SBP GROUP

SBP GROUP

Search This Blog

Total Pageviews

Friday, June 20, 2025

ਸੜ੍ਹਕਾਂ ਕਿਨਾਰੇ ਕੂੜਾ ਸੁੱਟਣ, ਉਸਾਰੀ ਮਲਬਾ ਢੇਰੀ ਕਰਨ ਅਤੇ ਸਾਫ਼ ਸਫਾਈ ਚੁਣੌਤੀਆਂ ਦੇ ਹੱਲ 'ਤੇ ਧਿਆਨ ਕੇਂਦਰਿਤ ਕਰਨ ਤੇ ਜ਼ੋਰ

ਗੇਟਵੇਅ ਆਫ਼ ਪੰਜਾਬ, ਡੇਰਾਬੱਸੀ ਵਿਖੇ ਸਵਾਗਤੀ ਗੇਟ ਦੀ ਤਜ਼ਵੀਜ਼

ਗਮਾਡਾ, ਨਗਰ ਨਿਗਮ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨਾਲ ਜ਼ਿਲ੍ਹੇ ਦੀ ਸਾਫ਼-ਸੁਥਰੀ ਅਤੇ ਸੋਹਣੀ ਦਿੱਖ ਬਣਾਉਣ ਲਈ

ਐਸਏਐਸ ਨਗਰ, 20 ਜੂਨ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਦਿੱਖ ਨੂੰ ਸੁੰਦਰ ਬਣਾਉਣ ਅਤੇ ਸਫਾਈ ਨੂੰ ਯਕੀਨੀ ਬਣਾਉਣ ਲਈ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਗਮਾਡਾ, ਨਗਰ ਨਿਗਮ ਮੋਹਾਲੀ ਅਤੇ ਵੱਖ-ਵੱਖ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ।



ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਨੇ ਸੜਕ ਕਿਨਾਰੇ ਕੂੜਾ ਸੁੱਟਣ ਅਤੇ ਉਸਾਰੀ ਮਲਬਾ ਅੰਨ੍ਹੇਵਾਹ ਡੰਪਿੰਗ ਕਰਨ ਦੇ ਵਧ ਰਹੇ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਉਸਾਰੀ ਮਲਬਾ ਸਮੱਗਰੀ ਦੇ ਨਿਪਟਾਰੇ ਲਈ ਨਿਰਧਾਰਤ ਥਾਵਾਂ ਦੀ ਤੁਰੰਤ ਨਿਸ਼ਾਨਦੇਹੀ 'ਤੇ ਜ਼ੋਰ ਦਿੱਤਾ ਅਤੇ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਮਲਬੇ ਨੂੰ ਇੱਟਾਂ ਅਤੇ ਬਲਾਕਾਂ ਵਰਗੀਆਂ ਵਰਤੋਂ ਯੋਗ ਉਸਾਰੀ ਵਸਤੂਆਂ ਵਿੱਚ ਬਦਲਣ ਲਈ ਇੱਕ ਵੱਡੇ ਪੱਧਰ 'ਤੇ ਰੀਸਾਈਕਲਿੰਗ ਪਲਾਂਟ ਲਈ ਪ੍ਰਸਤਾਵ ਤਿਆਰ ਕਰਨ।


ਸੜਕਾਂ ਨੂੰ ਸਾਫ਼-ਸੁਥਰਾ ਅਤੇ ਸੁਚੱਜਾ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਡਿਪਟੀ ਕਮਿਸ਼ਨਰ ਨੇ ਗਮਾਡਾ ਅਤੇ ਨਗਰ ਨਿਗਮ ਮੋਹਾਲੀ ਨੂੰ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗਮਾਡਾ-ਪ੍ਰਬੰਧਿਤ ਖੇਤਰਾਂ ਵਿੱਚ ਮਲਬਾ ਅਤੇ ਕੂੜਾ ਇਕੱਠਾ ਹੋਣ ਦੀਆਂ ਸਮੱਸਿਆਵਾਂ ਵਾਰ-ਵਾਰ ਸਾਹਮਣੇ ਆਈਆਂ ਹਨ ਅਤੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ। ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਵੀ ਸੜਕਾਂ ਕਿਨਾਰੇ ਕੂੜੇ ਅਤੇ ਮਲਬੇ ਦੀ ਡੰਪਿੰਗ ਨੂੰ ਰੋਕਣ ਲਈ ਨਿਯਮਤ ਨਿਗਰਾਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।


ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਰਹਿੰਦ-ਖੂੰਹਦ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਬਾਰੇ ਜਾਗਰੂਕ ਕਰਨ ਲਈ ਇਨ੍ਹਾਂ ਕਾਰਵਾਈਆਂ ਦੇ ਨਾਲ ਜਨਤਕ ਜਾਗਰੂਕਤਾ ਮੁਹਿੰਮਾਂ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।


