ਨਿਯਮ ਪੂਰੇ ਨਾ ਹੋਣ ਤੱਕ ਇਮਾਰਤ ਰਹੇਗੀ ਸੀਲ
ਜ਼ੀਰਕਪੁਰ, 12 ਜੂਨ : ਨਗਰ ਕੌਂਸਲ, ਜ਼ੀਰਕਪੁਰ ਵੱਲੋਂ ਵੱਲੋਂ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਸਖ਼ਤ ਰੁੱਖ ਅਪਣਾਉਂਦੇ ਹੋਏ ਅੱਜ ਪਲਾਟ ਨੰਬਰ 45, ਵੀ.ਆਈ.ਪੀ. ਇਨਕਲੇਵ, ਜੀਰਕਪੁਰ ਵਿਖੇ ਕੀਤੀ ਜਾ ਰਹੀ ਅਣ-ਅਧਿਕਾਰਤ ਉਸਾਰੀ ਨੂੰ ਰੋਕਣ ਦੇ ਨਾਲ ਨਾਲ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਕਾਰਜ ਸਾਧਕ ਅਫ਼ਸਰ, ਜਗਜੀਤ ਸਿੰਘ ਜੱਜ ਅਨੁਸਾਰ ਉਕਤ ਅਣ-ਅਧਿਕਾਰਤ ਉਸਾਰੀ ਨੂੰ ਰੋਕਣ ਲਈ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 195-ਡੀ ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ। ਪਰੰਤੂ ਉਸਾਰੀਕਰਤਾ ਵੱਲੋਂ ਅਣ-ਅਧਿਕਾਰਤ ਉਸਾਰੀ ਨੂੰ ਨਕਸ਼ੇ ਮੁਤਾਬਿਕ ਦਰੁਸਤ ਨਹੀ ਕੀਤਾ ਜਾ ਰਿਹਾ ਸੀ ਅਤੇ ਵਾਰ-ਵਾਰ ਰੋਕਣ ਤੇ ਵੀ ਕੰਮ ਬੰਦ ਨਹੀ ਕੀਤਾ ਜਾ ਰਿਹਾ ਸੀ।
ਇਸ ਸੰਬੰਧੀ ਕਾਰਵਾਈ ਕਰਦੇ ਹੋਏ ਨਗਰ ਕੋਂਸਲ ਜ਼ੀਰਕਪੁਰ ਦੀ ਟੀਮ ਵੱਲੋਂ ਅੱਜ ਅਣ-ਅਧਿਕਾਰਤ ਉਸਾਰੀ ਨੂੰ ਡਿਉਟੀ ਮੈਜਿਸਟਰੇਟ-ਕਮ-ਨਾਇਬ ਤਹਿਸੀਲਦਾਰ, ਜ਼ੀਰਕਪੁਰ ਅਤੇ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਅਤੇ ਆਸ ਪਾਸ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਅਣ-ਅਧਿਕਾਰਤ ਉਸਾਰੀ ਭਵਿਖ ਵਿਚ ਨਾ ਕੀਤੀ ਜਾਵੇ। ਨਗਰ ਕੌਂਸਲ, ਜੀਰਕਪੁਰ ਵੱਲੋਂ ਸਰਕਾਰ ਦੇ ਰੂਲਾਂ/ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿਚ ਸੰਬੰਧਤ ਵਿਅਕਤੀ/ਅਣ-ਅਧਿਕਾਰਤ ਉਸਾਰੀਕਰਤਾ ਵਿਰੁਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


No comments:
Post a Comment