SBP GROUP

SBP GROUP

Search This Blog

Total Pageviews

ਸਿਹਤ ਮੰਤਰੀ ਸਿੱਧੂ ਵੱਲੋਂ ਰਾਜਪੁਰਾ ਵਿਖੇ 6 ਕਰੋੜ ਦੀ ਲਾਗਤ ਵਾਲਾ ਜੱਚਾ-ਬੱਚਾ ਹਸਪਤਾਲ ਲੋਕਾਂ ਨੂੰ ਸਮਰਪਿਤ

ਰਾਜਪੁਰਾ , 29 Jun :

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ 'ਮਿਸ਼ਨ ਫ਼ਤਿਹ' ਦੀ ਸਫ਼ਲਤਾ ਲਈ ਸਿਹਤ ਵਿਭਾਗ ਵੱਲੋਂ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਬਹੁਤ ਜਲਦ ਭਰੀਆਂ ਜਾਣਗੀਆਂ।ਸਿਹਤ ਮੰਤਰੀ ਸ. ਸਿੱਧੂ ਨੇ ਅੱਜ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਰਾਜਪੁਰਾ ਦੇ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿਆਧੁਨਿਕ ਸਹੂਲਤਾਂ ਨਾਲ ਲੈਸ 30 ਬਿਸਤਰਿਆਂ ਦੇ ਜੱਚਾ-ਬੱਚਾ ਹਸਪਤਾਲ ਨੂੰ ਰਾਜਪੁਰਾ ਵਾਸੀਆਂ ਲਈ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੀ ਮੌਜੂਦ ਸਨ।ਇਸ ਮੌਕੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਭਿਆਨਕ ਮਹਾਂਮਾਰੀ ਕੋਵਿਡ-19 ਤੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਦੇਸ਼ ਭਰ 'ਚ ਸਭ ਤੋਂ ਪਹਿਲਾਂ ਕਾਰਵਾਈ ਕਰਦਿਆਂ ਠੋਸ ਕਦਮ ਚੁੱਕੇ ਅਤੇ ਹੁਣ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਵੱਡੀ ਪੱਧਰ 'ਤੇ ਜੰਗ ਲੜੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਜਿੱਥੇ ਖ਼ੁਦ ਇਹਤਿਆਤ ਵਰਤਣ ਉਥੇ ਹੀ ਦੂਜਿਆਂ ਨੂੰ ਵੀ ਮਾਸਕ ਪਾਉਣ, ਹੱਥ ਧੋਣ, ਕੋਵਾ ਐਪ ਡਾਊਨਲੋਡ ਕਰਨ ਤੇ ਆਪਸੀ ਦੂਰੀ ਰੱਖਣ ਬਾਰੇ ਜਾਗਰੂਕ ਕਰਨ।ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਸਿਹਤ ਸੇਵਾਵਾਂ ਦਾ ਆਧੁਨਿਕੀਕਰਨ ਕਰਕੇ ਕੰਪਿਊਟ੍ਰਾਈਜੇਸ਼ਨ ਕੀਤੀ ਜਾ ਰਹੀ ਜਿਸ ਤਹਿਤ ਬੈਂਕਿੰਗ ਪ੍ਰਣਾਲੀ ਦੀ ਤਰਜ 'ਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ, ਇਸ ਤੋਂ ਇਲਾਵਾ ਪੰਜਾਬ 'ਚ 9 ਟਰੌਮਾ ਸੈਂਟਰ ਬਣਾਏ ਜਾ ਰਹੇ ਹਨ। 

