਦਾ ਵੀ ਨਿਰੀਖਣ ਕੀਤਾ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਬਲਟਾਣਾ ਵਿਖੇ ਸੁਖਨਾ ਚੋਅ 'ਤੇ 5.96 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਉੱਚ ਪੱਧਰੀ ਪੁਲ ਜਲਦ ਬਣਾਇਆ ਜਾ ਰਿਹਾ ਹੈ ਤਾਂ ਜੋ ਮੌਨਸੂਨ ਦੇ ਮੌਸਮ ਦੌਰਾਨ ਜਦੋਂ ਚੋਅ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਸਥਾਨਕ ਲੋਕਾਂ ਨੂੰ ਪਾਣੀ ਦੇ ਓਵਰ-ਫਲੋਅ ਤੋਂ ਰਾਹਤ ਮਿਲ ਸਕੇ।
ਕੈਬਨਿਟ ਮੰਤਰੀ ਨੇ ਪੁਰਾਣੀ ਕਾਲਕਾ ਰੋਡ, ਢਕੌਲੀ ਦਾ ਨਿਰੀਖਣ ਕੀਤਾ ਅਤੇ ਸਫਾਈ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਸਥਾਨਕ ਸੰਸਥਾ ਦੇ ਅਧਿਕਾਰੀਆਂ ਨੂੰ ਸ਼ਹਿਰ ਦੀ ਚੰਗੀ ਤਰ੍ਹਾਂ ਮੁਕੰਮਲ ਸਫਾਈ ਲਈ ਵਾਧੂ ਕਾਮਿਆਂ ਦੀਆਂ ਸੇਵਾਵਾਂ ਲੈਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਗਲੀਆਂ ਦੀ ਖਸਤਾ ਹਾਲਤ ਸਥਾਨਕ ਲੋਕਾਂ ਦੀ ਸਿਹਤ ਲਈ ਚੰਗੀ ਨਹੀਂ ਹੈ।
ਨਵੇਂ ਸਥਾਪਤ ਕੀਤੇ ਜਾਣ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਦੋ ਐਸਟੀਪੀ, ਇੱਕ 47 ਐਮਐਲਡੀ ਦਾ ਅਤੇ ਦੂਜਾ 37 ਐਮਐਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਜਲਦੀ ਹੀ ਲਗਾਏ ਜਾ ਰਹੇ ਹਨ। ਸਨੌਲੀ ਵਿਖੇ 47 ਐਮਐਲਡੀ ਲਈ ਜਗ੍ਹਾ ਦੀ ਪਛਾਣ ਕੀਤੀ ਗਈ ਹੈ ਅਤੇ ਇਸਨੂੰ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੌਂਪ ਦਿੱਤਾ ਗਿਆ ਹੈ, ਜਦੋਂ ਕਿ ਦੂਜੇ 37 ਐਮਐਲਡੀ ਪਲਾਂਟ ਲਈ ਜਗ੍ਹਾ ਦੀ ਚੋਣ ਚੱਲ ਰਹੀ ਹੈ ਅਤੇ ਜਲਦੀ ਹੀ ਇਸਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਜਦੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਚਕੂਲਾ ਤੋਂ ਆਉਣ ਵਾਲੇ ਮੀਂਹ/ਤੂਫਾਨ ਦੇ ਵਾਧੂ ਪਾਣੀ ਦਾ ਮੁੱਦਾ ਉਠਾਇਆ ਤਾਂ ਡਾ. ਰਵਜੋਤ ਸਿੰਘ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸੂਬਾਈ ਮੁਖੀਆਂ ਨੂੰ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਗੁਆਂਢੀ ਰਾਜ ਦੇ ਸਬੰਧਤ ਅਧਿਕਾਰੀਆਂ ਨਾਲ ਉਠਾਉਣ ਦੇ ਨਿਰਦੇਸ਼ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਦੀ ਸ਼ਹਿਰੀ ਆਬਾਦੀ ਨੂੰ ਲੋੜੀਂਦੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ ਹੈ ਅਤੇ ਇਸ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਦੀ ਸੂਰਤ ਵਿੱਚ ਸਥਾਨਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ ਅਧਿਕਾਰੀ/ਕਰਚਾਰੀਆ ਦੀ ਡਿਊਟੀ ਬਣਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਡਿਊਟੀ ਤੋਂ ਕੁਝ ਘੰਟੇ ਕੱਢ ਕੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਸ਼ਹਿਰ ਵਿੱਚ ਆਵਾਜਾਈ ਨੂੰ ਘਟਾਉਣ ਲਈ ਸੁਧਾਰ ਲਿਆਉਣ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਡਾ. ਰਵਜੋਤ ਸਿੰਘ ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਕਾਰਜਕਾਰੀ ਅਧਿਕਾਰੀ ਜਗਜੀਤ ਸਿੰਘ ਜੱਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਵੀ ਮੌਜੂਦ ਸਨ।
----------


No comments:
Post a Comment