SBP GROUP

SBP GROUP

Search This Blog

Total Pageviews

ਜ਼ਿਲ੍ਹਾ ਪ੍ਰਸ਼ਾਸਨ ਦੇ ਕਹਿਣ 'ਤੇ ਫੋਰਟਿਸ ਹਸਪਤਾਲ ਨੇ ਆਪਣੀ ਕੋਵਿਡ ਬੈੱਡ ਦੀ ਸਮਰੱਥਾ ਵਧਾ ਕੇ 120 ਕੀਤੀ; ਕੋਵਿਡ ਦੇਖਭਾਲ ਲਈ ਨਵਾਂ ਆਈਸੀਯੂ ਸਥਾਪਤ

 ਐਸ.ਏ.ਐਸ.ਨਗਰ, 21 ਸਤੰਬਰ :ਸਰਕਾਰੀ ਅਤੇ ਨਿੱਜੀ ਸਿਹਤ ਸੰਭਾਲ ਸੈਕਟਰਾਂ ਦਰਮਿਆਨ ਵੱਧ ਰਿਹਾ ਸਹਿਯੋਗ ਕੋਵਿਡ -19 ਮਹਾਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ਸਹਾਇਕ ਹੋਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਫੋਰਟਿਸ ਹਸਪਤਾਲ, ਮੁਹਾਲੀ ਵਿਖੇ ਨਵੇਂ ਕੋਵਿਡ ਕੇਅਰ ਆਈ.ਸੀ.ਯੂ. ਦਾ ਉਦਘਾਟਨ ਕਰਦਿਆਂ ਕੀਤਾ।


ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਹਿਣ ’ਤੇ ਫੋਰਟਿਸ ਹਸਪਤਾਲ ਨੇ ਆਪਣੀ ਕੋਵਿਡ ਬੈੱਡ ਦੀ ਸਮਰੱਥਾ ਵਧਾ ਕੇ 120 ਕਰ ਦਿੱਤੀ ਹੈ ਜਿਸ ਵਿੱਚ  ਲੈਵਲ 2 ਲਈ 75 ਬੈੱਡ ਅਤੇ  ਲੈਵਲ 3 ਲਈ 45 ਬੈੱਡ ਸ਼ਾਮਲ ਹਨ। ਸ੍ਰੀ ਦਿਆਲਨ ਨੇ ਦੱਸਿਆ, “ਜ਼ਿਲ੍ਹੇ ਵਿੱਚ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਦੀ ਹੋਂਦ ਕਾਰਨ ਸਥਾਨਕ ਲੋਕਾਂ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਅਤੇ ਗੁਆਂਢੀ ਸੂਬਿਆਂ ਤੋਂ ਹਸਪਤਾਲ ਵਿੱਚ ਦਾਖ਼ਲ ਹੋਣ ਲਈ ਬੇਨਤੀਆਂ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੰਦਿਆਂ, ਫੋਰਟਿਸ ਹਸਪਤਾਲ ਨੇ ਕੋਵਿਡ ਬੈੱਡਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ।” ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹੋਰ ਹਸਪਤਾਲ ਵੀ ਇਕਾਂਤਵਾਸ ਵਾਰਡ ਅਤੇ ਆਈਸੀਯੂ ਦੀ ਸਮਰੱਥਾ ਵਧਾਉਣ ਦੀ ਪ੍ਰਕਿਰਿਆ ਅਧੀਨ ਹਨ।
ਸਰਕਾਰ ਸਿਹਤ ਸੇਵਾਵਾਂ ਨੂੰ ਹੁਲਾਰਾ ਦੇ ਰਹੀ ਹੈ। ਅਸੀਂ ਸਮੇਂ ਸਿਰ ਟਰੇਸਿੰਗ, ਟੈਸਟਿੰਗ, ਟਰੈਕਿੰਗ ਅਤੇ ਇਲਾਜ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੇ ਹਾਂ। ਪ੍ਰਤੀ ਦਿਨ ਹਜ਼ਾਰ ਤੋਂ ਵੱਧ ਨਮੂਨੇ ਲਏ ਜਾ ਰਹੇ ਹਨ। ਅਸੀਂ ਕੋਵਿਡ ਦੇਖਭਾਲ ਦਾ ਸਹਿਯੋਗ ਦੇਣ ਦੇ ਇੱਛੁਕ ਨਿੱਜੀ ਹਸਪਤਾਲਾਂ ਨੂੰ ਅਤਿ-ਆਧੁਨਿਕ ਵੈਂਟੀਲੇਟਰ ਅਤੇ ਹੋਰ ਉਪਕਰਣ ਵੀ ਪ੍ਰਦਾਨ ਕਰ ਰਹੇ ਹਾਂ। ਸਾਡੇ ਕੋਵਿਡ ਕੇਅਰ ਸੈਂਟਰਾਂ 50% ਅਤੇ ਲੈਵਲ 2 ਅਤੇ ਲੈਵਲ 3 ਹਸਪਤਾਲ 70 ਫੀਸਦੀ ਭਰੇ ਹੋਏ ਹਨ। ਸਾਡੇ ਕੋਲ ਆਕਸੀਜਨ ਅਤੇ ਹੋਰ ਸਪਲਾਈਜ਼ ਦਾ ਲੋੜੀਂਦਾ ਭੰਡਾਰ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਕੇਸਾਂ ਵਿਚ ਵਾਧੇ ਨੂੰ ਦੇਖਦਿਆਂ ਕੋਵਿਡ ਦੇਖਭਾਲ ਨੂੰ ਵਧਾ ਦਿੱਤਾ ਗਿਆ ਹੈ ਅਤੇ ਨਿੱਜੀ ਖੇਤਰ ਨਾਲ ਭਾਈਵਾਲੀ ਕੀਤੀ ਗਈ ਹੈ ਜੇ ਲੋੜ ਪਈ ਤਾਂ ਅਸੀਂ ਇਸ ਨੂੰ ਅੱਗੇ ਵਧਾਵਾਂਗੇ।
ਉਹਨਾਂ ਅੱਗੇ ਕਿਹਾ,“ਕੋਵਿਡ -19 ਮਹਾਮਾਰੀ ਨਾਲ ਕੋਈ ਵੀ ਸੰਸਥਾ ਇਕੱਲੇ ਨਹੀਂ ਨਜਿੱਠ ਸਕਦੀ, ਇਸ ਸੰਕਟ ਸਮੇਂ ਜਨਤਕ-ਨਿੱਜੀ ਸਹਿਯੋਗ ਦੀ ਲੋੜ ਹੈ; ਸਾਨੂੰ ਹਰ ਜਗ੍ਹਾ, ਹਰੇਕ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।”