ਉਨ੍ਹਾਂ ਦੱਸਿਆ ਕਿ ਸਾਰੇ ਹਸਪਤਾਲਾਂ 'ਚ ਨਿਜੀ ਭਾਈਵਾਲੀ ਨਾਲ ਸੀ.ਟੀ. ਸਕੈਨ ਅਤੇ ਅਲਟਰਾਸਾਊਂਡ ਦੀਆਂ ਸਹੂਲਤਾਂ ਪੀ.ਜੀ.ਆਈ. ਤੇ ਏਮਜ ਦੇ ਰੇਟਾਂ 'ਤੇ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਨਾਲ ਸਿਹਤ ਸੇਵਾਵਾਂ 'ਚ ਹੋਰ ਸੁਧਾਰ ਆਵੇਗਾ।ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਅਤੇ ਹੋਰ ਬਿਮਾਰੀਆਂ ਨਾਲ ਲੜਨ ਲਈ ਸਾਡੇ ਡਾਕਟਰਾਂ ਨੇ ਕਰੋਨਾ ਯੋਧੇ ਬਣਕੇ ਬਹੁਤ ਵਧੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਹੁਣ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 30 ਸਤੰਬਰ 2020 ਤੱਕ ਡਾਕਟਰਾਂ ਦੀ ਭਰਤੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਰਾਹੀਂ ਮੁਕੰਮਲ ਕਰ ਲਈ ਜਾਵੇਗੀ।ਸਿਹਤ ਮੰਤਰੀ ਨੇ ਹਲਕਾ ਵਿਧਾਇਕ ਸ. ਕੰਬੋਜ ਦੀ ਮੰਗ 'ਤੇ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਹੱਡੀਆਂ ਦੇ ਮਾਹਰ ਡਾਕਟਰ ਨੂੰ ਜਲਦ ਤਾਇਨਾਤ ਕਰਨ ਦਾ ਭਰੋਸਾ ਦਿੱਤਾ। ਜਦੋਂਕਿ ਐਮ.ਐਲ.ਏ. ਸ. ਹਰਦਿਆਲ ਸਿੰਘ ਕੰਬੋਜ ਨੇ ਰਾਜਪੁਰਾ ਵਿਖੇ ਤਿੰਨ ਮੰਜਲਾ ਜੱਚਾ-ਬੱਚਾ ਹਸਪਤਾਲ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਸਮੇਤ ਸਿਹਤ ਮੰਤਰੀ ਸ. ਸਿੱਧੂ ਦਾ ਧੰਨਵਾਦ ਕੀਤਾ। ਸ. ਕੰਬੋਜ ਨੇ ਕਿਹਾ ਕਿ ਇਸ ਹਸਪਤਾਲ ਨੂੰ ਸਰਕਾਰ ਦੇ ਨਾਲ-ਨਾਲ ਗ਼ੈਰ ਸਰਕਾਰੀ ਸੰਸਥਾਵਾਂ ਦੀ ਮਦਦ ਨਾਲ ਸਭ ਤੋਂ ਬਿਹਤਰ ਹਸਪਤਾਲ ਬਣਾਇਆ ਗਿਆ ਹੈ, ਸਿੱਟੇ ਵਜੋਂ ਇਸ ਨੂੰ 10 ਲੱਖ ਰੁਪਏ ਦਾ ਇਨਾਮ ਵੀ ਮਿਲਿਆ ਹੈ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਸਿਹਤ ਮੰਤਰੀ ਸ. ਸਿੱਧੂ ਅਤੇ ਸ. ਕੰਬੋਜ ਦਾ ਸਵਾਗਤ ਕਰਦਿਆਂ ਜ਼ਿਲ੍ਹੇ 'ਚ ਸਿਹਤ ਸੇਵਾਵਾਂ ਅਤੇ ਕੋਵਿਡ-19 ਦੀ ਸਥਿਤੀ ਬਾਰੇ ਚਾਨਣਾ ਪਾਇਆ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਪੀ.ਆਰ.ਟੀ.ਸੀ. ਦੇ ਸੀਨੀ. ਵਾਈਸ ਚੇਅਰਮੈਨ ਸ. ਗੁਰਿੰਦਰ ਸਿੰਘ ਦੂਆ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਐਸ.ਡੀ.ਐਮ. ਸ. ਖੁਸ਼ਦਿਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਪੰਜਾਬ ਸਿਹਤ ਕਾਰਪੋਰੇਸ਼ਨ ਦੇ ਐਸ.ਈ. ਇੰਜ. ਕਰਨਦੀਪ ਸਿੰਘ ਚਾਹਲ, ਐਸ.ਐਮ.ਓ. ਡਾ. ਜਗਪਾਲ ਇੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਕ੍ਰਿਸ਼ਨ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਸੋਨੀ ਤੇ ਸ੍ਰੀ ਸ਼ਾਮ ਲਾਲ ਸਮੇਤ ਹਸਪਤਾਲ ਦੇ ਡਾਕਟਰ ਅਤੇ ਪੈਰਾ ਮੈਡੀਕਲ ਅਮਲਾ ਵੀ ਹਾਜ਼ਰ ਸੀ।

No comments:


Wikipedia

Search results

Powered By Blogger