ਚੰਡੀਗੜ੍ਹ / ਨਵੀਂ ਦਿੱਲੀ , 17 ਸਤੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲਾਂ ਨੂੰ ਗਿਰਗਟ ਵਾਂਗ ਰੰਗ ਬਦਲਣ ਵਾਲੇ ਮੌਕਾਪ੍ਰਸਤ ਦੱਸਦੇ ਹੋਏ ਕਿਹਾ ਕਿ 'ਆਪ' ਅਤੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਐਮਐਸਪੀ ਆਰਡੀਨੈਂਸ 'ਤੇ ਯੂ-ਟਰਨ ਲੈ ਲਿਆ ਹੈ, ਇਹ ਸਾਡੀ ਜਿੱਤ ਹੈ ।
ਮਾਨ ਪਾਰਟੀ ਦਫ਼ਤਰ ਤੋਂ ਪੰਜਾਬ ਦੇ ਪ੍ਰਭਾਰੀ ਅਤੇ ਵਿਧਾਇਕ ਜਰਨੈਲ ਸਿੰਘ ਦੇ ਨਾਲ ਮੀਡੀਆ ਦੇ ਰੂਬਰੂ ਸਨ। ਭਗਵੰਤ ਮਾਨ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਇਸ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕਰ ਰਹੀ ਸੀ ਅਤੇ ਅੱਜ ਉਹ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੋਵਾਂ ਨੇ ਪਹਿਲਾਂ ਇਸ ਬਿੱਲ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੂੰ ਇਸ ਕਿਸਾਨ ਵਿਰੋਧੀ ਬਿੱਲ ਨੂੰ ਉਸ ਸਮੇਂ ਰੋਕਣਾ ਚਾਹੀਦਾ ਹੈ ਸੀ, ਜਦੋਂ ਇਹ ਸ਼ੁਰੂਆਤੀ ਪੜਾਅ ਵਿੱਚ ਸੀ ਅਤੇ ਉਸ ਸਮੇਂ ਇਸ ਬਿੱਲ ਨੂੰ ਸੰਸਦ ਤੱਕ ਪਹੁੰਚਣ ਹੀ ਨਹੀਂ ਦੇਣਾ ਚਾਹੀਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਉਸ ਦਿਨ ਅਸਤੀਫ਼ਾ ਦੇਣਾ ਚਾਹੀਦਾ ਸੀ, ਜਦੋਂ ਕੇਂਦਰੀ ਕੈਬਿਨੇਟ ਵਿੱਚ ਇਹ ਬਿਲ ਆਇਆ ਸੀ ਅਤੇ ਉਹ ਮੌਜੂਦ ਸਨ, ਉਸ ਸਮੇਂ ਉਨ੍ਹਾਂ ਨੂੰ ਵਾਕਆਊਟ ਕਰਨਾ ਚਾਹੀਦਾ ਸੀ, ਪਰੰਤੂ ਉਸ ਸਮੇਂ ਉਨ੍ਹਾਂ ਨੇ ਸਹਿਮਤੀ ਦੇ ਦਿੱਤੀ। ਉੱਥੇ ਹੀ ਜਰਨੈਲ ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਨਾਲ ਬਾਦਲ ਦਲ ਅਤੇ ਕਾਂਗਰਸ ਦਾ ਅਸਲੀ ਚਿਹਰਾ ਕਿਸਾਨਾਂ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ। ਅਸੀਂ ਸੰਸਦ ਦੇ ਅੰਦਰ ਅਤੇ ਬਾਹਰ ਆਪਣਾ ਵਿਰੋਧ ਜਾਰੀ ਰੱਖਾਂਗੇ ਅਤੇ ਲੋਕਾਂ ਨੂੰ ਦੱਸਾਂਗੇ ਕਿ ਬਾਦਲ ਅਤੇ ਕਾਂਗਰਸ ਦੋਵੇਂ ਕਿਸਾਨ ਵਿਰੋਧੀ ਹਨ। ਜਰਨੈਲ ਸਿੰਘ ਦੇ ਅਨੁਸਾਰ ਇਹ ਆਰਡੀਨੈਂਸ ਕਾਂਗਰਸ ਦਾ ਹੀ ਬੀਜਿਆ ਹੋਇਆ ਬੀਜ ਹੈ, ਜਿਸ ਦਾ ਖਾਮਿਆਜਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ।
