SBP GROUP

SBP GROUP

Search This Blog

Total Pageviews

Friday, June 13, 2025

ਪੰਜਾਬ ਡੇਂਗੂ, ਕੋਵਿਡ ਅਤੇ ਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਸਿਹਤ ਮੰਤਰੀ ਵੱਲੋਂ ਬਲੌਂਗੀ ਵਿਖੇ ਡੇਂਗੂ, ਮਲੇਰੀਆ ਅਤੇ ਚਿਕੁਨਗੁਣੀਆ ਬੁਖਾਰਾਂ ਤੋਂ ਬਚਾਅ ਪ੍ਰਤੀ  ਲੋਕਾਂ ਨੂੰ ਜਾਗਰੂਕ ਕੀਤਾ ਗਿਆ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜੂਨ :  ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਡੇਂਗੂ, ਕੋਵਿਡ-19 ਅਤੇ ਲੂ ਦੇ ਪ੍ਰਭਾਵ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕੁਨਗੁਣੀਆ, ਕੋਰੋਨਾ ਅਤੇ ਗਰਮੀ ਦੀ ਲਹਿਰ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।


ਡਾ. ਬਲਬੀਰ ਸਿੰਘ ਨੇ ਅੱਜ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਦੇ ਤਹਿਤ ਮੋਹਾਲੀ ਨੇੜਲੇ ਅਰਧ-ਸ਼ਹਿਰੀ ਪਿੰਡ ਬਲੌਂਗੀ ਦਾ ਦੌਰਾ ਕੀਤਾ। ਉਨ੍ਹਾਂ ਘਰ-ਘਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਏਅਰ ਕੂਲਰ ਦੀ ਟੈਂਕੀ, ਫਰਿਜ ਦੇ ਪਿਛਲੇ ਪਾਸੇ ਦੀ ਟਰੇਅ, ਗਮਲੇ ਜਾਂ ਪੰਛੀਆਂ ਲਈ ਰੱਖੇ ਪਾਣੀ ਦੇ ਭਾਂਡੇ ਡੇਂਗੂ ਲਾਰਵਾ ਦੀ ਬਹੁਤਾਤ ਚ ਪੈਦਾਵਾਰ ਦੀ ਫੈਕਟਰੀ ਬਣ ਜਾਂਦੇ ਹਨ।

ਉਨ੍ਹਾਂ ਕਿਹਾ, “ਡੇਂਗੂ, ਮਲੇਰੀਆ ਅਤੇ ਚਿਕਨਗੁਨਿਆ ਜਿਹੀਆਂ ਰੋਗਾਂ ਤੋਂ ਬਚਾਅ ਸਿਰਫ਼ ਇਕ ਨਿਯਮਿਤ ਆਦਤ ਨਾਲ ਕੀਤਾ ਜਾ ਸਕਦਾ ਹੈ, ਉਹ ਹੈ, ਹਫਤੇ ਵਿੱਚ ਇਕ ਵਾਰੀ ਸਾਰਾ ਰੁਕਿਆ ਹੋਇਆ ਪਾਣੀ ਖਾਲੀ ਕਰਨਾ। ਕਿਉਂਕਿ ਡੇਂਗੂ ਮੱਛਰ ਦਾ ਲਾਰਵਾ ਸੱਤ ਦਿਨਾਂ ਵਿੱਚ ਮੱਛਰ ਬਣ ਜਾਂਦਾ ਹੈ, ਇਸ ਲਈ ਹਫਤੇ ਵਿੱਚ ਇਕ ਵਾਰੀ, ਖ਼ਾਸ ਕਰਕੇ ਸ਼ੁੱਕਰਵਾਰ ਨੂੰ, ਇਹ ਕਾਰਵਾਈ ਕਰਕੇ ਇਸ ਰੋਗ ਨੂੰ ਰੋਕਿਆ ਜਾ ਸਕਦਾ ਹੈ।”

ਇਸ ਦੌਰਾਨ, ਸਿਹਤ ਮੰਤਰੀ ਨੇ ਏਅਰ ਕੂਲਰ ਦੀ ਟੈਂਕੀ ਵਿੱਚ ਲਾਰਵਾ ਲੱਭਣ ਵਾਲੀਆਂ ਆਸ਼ਾ ਵਰਕਰਾਂ ਸੋਮਪ੍ਰੀਤ ਕੌਰ ਅਤੇ ਸਰੋਜ ਨੂੰ 500 ਰੁਪਏ ਪ੍ਰਤੀ ਦੇ ਨਕਦ ਇਨਾਮ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਰਾਜ ਭਰ ਵਿੱਚ ਹਰ ਸ਼ੁੱਕਰਵਾਰ ਨੂੰ 50,000 ਤੋਂ ਵੱਧ ਟੀਮਾਂ — ਜਿਨ੍ਹਾਂ ਵਿੱਚ ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ, ਮਲਟੀਪਰਪਜ ਸਿਹਤ ਵਰਕਰ, ਸਕੂਲ ਅਧਿਆਪਕ ਅਤੇ ਬਰੀਡਰ ਚੈੱਕਰ ਸ਼ਾਮਿਲ ਹਨ, ਘਰ-ਘਰ ਜਾ ਕੇ ਡੇਂਗੂ ਲਾਰਵਾ ਦੀ ਜਾਂਚ ਅਤੇ ਲੋਕਾਂ ਨੂੰ ਸਿੱਖਿਅਕ/ਜਾਗਰੂਕ ਕਰ ਰਹੀਆਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਸਮੇਂ ਸਿਰ ਜਾਗਰੂਕਤਾ ਕਾਰਨ ਡੇਂਗੂ ਕੇਸ ਅੱਧੇ ਰਹਿ ਗਏ ਸਨ। “ਇਸ ਵਾਰੀ ਸਾਨੂੰ 80% ਤੱਕ ਕਮੀ ਰਹਿਣ ਦੀ ਉਮੀਦ ਹੈ,” ਉਨ੍ਹਾਂ ਅੱਗੇ ਕਿਹਾ।

