ਨਵੀਂ ਦਿੱਲੀ, 29 ਨਵੰਬਰ :
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਵਿਚ ਭਾਜਪਾ ਦੇ ਮੁੱਖ ਮੰਤਰੀ ਹਨ। ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਨ ਵਿਚ ਭਾਜਪਾ ਦੇ ਬਰਾਬਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ਿੰਮੇਵਾਰ ਹਨ। ਪੀਐਮ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਚ ਗੱਠਜੋੜ ਅਤੇ ਦੋਸਤੀ ਹੈ, ਜਿਸ ਦੇ ਚੱਲਦਿਆਂ ਦੇਸ਼ ਦੇ ਕਿਸਾਨਾਂ ਨੂੰ ਠਗਿਆ ਜਾ ਰਿਹਾ ਹੈ। ਕਾਂਗਰਸ ਨੇ 2019 ਦੇ ਚੋਣ ਮੈਨੀਫੈਸਟੋ ਵਿਚ ਕੇਂਦਰ ਦੀ ਸੱਤਾ ਵਿਚ ਆਉਣ ਉੱਤੇ ਏਪੀਐਮਸੀ ਮਾਰਕੀਟ ਨੂੰ ਖ਼ਤਮ ਕਰਨ ਅਤੇ ਮੋਦੀ ਸਰਕਾਰ ਲਈ ਲਿਆਂਦੇ ਗਏ ਤਿੰਨਾਂ ਕਾਲੇ ਕਾਨੂੰਨਾਂ ਦੀਆਂ ਸਾਰੀਆਂ ਗੱਲਾਂ ਕਹੀਆਂ ਸਨ। ਮੋਦੀ ਸਰਕਾਰ ਨੇ ਕਾਲੇ ਕਾਨੂੰਨ ਨੂੰ ਲਿਆਉਣ ਤੋਂ ਪਹਿਲਾਂ ਹਾਈਪਾਵਰ ਕਮੇਟੀ ਬਣਾ ਕੇ ਚਰਚਾ ਕੀਤੀ ਸੀ, ਇਸ ਕਮੇਟੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਪਾਸ ਦੀ ਸਹਿਮਤੀ ਦਿੱਤੀ ਸੀ। ਰਾਘਵ ਚੱਢਾ ਨੇ ਕਿਹਾ ਕਿ ਅੱਜ ਦੇਸ਼ ਵਿਚ ਦੋ ਤਸਵੀਰਾਂ ਹਨ, ਇੱਕ ਪਾਸੇ ਪੰਜਾਬ ਦੇ ਫ਼ੌਜੀ ਸੁਖਬੀਰ ਸਿੰਘ ਦੋ ਦਿਨ ਪਹਿਲਾਂ ਦੇਸ਼ ਲਈ ਸ਼ਹੀਦ ਹੋ ਗਿਆ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਿਸਾਨ ਪਿਤਾ ਦਿੱਲੀ-ਹਰਿਆਣਾ ਬਾਰਡਰ ਉੱਤੇ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਕਿਸਾਨ ਦਿੱਲੀ ਵਿਚ ਜਿੱਥੇ ਵੀ ਅੰਦੋਲਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇ। ਆਮ ਆਦਮੀ ਪਾਰਟੀ ਲੰਗਰ ਤੋਂ ਲੈ ਕੇ ਲਾਠੀ ਤੱਕ ਦੇਸ਼ ਦੇ ਕਿਸਾਨਾਂ ਨਾਲ ਹੈ, ‘ਆਪ’ ਕਿਸਾਨਾਂ ਦੀ ਸੇਵਾਦਾਰ ਦੀ ਤਰ੍ਹਾਂ ਪੂਰੀ ਸੇਵਾ ਕਰੇਗੀ ਅਤੇ ਉਨ੍ਹਾਂ ਦੇ ਖਾਣੇ, ਰਹਿਣ ਤੇ ਪਾਣੀ ਆਦਿ ਦਾ ਸਾਰਾ ਪ੍ਰਬੰਧ ਕਰੇਗੀ।ਪਾਰਟੀ ਮੁੱਖ ਦਫ਼ਤਰ ਵਿਚ ਆਯੋਜਿਤ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਮੀਡੀਆ ਰਾਹੀਂ ਦੇਸ਼ ਦੇ ਲੋਕਾਂ ਸਾਹਮਣੇ ਕੁੱਝ ਅਜਿਹੇ ਤੱਥ ਰੱਖਣ ਜਾ ਰਹੀ ਹੈ, ਜਿਸ ਤੋਂ ਇਹ ਸਪੱਸ਼ਟ ਹੋ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਵਿਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਅਸੀਂ ਦੇਖ ਰਹੇ ਹਨ ਕਿ ਕਿਵੇਂ ਸੜਕਾਂ ਉੱਤੇ ਉਤਰ ਕੇ ਕਿਸਾਨ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਹਨ। ਕੇਂਦਰ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿਰੋਧ, ਪ੍ਰਦਰਸ਼ਨ ਨੂੰ ਰੋਕਣ ਵਿਚ ਜਿੰਨੀ ਭਾਗੀਦਾਰੀ ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਹੈ, ਉਨੀਂ ਹੀ ਭਾਗੀਦਾਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਮਿਲ ਕੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਸੀ ਕਿ ਜਦੋਂ ਤਮਾਮ ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਕਈ ਹਫ਼ਤੇ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ 26 ਨਵੰਬਰ ਨੂੰ ਅਸੀਂ ਦਿੱਲੀ ਜਾ ਕੇ ਆਪਣੀ ਗੱਲ ਰੱਖਾਂਗੇ, ਤਮਾਮ ਕਿਸਾਨ ਸੰਗਠਨਾਂ ਅਤੇ ਕਿਸਾਨ ਭਾਈ ਭੈਣ ਤਿਆਰ ਹੋ ਜਾਣ। ਪਰੰਤੂ ਕੈਪਟਨ ਅਮਰਿੰਦਰ ਸਿੰਘ ਉਸ ਪ੍ਰਦਰਸ਼ਨ, ਵਿਰੋਧ ਦੀ ਅਗਵਾਈ ਕਰਨ ਲਈ ਵੀ ਅੱਗੇ ਨਹੀਂ ਆਏ।
ਰਾਘਵ ਚੱਢਾ ਨੇ ਕਿਹਾ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਜਦੋਂ ਦੇਸ਼ ਦਾ ਕਿਸਾਨ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਕੋਲ ਆਪਣਾ ਵਿਰੋਧ ਦਰਜ ਕਰਾਉਣ ਦੇ ਅਧਿਕਾਰ ਦੀ ਲੜਾਈ ਲੜ ਰਿਹਾ ਹੈ। ਕਿਸਾਨ ਕਹਿ ਰਿਹਾ ਹੈ ਕਿ ਦਿੱਲੀ ਵਿਚ ਆਪਣੇ ਮਨ ਮੁਤਾਬਿਕ ਸਥਾਨ ਉੱਤੇ ਜਾ ਕੇ ਆਪਣੀ ਗੱਲ ਰੱਖਣਾ ਚਹੁੰਦੇ ਹਨ ਅਤੇ ਤੁਹਾਨੂੰ ਮਿਲਣਾ ਚਾਹੁੰਦੇ ਹਨ। ਪਰੰਤੂ ਦੇਸ਼ ਦੇ ਕਿਸਾਨ ਨੂੰ ਅਮਿਤ ਸ਼ਾਹ, ਮੋਦੀ ਜੀ ਅਤੇ ਭਾਰਤੀ ਜਨਤਾ ਪਾਰਟੀ ਆਗਿਆ ਨਹੀਂ ਦੇ ਰਹੀ। ਉਹ ਕਿਸਾਨਾਂ ਨੂੰ ਪਿੰਜਰੇ ਵਿਚ ਬੰਦ ਕਰਨਾ ਚਾਹੁੰਦੇ ਹਨ।
ਚੱਢਾ ਨੇ ਕਿਹਾ ਕਿ ਅਸੀਂ ਸਾਫ ਤੌਰ ਉੱਤੇ ਕਹਿਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨਾਲ ਖੜੀ ਹੈ। ਦਿੱਲੀ ਵਿਚ ਜਿਸ ਵੀ ਥਾਂ ਉੱਤੇ ਸਾਡੇ ਦੇਸ਼ ਦਾ ਕਿਸਾਨ ਆ ਕੇ ਆਪਣਾ ਵਿਰੋਧ ਦਰਜ ਕਰਾਉਣਾ ਚਾਹੁੰਦਾ ਹੈ, ਉਥੇ ਉਨ੍ਹਾਂ ਨੂੰ ਆਗਿਆ ਮਿਲਣੀ ਚਾਹੀਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਆਮ ਆਦਮੀ ਪਾਰਟੀ ਦੀ ਸਰਕਾਰ, ਸੇਵਾਦਾਰ ਦੀ ਭੂਮਿਕਾ ਨਿਭਾਏਗੀ। ਜਿੱਥੇ ਵੀ ਕਿਸਾਨ ਆਉਣਾ ਚਾਹੁੰਦੇ ਹਨ ਕੇਜਰੀਵਾਲ ਸਰਕਾਰ ਦੇਸ਼ ਦੇ ਕਿਸਾਨਾਂ ਦੀ ਪੂਰੀ ਸੇਵਾ ਤੇ ਮੇਜ਼ਬਾਨੀ ਕਰੇਗੀ। ਅਸੀਂ ਦੇਸ਼ ਦੇ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਇਸ ਦੀ ਇਸ ਇਨਕਲਾਬ ਦੀ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ।
No comments:
Post a Comment