ਚੰਡੀਗੜ੍ਹ, 19 ਸਤੰਬਰ : ਪੰਜਾਬ ਦੇ ਚਾਰ ‘ਆਪ’ ਦੇ ਬਾਗ਼ੀ ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਨਵਾਂ ਪਲੇਟਫ਼ਾਰਮ ਬਣਾਉਣ ਦਾ ਫ਼ੈਸਲਾ ਕਰਦਿਆਂ ‘ਪੰਜਾਬ ਖੇਤਰੀ ਵਿਚਾਰ ਮੰਚ’ ਦਾ ਗਠਨ ਕੀਤਾ ਹੈ।
ਆਮ ਆਦਮੀ ਪਾਰਟੀ ਦੇ 4 ਬਾਗ਼ੀ ਵਿਧਾਇਕਾਂ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਕੰਵਰ ਸੰਧੂ ਅਤੇ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਸੂਬੇ ਵਿਚ ‘ਪੰਜਾਬ ਖੇਤਰੀ ਵਿਚਾਰ ਮੰਚ’ ਦੇ ਸਮਾਗਮ ਵਿਚ ਬੁੱਧੀਜੀਵੀਆਂ, ਸੇਵਾ-ਮੁਕਤ ਅਫ਼ਸਰਾਂ, ਡੋਮੇਨ ਮਾਹਿਰਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਨਾਲ ਸੂਬੇ ਦੇ ਅਹਿਮ ਮੁੱਦਿਆਂ ‘ਤੇ ਵਿਚਾਰ-ਵਿਟਾਂਦਰਾ ਕਰਕੇ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ‘ਪੰਜਾਬ ਖੇਤਰੀ ਵਿਚਾਰ ਮੰਚ’ ਪਾਰਟੀਆਂ, ਫੋਰਮਾਂ, ਯੂਨੀਅਨਾਂ ਅਤੇ ਹੋਰ ਸੰਸਥਾਵਾਂ ਵਿੱਚ ਕੰਮ ਕਰਨ ਵਾਲੀ ਇੱਕ ਗੈਰ ਰਾਜਨੀਤਿਕ ਸੰਸਥਾ ਹੋਵੇਗੀ। ਉਨ੍ਹਾਂ ਕਿਹਾ, ‘‘ਇਹ ਫ਼ੈਸਲਾ ਸੂਬੇ ਦੇ ਜ਼ਿਆਦਾਤਰ ਲੋਕਾਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਫੀਡਬੈਕ ਤੋਂ ਬਾਅਦ ਲਿਆ ਗਿਆ ਇੱਕ ਅਹਿਮ ਫ਼ੈਸਲਾ ਹੈ।”
ਕਮਾਲੂ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਨੇ ਡੋਮੇਨ ਮਾਹਿਰਾਂ ਸਮੇਤ ਦਰਜਨਾਂ ਲੋਕਾਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਇਸ ਮੰਚ ਰਾਹੀਂ ਉਹ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਵੀ ਸਮੇਂ-ਸਮੇਂ ਰਾਬਤਾ ਕਾਇਮ ਕਰਦੇ ਰਹਿਣਗੇ, ਜਿਹੜੇ ਅਜੇ ਵੀ ਸੂਬੇ ਅਤੇ ਲੋਕਾਂ ਦੀ ਭਲਾਈ ਕਰਨ ਲਈ ਤਤਪਰ ਹਨ।
ਇੱਕ ਸਵਾਲ ਕਿ ਇੱਕ ਗੈਰ ਰਾਜਨੀਤਿਕ ਸੰਸਥਾ ਕਿਉਂ ਬਣਾਈ ਹੈ? ਦਾ ਜਵਾਬ ਦਿੰਦਿਆਂ ਜਗਦੇਵ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਨਾਲ ਗੱਲਬਾਤ ਅਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਆਸਾਨ ਅਤੇ ਸੌਖਾ ਪਲੇਟਫ਼ਾਰਮ ਬਣਾਉਣ ਦਾ ਮਕਸਦ ਹੈ, ਜੋ ਵੱਖ-ਵੱਖ ਰਾਜਨੀਤਿਕ ਸਮੂਹਾਂ ਜਾਂ ਪਾਰਟੀਆਂ ਦਾ ਹਿੱਸਾ ਹੋ ਸਕਦੇ ਹਨ।
ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਜਗਤਾਰ ਸਿੰਘ ਹਿੱਸੋਵਾਲ (ਸਾਰੇ ਵਿਧਾਇਕ) ਨੇ ਕਿਹਾ ਕਿ ਅਸੀਂ ਚਾਰ ਵਿਧਾਇਕਾਂ ਨੇ ਸੂਬੇ ਰਾਜ ਦੀਆਂ ਅਨੇਕਾਂ ਮੁਸ਼ਕਲਾਂ ਅਤੇ ਮੁੱਦਿਆਂ ਉੱਤੇ ਵਿਚਾਰ ਲਈ ਇੱਕ ‘ਪੰਜਾਬ ਖੇਤਰੀ ਵਿਚਾਰ ਮੰਚ’ ਦਾ ਗਠਨ ਕਰਨ ਜਾ ਰਹੇ ਹਾਂ। ਉਕਤ ਆਗੂਆਂ ਨੇ ਕਿਹਾ ਕਿ ਸਾਡੀ ਨਿਮਾਣੀ ਜਿਹੀ ਇਹ ਕੋਸ਼ਿਸ਼ ਸੂਬੇ ਨੂੰ ਵਿਕਾਸ ਅਤੇ ਤਰੱਕੀ ਦੇ ਰਾਹ ਉੱਤੇ ਪਾਉਣ ਦੇ ਸੁਝਾਅ ਲੈਣ ਲਈ ਅਤੇ ਖੁੱਲ੍ਹੀ ਬਹਿਸ ਸ਼ੁਰੂ ਕਰਨ ਲਈ ਹੈ। ਅਸੀਂ ਪੰਜਾਬ ਭਰ ਦੇ ਇੱਕ-ਸਮਾਨ ਸੋਚ ਵਾਲੇ ਲੋਕਾਂ, ਬੁੱਧੀਜੀਵੀਆਂ, ਅਕਾਦਮਿਕ, ਵੱਖਰੇ-ਵੱਖਰੇ ਕਿੱਤਿਆਂ, ਕਾਨੂੰਨੀ ਮਾਹਿਰਾਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਸਾਡੇ ਨਾਲ ਯਤਨਸ਼ੀਲ ਹੋਣ ਲਈ ਸੱਦਾ ਦਿੰਦੇ ਹਾਂ।
No comments:
Post a Comment