SBP GROUP

SBP GROUP

Search This Blog

Total Pageviews

Friday, June 20, 2025

ਡੇਂਗੂ ’ਤੇ ਵਾਰ : ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਈਂ ਨਿਰੀਖਣ

ਡੇਂਗੂ ਤੋਂ ਬਚਾਅ ਲਈ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ: ਡਾ. ਸੰਗੀਤਾ ਜੈਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜੂਨ : "ਹਰ ਸ਼ੁੱਕਰਵਾਰ, ਡੇਂਗੂ "ਤੇ ਵਾਰ" ਮੁਹਿੰਮ ਤਹਿਤ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਜਾ ਕੇ ਚੈਕਿੰਗ ਕੀਤੀ। ਡਾ. ਜੈਨ ਨੇ ਦਸਿਆ ਕਿ ਸਿਹਤ ਟੀਮਾਂ ਨੇ ਵਿਸ਼ੇਸ਼ ਤੌਰ ’ਤੇ ਨਰਸਰੀਆਂ, ਖ਼ਾਲੀ ਪਲਾਟਾਂ ਅਤੇ ਨਿਰਮਾਣ ਸਥਾਨਾਂ ’ਤੇ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦਾ ਲਾਰਵਾ ਲੱਭਣ ਲਈ ਕੰਟੇਨਰ ਚੈੱਕ ਕੀਤੇ ਅਤੇ ਮੱਛਰ ਦੀ ਪੈਦਾਇਸ਼ ਵਾਲੀਆਂ ਹੋਰ ਸੰਭਾਵੀ ਥਾਵਾਂ ਦਾ ਨਿਰੀਖਣ ਕੀਤਾ। ਮੌਕੇ ’ਤੇ ਮੌਜੂਦ ਲੋਕਾਂ ਨੂੰ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਵਿਸਥਾਰਪੂਰਵਕ ਸਮਝਾਇਆ। ਨਿਰੀਖਣ ਟੀਮਾਂ ਵਿਚ ਖ਼ਾਸ ਤੌਰ ’ਤੇ ਜ਼ਿਲ੍ਹੇ ਦੇ ਨਰਸਿੰਗ ਕਾਲਜਾਂ ਦੇ ਵਿਦਿਆਰਥੀ ਅਤੇ ਆਸ਼ਾ ਵਰਕਰ ਸ਼ਾਮਲ ਸਨ।


      ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਸਾਰੇ ਜ਼ਿਲ੍ਹੇ ਵਿਚ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਅਧਿਕਾਰੀਆਂ ਸਮੇਤ ਹੋਰ ਸਟਾਫ਼ ਜਿਥੇ ਘਰ-ਘਰ ਜਾ ਕੇ ਸਰਵੇਖਣ ਕਰ ਰਹੇ ਹਨ, ਉਥੇ ਚਾਲਾਨ ਕੱਟਣ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਰਵੇ ਦੌਰਾਨ ਕੰਟੇਨਰ, ਗਮਲੇ, ਕੂਲਰ, ਫ਼ਰਿੱਜ, ਬਕਸੇ ਅਤੇ ਹੋਰ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਦਾ ਇਕੋ-ਇਕ ਕਾਰਗਰ ਤਰੀਕਾ ਹੈ ਕਿ ਕਿਸੇ ਵੀ ਥਾਂ ’ਤੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ।

        ਡਾ. ਜੈਨ ਨੇ ਦਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਅਖ਼ੀਰ ਤਕ ਜ਼ਿਆਦਾ ਹੁੰਦਾ ਹੈ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ, ਡਾ. ਪਰਮਿੰਦਰਜੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ, ਡਾ. ਹਰਮਨਦੀਪ ਕੌਰ ਸਮੇਤ ਸਿਹਤ ਅਧਿਕਾਰੀ ਤੇ ਸਿਹਤ ਵਰਕਰ ਮੌਜੂਦ ਸਨ।

ਡੇਂਗੂ ਬੁਖ਼ਾਰ ਦੇ ਲੱਛਣ

 ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।

ਫ਼ੋਟੋ : ਜਾਂਚ ਕਰਦੇ ਹੋਏ ਅਧਿਕਾਰੀ

No comments:


Wikipedia

Search results

Powered By Blogger