ਸੁਹਜਾਤਮਕ ਸੁਧਾਰਾਂ 'ਤੇ ਜ਼ੋਰ ਦਿੰਦੇ ਹੋਏ, ਡਿਪਟੀ ਕਮਿਸ਼ਨਰ ਨੇ ਮੋਹਾਲੀ ਨੂੰ ਚੰਡੀਗੜ੍ਹ ਅਤੇ ਗੁਆਂਢੀ ਰਾਜਾਂ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਸੁੰਦਰੀਕਰਨ ਤੇ ਜ਼ੋਰ ਦਿੱਤਾ। ਇਨ੍ਹਾਂ ਵਿੱਚ ਕੀਤੇ ਜਾ ਸਕਣ ਵਾਲੇ ਕੰਮਾਂ ਵਿੱਚ ਹਰੀਆਂ ਪੱਟੀਆਂ ਦਾ ਵਿਕਾਸ ਅਤੇ ਸੜਕਾਂ ਦੇ ਨਾਲ-ਨਾਲ ਪੇਵਰ ਬਲਾਕ ਲਗਾਉਣਾ ਸ਼ਾਮਲ ਹੈ। ਮਾਨਸੂਨ ਦੇ ਮੱਦੇਨਜ਼ਰ, ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਢੁਕਵੀਂ ਸਫਾਈ ਯਕੀਨੀ ਬਣਾਉਣ ਅਤੇ ਮੀਂਹ ਦੇ ਪਾਣੀ ਦੇ ਨਿਰਵਿਘ ਵਹਾਅ ਨੂੰ ਯਕੀਨੀ ਬਣਾਉਣ ਲਈ ਬੰਦ ਨਾਲੀਆਂ/ਨਾਲੇ ਤੁਰੰਤ ਖੋਲ੍ਹੇ ਜਾਣ ਦੇ ਨਿਰਦੇਸ਼ ਵੀ ਦਿੱਤੇ।


ਸੜਕ ਕਿਨਾਰੇ ਫੜ੍ਹੀਆਂ/ਰੇਹੜੀਆਂ ਦੇ ਮੁੱਦੇ ਤੇ ਚਿੰਤਾ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਢੁਕਵੇਂ ਵੈਂਡਿੰਗ ਜ਼ੋਨਾਂ ਦੀ ਪਛਾਣ ਕਰਨ ਅਤੇ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਨ੍ਹਾਂ ਵਿਕਰੇਤਾਵਾਂ ਨੂੰ ਆਵਾਜਾਈ ਵਿੱਚ ਰੁਕਾਵਟ ਪਾਏ ਬਿਨਾਂ ਜਾਂ ਸੁੰਦਰੀਕਰਨ ਦੇ ਯਤਨਾਂ ਵਿੱਚ ਰੁਕਾਵਟ ਪਾਏ ਬਿਨਾਂ ਯੋਜਨਾਬੱਧ ਢੰਗ ਨਾਲ ਕੰਮ ਕਰਨ ਤੇ ਰੋਟੀ ਕਮਾਉਣ ਦੇ ਪ੍ਰਬੰਧ ਕੀਤੇ ਜਾ ਸਕਣ।


ਗੇਟਵੇ ਆਫ਼ ਪੰਜਾਬ, ਡੇਰਾਬੱਸੀ ਵਿਖੇ ਇੱਕ ਅਤਿ-ਆਧੁਨਿਕ ਸਵਾਗਤੀ ਗੇਟ ਦੀ ਉਸਾਰੀ ਬਾਰੇ ਹੋਇਆ ਵਿਚਾਰ-ਵਟਾਂਦਰਾ ਇਸ ਮੀਟਿੰਗ ਦਾ ਅਹਿਮ ਪਹਿਲੂ ਸੀ। ਇਸ ਤਜ਼ਵੀਜ਼ ਦੀ ਲਗਾਤਾਰਤਾ ਵਿੱਚ ਏਅਰਪੋਰਟ ਰੋਡ, ਮੋਹਾਲੀ ਅਤੇ ਪੰਚਕੂਲਾ ਰੋਡ 'ਤੇ ਜ਼ੀਰਕਪੁਰ ਦੀਆਂ ਸੜਕਾਂ ਤੇ ਸਟੀਲ ਦੇ ਸਾਈਨ ਬੋਰਡ ਲਗਾਉਣਾ ਸ਼ਾਮਲ ਹੈ, ਤਾਂ ਜੋ ਯਾਤਰੀਆਂ ਦਾ ਸਵਾਗਤ ਅਤੇ ਮਾਰਗਦਰਸ਼ਨ ਮੰਜ਼ਿਲ ਦੀ ਨਿਸ਼ਾਨਦੇਹੀ ਨਾਲ ਕੀਤਾ ਜਾ ਸਕੇ।


ਮੀਟਿੰਗ ਵਿੱਚ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਗਮਾਡਾ ਦੇ ਮੁੱਖ ਇੰਜੀਨੀਅਰ ਅਨੁਜ ਸਹਿਗਲ ਅਤੇ ਡੇਰਾਬੱਸੀ, ਜ਼ੀਰਕਪੁਰ, ਖਰੜ, ਨਯਾਗਾਓਂ ਦੀਆਂ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀ ਸ਼ਾਮਲ ਹੋਏ।

No comments:


Wikipedia

Search results

Powered By Blogger