ਫੋਰਟਿਸ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲ ਨੇ ਘਰਾਂ ਵਿੱਚ ਹੀ ਇਕਾਂਤਵਾਸ ਕਰਨ ਦੇ ਵਿਕਲਪ ਦੀ ਚੋਣ ਕਰਨ ਵਾਲੇ ਲੋਕਾਂ ਲਈ ਹੈਲਥਕੇਅਰ ਪੈਕੇਜ ਵਧਾ ਦਿੱਤਾ ਹੈ; 100 ਤੋਂ ਵੱਧ ਲੋਕਾਂ ਨੇ ਫੋਰਟਿਸ ਟੀਮ ਤੋਂ ਰੋਜ਼ਾਨਾ ਫਾਲੋ ਅਪ ਕਾਲ ਸਮੇਤ ਇਸ ਪੈਕੇਜ ਦਾ ਲਾਭ ਲਿਆ ਹੈ। ਇਸ ਤੋਂ ਇਲਾਵਾ, 16 ਕੋਵਿਡ ਮਰੀਜ਼ਾਂ ਨੂੰ ਸਫ਼ਲਤਾਪੂਰਵਕ ਕੋਂਵਲੈਸੈਂਟ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ।
ਫੋਰਟਿਸ ਹਸਪਤਾਲ ਦੇ ਨਵੇਂ ਕੋਵਿਡ ਵਿੰਗ ਦੇ ਰਸਮੀ ਉਦਘਾਟਨ ਤੋਂ ਬਾਅਦ, ਡਿਪਟੀ ਕਮਿਸ਼ਨਰ ਨੇ ਹਸਪਤਾਲ ਦੀ ਟੀਮ ਨਾਲ ਗੱਲਬਾਤ ਕੀਤੀ ਅਤੇ ਟੀਮ ਦੇ ਅਣਥੱਕ ਯਤਨਾਂ ਅਤੇ ਕੋਵਿਡ ਦੇ ਮਰੀਜ਼ਾਂ ਲਈ ਵਧੇਰੇ ਬੈੱਡ ਅਲਾਟ ਕਰਨ ਦੇ ਹਸਪਤਾਲ ਪ੍ਰਬੰਧਨ ਦੇ ਫੈਸਲੇ ਦੀ ਸ਼ਲਾਘਾ ਕੀਤੀ। ਲਾਗ ਸਬੰਧੀ ਨਿਯੰਤਰਣ ਪ੍ਰੋਟੋਕੋਲ ਅਤੇ ਮਰੀਜ਼ਾਂ ਦੀ ਸੁਰੱਖਿਆ ਦੇ ਉਪਾਵਾਂ ਦੀ ਪਾਲਣਾ ਕਰਨ ਅਤੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਨੂੰ ਨਿਯਮਤ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਦੇਣ ਬਾਰੇ ਹਸਪਤਾਲ ਦੇ ਪ੍ਰਬੰਧਾਂ 'ਤੇ ਡਿਪਟੀ ਕਮਿਸ਼ਨਰ ਨੇ ਸੰਤੁਸ਼ਟੀ ਜਤਾਈ।
ਫੋਰਟਿਸ ਹਸਪਤਾਲਾਂ ਦੇ ਸੀਓਓ ਸ੍ਰੀ ਅਸ਼ੀਸ਼ ਭਾਟੀਆ ਨੇ ਕਿਹਾ, “ਮੈਂ ਖੁਸ਼ ਹਾਂ ਕਿ ਇਸ ਔਖੀ ਘੜੀ ਵਿੱਚ, ਕੋਵਿਡ-19 ਵਿਰੁੱਧ ਜੰਗ ਵਿੱਚ ਸਾਡਾ ਜ਼ਿਲ੍ਹਾ ਜਨਤਕ-ਨਿੱਜੀ ਭਾਈਵਾਲੀ ਦੀ ਮਿਸਾਲ ਰਿਹਾ ਹੈ। ਫੋਰਟਿਸ ਮੁਹਾਲੀ ਇਸ ਲੜਾਈ ਵਿਚ ਮੋਹਰੀ ਰਿਹਾ ਹੈ ਅਤੇ ਮਿਸ਼ਨ ਫ਼ਤਿਹ ਦਾ ਨਿਰੰਤਰ ਸਮਰਥਨ ਕਰਦਾ ਰਿਹਾ ਹੈ। ਅਸੀਂ ਸਿਵਲ ਅਧਿਕਾਰੀਆਂ ਦੁਆਰਾ ਮੁਹੱਈਆ ਕਰਵਾਈ ਸਹਾਇਤਾ ਤੋਂ ਖੁਸ਼ ਹਾਂ ਅਤੇ ਲੋੜ ਅਨੁਸਾਰ ਆਪਣੀਆਂ ਸੇਵਾਵਾਂ ਦੇਣ ਲਈ ਵਚਨਬੱਧ ਹਾਂ। ”
ਫੋਰਟਿਸ ਦੀ ਕੋਵਿਡ 19 ਮਰੀਜ਼ਾਂ ਦੇ ਇਲਾਜ ਦੀ ਤਿਆਰੀ ਸਬੰਧੀ ਦੱਸਦਿਆ, ਅਭਿਜੀਤ ਸਿੰਘ, ਜ਼ੋਨਲ ਡਾਇਰੈਕਟਰ, ਫੋਰਟਿਸ ਹਸਪਤਾਲ, ਮੁਹਾਲੀ ਨੇ ਕਿਹਾ, "ਅਸੀਂ ਇਸ ਮਹਾਂਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਥਾਨਕ ਅਧਿਕਾਰੀਆਂ ਅਤੇ ਸਿਹਤ ਸੰਭਾਲ ਪ੍ਰਣਾਲੀ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਸੁਰੱਖਿਅਤ ਜਣੇਪਿਆ ਲਈ ਕੋਵਿਡ ਪਾਜ਼ੇਟਿਵ ਮਾਵਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਜਾ ਰਿਹਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਡਾਇਲਾਸਿਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ”

No comments:


Wikipedia

Search results

Powered By Blogger