ਉਨ੍ਹਾਂ ਵਧ ਰਹੇ ਤਾਪਮਾਨ ਅਤੇ ਲੂ ਦੇ ਖ਼ਤਰੇ ਸਬੰਧੀ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕਰੋ। ਉਨ੍ਹਾਂ ਨੇ ਹਲਕੇ ਰੰਗ ਦਾ ਲਿਬਾਸ ਪਾਉਣ, ਸਿਰ 'ਤੇ ਗਿੱਲਾ ਤੌਲੀਆ ਰੱਖਣ ਅਤੇ ਨਿੰਬੂ ਪਾਣੀ, ਲੱਸੀ, ਜਲਜੀਰਾ ਜਾਂ ਹਲਕਾ ਲੂਣ ਮਿਲਿਆ ਸਾਫ ਪਾਣੀ ਵਾਰ-ਵਾਰ ਪੀਣ ਦੀ ਸਲਾਹ ਦਿੱਤੀ।

ਕੋਰੋਨਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹਾਲਾਂਕਿ ਹਰਿਆਣਾ ਅਤੇ ਦਿੱਲੀ ਵਿੱਚ ਕੁਝ ਵਾਧਾ ਹੋਇਆ ਹੈ, ਪੰਜਾਬ ਵਿੱਚ ਹੁਣ ਤੱਕ ਕੇਵਲ 31 ਕੇਸ ਸਾਹਮਣੇ ਆਏ ਹਨ, ਜੋ ਕਿ ਬਿਨਾ-ਲੱਛਣ ਵਾਲੇ ਅਤੇ ਮਾਈਲਡ ਵੈਰੀਅੰਟ ਹਨ। ਰਿਪੋਰਟ ਹੋਈਆਂ ਦੋ ਮੌਤਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਕੋਵਿਡ ਕਾਰਨ ਨਹੀਂ ਮੰਨੀਆਂ ਜਾ ਸਕਦੀਆਂ, ਕਿਉਂਕਿ ਰੋਗੀਆਂ ਨੂੰ ਹੋਰ ਗੰਭੀਰ ਬਿਮਾਰੀਆਂ ਵੀ ਸਨ। ਉਨ੍ਹਾਂ ਲੋਕਾਂ ਨੂੰ ਹਵਾਦਾਰ ਥਾਵਾਂ 'ਚ ਰਹਿਣ ਦੀ ਸਲਾਹ ਦਿੱਤੀ ਅਤੇ ਬੰਦ ਥਾਵਾਂ 'ਚ ਇਕੱਠੇ ਨਾ ਹੋਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਆਕਸੀਜਨ, ਦਵਾਈਆਂ ਅਤੇ ਐਮਰਜੈਂਸੀ ਬੈਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਗਰਭਵਤੀ ਮਹਿਲਾਵਾਂ, ਬੱਚਿਆਂ, ਬੁਜ਼ੁਰਗਾਂ ਅਤੇ ਕਮਜ਼ੋਰ ਰੋਗ ਪ੍ਰਤੀਰੋਧੀ ਤਾਕਤ ਵਾਲਿਆਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਅਪੀਲ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਤਿੰਦਰ ਕੌਰ, ਐਸ.ਡੀ.ਐਮ. ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਰਾਜ ਪੱਧਰੀ ਕਾਰਜਕਾਰੀ ਅਧਿਕਾਰੀ ਡਾ. ਅਰਸ਼ਦੀਪ ਕੌਰ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਅਨਾਮਿਕਾ ਸੋਨੀ ਅਤੇ ਡਾ. ਹਰਮਨ ਬਰਾੜ, ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ, ਮਲਟੀ ਪਰਪਜ਼ ਹੈਲਥ ਵਰਕਰ, ਪੰਚਾਇਤ ਮੈਂਬਰ ਅਤੇ ਸਰਪੰਚ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਐਸ.ਡੀ.ਐਮ. ਨੂੰ ਪਿੰਡ ਦੇ ਛੱਪੜ ਦੀ ਸਫਾਈ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।

No comments:


Wikipedia

Search results

Powered By Blogger