'ਆਪ' ਆਗੂਆਂ ਨੇ ਕਿਹਾ ਕਿ ਸਾਰਿਆਂ ਨੇ ਵੇਖਿਆ ਹੈ ਕਿ ਬੇਸ਼ੱਕ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਣ, ਕਿਸ ਤਰਾਂ ਪਿਛਲੇ ਕਈ ਮਹੀਨਿਆਂ ਤੋਂ ਇਸ ਐਮਐਸਪੀ ਆਰਡੀਨੈਂਸ ਦੀ ਵਕਾਲਤ ਕਰਦੇ ਰਹੇ ਹਨ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿਤ ਵਿੱਚ ਹੈ ਅਤੇ ਜਦੋਂ ਕਿਸਾਨਾਂ ਦਾ ਦਬਾਅ ਇਨ੍ਹਾਂ 'ਤੇ ਪਿਆ, ਤਾਂ ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਜੋ ਇਸ ਆਰਡੀਨੈਂਸ ਦੇ ਹੱਕ ਵਿੱਚ ਹੈ, ਉਹ ਕਿਸਾਨਾਂ ਦੇ ਖ਼ਿਲਾਫ਼ ਹੈ, ਤਾਂ ਕਿਸ ਤਰਾਂ ਅਕਾਲੀ ਦਲ ਦੇ ਆਗੂਆਂ ਨੇ ਗਿਰਗਟ ਦੀ ਤਰਾਂ ਰੰਗ ਬਦਲਿਆ ਹੈ, ਇਹ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ।
ਕਾਂਗਰਸ 'ਤੇ ਮੌਕਾਪ੍ਰਸਤੀ ਦਾ ਇਲਜ਼ਾਮ ਲਗਾਉਂਦੇ ਹੋਏ 'ਆਪ' ਆਗੂਆਂ ਨੇ ਕਿਹਾ ਕਿ ਇਸ ਆਰਡੀਨੈਂਸ ਲਈ ਚਰਚਾ ਕਰਨ ਲਈ ਜੋ ਹਾਈ ਪਾਵਰ ਕਮੇਟੀ ਬਣਾਈ ਗਈ ਸੀ, ਉਸ ਹਾਈ ਪਾਵਰ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਖ਼ੁਦ ਸ਼ਾਮਲ ਸਨ ਅਤੇ ਇਸ ਆਰਡੀਨੈਂਸ 'ਤੇ ਆਪਣੀ ਸਹਿਮਤੀ ਦਿੱਤੀ ਸੀ, ਇਸ ਦੇ ਨਾਲ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਖ਼ੁਦ ਜਾ ਕੇ ਇਸ ਆਰਡੀਨੈਂਸ ਦੀ ਸਿਫ਼ਾਰਿਸ਼ ਕਰ ਕੇ ਆਏ ਸਨ। ਇਨ੍ਹਾਂ ਲੀਡਰਾਂ ਦੇ ਵੀ ਅਸਲੀ ਚਿਹਰੇ ਜਨਤਾ ਦੇ ਸਾਹਮਣੇ ਆ ਚੁੱਕੇ ਹਨ।
ਭਗਵੰਤ ਮਾਨ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਬਾਦਲ ਪਰਿਵਾਰ ਪੰਜਾਬ ਦੇ ਕਿਸਾਨਾਂ ਨੂੰ ਇਸ ਆਰਡੀਨੈਂਸ ਉੱਤੇ ਸਹਿਮਤੀ ਜਤਾਉਣ ਲਈ ਤਰਾਂ-ਤਰਾਂ ਦੇ ਹੱਥਕੰਡੇ ਆਪਣਾ ਰਹੇ ਹਨ। ਕਦੇ ਨਰਿੰਦਰ ਸਿੰਘ ਤੋਮਰ ਨੂੰ ਚੰਡੀਗੜ੍ਹ ਬੁਲਾਇਆ ਜਾ ਰਿਹਾ ਹੈ, ਕਦੇ ਉਨ੍ਹਾਂ ਦੀ ਚਿੱਠੀ ਦਿਖਾਈ ਜਾ ਰਹੀ ਹੈ, ਕਦੇ ਪ੍ਰਕਾਸ਼ ਸਿੰਘ ਬਾਦਲ ਤੋਂ ਕਹਾਇਆ ਜਾ ਰਿਹਾ ਹੈ ਕਿ ਇਹ ਬਿੱਲ ਬਹੁਤ ਚੰਗਾ ਹੈ, ਕਿਸਾਨਾਂ ਦੀ ਭਲਾਈ ਲਈ ਹੈ, ਇਹ ਬਿੱਲ ਆਉਣਾ ਚਾਹੀਦਾ ਹੈ, ਕਦੇ ਹਰਸਿਮਰਤ ਕੌਰ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ, ਇਹ ਬਿੱਲ ਕਿਸਾਨਾਂ ਦੇ ਹਿਤ ਵਾਲਾ ਹੈ। ਜਦੋਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਬਾਦਲ ਪਰਿਵਾਰ ਨੂੰ ਜ਼ਮੀਨੀ ਹਕੀਕਤ ਪਤਾ ਚੱਲੀ ਤਾਂ ਇਸ ਮੁੱਦੇ 'ਤੇ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੇ ਯੂ-ਟਰਨ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿੱਚ ਇਹ ਕਿਹਾ ਸੀ, ਕਿ ਸਾਡੇ ਤੋਂ ਤਾਂ ਇਸ ਬਿੱਲ ਦੇ ਬਾਰੇ ਪੁੱਛਿਆ ਹੀ ਨਹੀਂ ਗਿਆ, ਜਦੋਂ ਕਿ ਪਿਛਲੇ 3 ਮਹੀਨੇ ਤੋਂ ਪੂਰਾ ਅਕਾਲੀ ਦਲ ਅਤੇ ਬਾਦਲ ਪਰਿਵਾਰ ਕਿਸਾਨਾਂ ਨੂੰ ਤਰਾਂ-ਤਰਾਂ ਦੇ ਹੱਥਕੰਡੇ ਨਾਲ ਇਸ ਆਰਡੀਨੈਂਸ 'ਤੇ ਸਹਿਮਤ ਕਰਨ ਲਈ ਜੱਦੋ-ਜਹਿਦ ਕਰ ਰਿਹਾ ਸੀ।
ਭਗਵੰਤ ਮਾਨ ਨੇ ਦੱਸਿਆ ਕਿ ਹੁਣੇ ਕੁੱਝ ਦਿਨ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਸਨ, ਕਿ ਇਸ ਆਰਡੀਨੈਂਸ ਨਾਲ ਐਮਐਸਪੀ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਅੱਜ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਦੀ ਇਸ ਆਰਡੀਨੈਂਸ ਦੇ ਆਉਣ ਨਾਲ ਐਮਐਸਪੀ ਬਰਬਾਦ ਹੋ ਜਾਵੇਗਾ ਅਤੇ ਖ਼ਤਮ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ (ਮਾਨ) ਬਾਦਲ ਪਰਿਵਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਘੱਟੋ ਘੱਟ ਝੂਠ ਬੋਲਣ ਸਮੇਂ ਤਾਂ ਆਪਸ ਵਿੱਚ ਸਲਾਹ-ਮਸ਼ਵਰਾ ਕਰ ਲਿਆ ਕਰੋ ।
ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਖ਼ਾਸ ਤੌਰ 'ਤੇ ਕੈਬਿਨੇਟ ਬੈਠਕ ਵਿਚ ਹਰਸਿਮਰਤ ਕੌਰ ਬਾਦਲ ਨੂੰ ਜਦੋਂ ਬਿਲ ਦਾ ਵਿਰੋਧ ਕਰਨਾ ਚਾਹੀਦਾ ਸੀ, ਉਸ ਸਮੇਂ ਅਕਾਲੀ ਦਲ ਨੇ ਆਰਡੀਨੈਂਸ ਦਾ ਸਮਰਥਨ ਕੀਤਾ ਅਤੇ ਹੁਣ ਕਿਸਾਨ ਸੜਕਾਂ 'ਤੇ ਉੱਤਰ ਆਏ, ਤਾਂ ਅਸਤੀਫ਼ਾ ਦੇਣ ਦਾ ਢੌਂਗ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਕਾਂਗਰਸ ਦੋ ਕਿਸ਼ਤੀਆਂ ਵਿੱਚ ਸਵਾਰ ਸਦਨ ਵਿੱਚ ਆਰਡੀਨੈਂਸ ਦਾ ਸਮਰਥਨ ਕਰ ਰਹੀ ਹੈ ਅਤੇ ਜਨਤਾ ਦੇ ਸਾਹਮਣੇ ਵਿਰੋਧ ਦਾ ਝੂਠਾ ਡਰਾਮਾ ਕਰ ਰਹੀ ਹੈ।
ਮਾਨ ਨੇ ਅਮਰਿੰਦਰ ਸਿੰਘ ਨੂੰ ਝੂਠਾ 'ਰਾਜਾ' ਦੱਸਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਨਾਂ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ, ਨਾ ਹੀ ਕਿਸੇ ਨੂੰ ਨੌਕਰੀ ਦਿੱਤੀ ਗਈ ਅਤੇ ਨਾ ਹੀ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਰੁਕੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਜਦੋਂ ਸਦਨ ਦੇ ਪਟਲ (ਫਲੌਰ) ਉੱਤੇ ਇਹ ਬਿੱਲ ਰੱਖਿਆ ਜਾਵੇਗਾ ਤਾਂ ਇੱਕ ਵਾਰ ਫਿਰ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਮਗਰਮੱਛ ਦੇ ਹੰਝੂ ਬਹਾਏ ਜਾਣਗੇ, ਝੂਠਾ ਵਿਰੋਧ ਕਰਨ ਦਾ ਢੌਂਗ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜੀ ਸੀ ਅਤੇ ਅੱਜ ਵੀ ਸਦਨ ਦੇ ਅੰਦਰ ਅਤੇ ਬਾਹਰ ਸੜਕਾਂ ਉੱਤੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਅੱਗੇ ਵੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੇਗੀ।
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਦੀ ਆਪਸ ਵਿਚ ਮਿਲੀਭੁਗਤ ਹੈ, ਅੰਦਰ ਤੋਂ ਕੁੱਝ ਹੋਰ ਅਤੇ ਬਾਹਰ ਤੋਂ ਕੁੱਝ ਹੋਰ। ਉਨ੍ਹਾਂ ਨੇ ਕਿਹਾ ਕਿਉਂਕਿ ਕੇਂਦਰ ਸਰਕਾਰ ਕੋਲ ਲੋਕ ਸਭਾ ਵਿੱਚ ਬਹੁਮਤ ਹੈ, ਤਾਂ ਲੋਕ ਸਭਾ ਵਿੱਚ ਇਹ ਪ੍ਰਸਤਾਵ ਪਾਸ ਹੋਣਾ ਹੀ ਹ, ਪਰੰਤੂ ਜੇਕਰ ਠੀਕ ਮਾਅਨੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਮਿਲ ਕੇ ਰਾਜ ਸਭਾ ਵਿੱਚ ਇਸ ਬਿਲ ਦਾ ਵਿਰੋਧ ਕਰਨ, ਕਿਉਂਕਿ ਰਾਜ ਸਭਾ ਵਿੱਚ ਕੇਂਦਰ ਸਰਕਾਰ ਦੇ ਕੋਲ ਬਹੁਮਤ ਨਹੀਂ ਹੈ, ਤਾਂ ਰਾਜ ਸਭਾ ਵਿੱਚ ਇਸ ਬਿਲ ਨੂੰ ਰੋਕਿਆ ਜਾ ਸਕਦਾ ਹੈ ।
No comments:
Post a Comment