ਡੀਗੜ੍ਹ, 19 ਨਵੰਬਰ : ਝੋਨਾ ਮਾਫ਼ੀਆ ਵੱਲੋਂ ਕੈਪਟਨ ਸਰਕਾਰ ਦੇ ਮੰਤਰੀਆਂ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਉੱਤੇ ਦੇ ਹੱਕਾਂ ਉੱਤੇ ਡਾਕਾ ਮਾਰਦਿਆਂ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਲਿਆ ਕੇ ਝੋਨਾ ਵੇਚਣ ਦੀਆਂ ਘਟਨਾਵਾਂ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਨੂੰ ਕਿਹਾ ਕਿ ਦੂਸਰੇ ਰਾਜਾਂ ਤੋਂ ਝੋਨੇ ਦੀ ਕੀਤੀ ਜਾ ਰਹੀ ਤਸਕਰੀ ਦੇ ਪਿੱਛੇ ਕੈਪਟਨ ਸਰਕਾਰ ਦੇ ਮੰਤਰੀ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਅਧੀਨ ਹੀ ਇਹ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ 'ਤੇ ਲੱਗੀ ਹੋਈ ਹੈ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਵੀ ਕਿਸਾਨਾਂ ਦੇ ਹੱਕਾਂ ਉੱਤੇ ਡਾਕਾ ਮਾਰਨ ਤੋਂ ਗੁਰੇਜ਼ ਨਹੀਂ ਕਰਦੇ।
ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਇੱਕ ਬਿਆਨ ਵਿੱਚ ਸੰਧਵਾਂ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਝੋਨੇ ਦੀ ਤਸਕਰੀ ਅਜਿਹੇ ਸਮੇਂ ਹੋ ਰਹੀ ਹੈ। ਜਦੋਂ ਪੰਜਾਬ ਦਾ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਧੱਕੇ ਨਾਲ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੜਕਾਂ 'ਤੇ ਮੁਜ਼ਾਹਰੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਝੋਨਾ ਤਸਕਰਾਂ ਦਾ ਇਹ ਕਾਰਜ ਨਾ ਤਾਂ ਇਖ਼ਲਾਕੀ ਅਤੇ ਨਾ ਹੀ ਕਾਨੂੰਨੀ ਤੌਰ 'ਤੇ ਜਾਇਜ਼ ਹੈ ਕਿਉਂਕਿ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਨਾਲ ਧੱਕਾ ਕਰਨਾ ਅਤਿਅੰਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਉਨ੍ਹਾਂ ਦੇ ਕਿਰਦਾਰ ਨੂੰ ਨੰਗਾ ਕਰਦੀ ਹੈ।
ਇਸ ਬਾਰੇ ਤੱਥ ਪੇਸ਼ ਕਰਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ ਹੁਣ ਤਕ ਕੋਈ ਚਾਲੀ ਲੱਖ ਕੁਇੰਟਲ ਝੋਨਾ ਬਿਹਾਰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਤੋਂ ਪੰਜਾਬ ਵਿੱਚ ਆ ਚੁੱਕਾ ਹੈ, ਜੋ ਕਿ ਉੱਥੇ ਘੱਟ ਰੇਟਾਂ ਤੇ ਖ਼ਰੀਦ ਕੇ ਪੰਜਾਬ ਵਿੱਚ ਮਹਿੰਗੇ ਭਾਅ ਉੱਤੇ ਵੇਚਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੁਆਰਾ ਰੇਤਾ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਨਸ਼ਾ ਮਾਫ਼ੀਆ ਆਦਿ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇੱਕ ਹੋਰ ਝੋਨਾ ਮਾਫ਼ੀਆ ਨੂੰ ਜਨਮ ਦੇ ਕੇ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਅੱਗੇ ਤੋਰਨ ਦਾ ਕਾਰਜ ਕੀਤਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਝੋਨੇ ਦੀ ਇਹ ਕਾਲਾ ਬਾਜ਼ਾਰੀ ਪੰਜਾਬ ਦੇ ਮਾਲਵਾ ਖੇਤਰ ਜਿਨ੍ਹਾਂ ਵਿੱਚ ਸੰਗਰੂਰ, ਲੁਧਿਆਣਾ, ਮੁਕਤਸਰ ਅਤੇ ਮਾਝਾ ਖੇਤਰ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲਿਆਂ ਵਿਚ ਵੱਧ ਹੋਈ ਹੈ। ਜਿਸ ਵਿੱਚ ਇਨ੍ਹਾਂ ਖੇਤਰਾਂ ਨਾਲ ਸਬੰਧਿਤ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੀਆਂ ਖ਼ਬਰਾਂ ਵੀ ਨਸ਼ਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਸੂਬੇ ਵਿੱਚ ਬਾਹਰਲੇ ਰਾਜਾਂ ਤੋਂ ਆ ਕੇ ਝੋਨਾ ਵਿਕਣਾ ਸੂਬੇ ਦੀ ਪੁਲੀਸ ਅਤੇ ਬਾਕੀ ਤੰਤਰ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਬੇਕਸੂਰ ਤੇ ਗ਼ਰੀਬ ਲੋਕਾਂ ਖ਼ਿਲਾਫ਼ ਕਾਨੂੰਨ ਦੀ ਧੌਂਸ ਜਮਾਉਣ ਵਾਲੇ ਅਧਿਕਾਰੀ ਹੁਣ ਝੋਨੇ ਦੀ ਬੇਰੋਕ ਟੋਕ ਸਮਗਲਿੰਗ ਉੱਥੇ ਚੁੱਪ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਮ ਕਿਸਾਨ ਮਜਬੂਰੀ ਵੱਸ ਵੀ ਕਾਨੂੰਨਾਂ ਦੇ ਜ਼ਰਾ ਵੀ ਖ਼ਿਲਾਫ਼ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਜਦੋਂਕਿ ਅਜਿਹੇ ਮਾਫ਼ੀਆ ਖ਼ਿਲਾਫ਼ ਕੋਈ ਆਵਾਜ਼ ਵੀ ਨਹੀਂ ਚੁੱਕ ਰਿਹਾ।
ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਤੇ ਮੰਡੀ ਬੋਰਡ ਦੇ ਨਿਕੰਮੇ ਢਾਂਚੇ ਕਾਰਨ ਬਹੁਤ ਨੁਕਸਾਨ ਝੱਲ ਚੁੱਕੇ ਹਨ ਅਤੇ ਅਜਿਹੇ ਹਾਲਤਾਂ ਵਿੱਚ ਉਨ੍ਹਾਂ ਦਾ ਝੋਨਾ ਛੱਡ ਕੇ ਬਾਹਰਲੇ ਰਾਜਾਂ ਤੋਂ ਆ ਰਹੇ ਝੋਨੇ ਦੀ ਖ਼ਰੀਦ ਕਰਨ ਨਾਲ ਉਨ੍ਹਾਂ ਉੱਥੇ ਹੋਰ ਵੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਰਾਜਾਂ ਤੋਂ ਆਏ ਝੋਨੇ ਖ਼ਰੀਦਣ ਨਾਲ ਪੰਜਾਬ ਲਈ ਜਾਰੀ ਕੀਤੀ ਸੀ ਸੀ ਐੱਲ ਲਿਮਿਟ ਹੋਣ ਖ਼ਤਮ ਹੋਣ ਦੀ ਕਗਾਰ 'ਤੇ ਹੈ। ਜਿਸ ਕਾਰਨ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੀਆਂ ਮੰਡੀਆਂ ਬੰਦ ਕਰ ਰਹੀ ਸੀ, ਪ੍ਰੰਤੂ ਆਮ ਆਦਮੀ ਪਾਰਟੀ ਅਤੇ ਕਿਸਾਨ ਸੰਗਠਨਾਂ ਦੇ ਵਾਹ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮਹਿਲ ਵਿੱਚੋਂ ਬਾਹਰ ਨਿਕਲ ਕੇ ਪੰਜਾਬ ਦੇ ਲੋਕਾਂ ਦੇ ਹਾਲਾਤ ਜਾਣਨ ਦੀ ਗੁਜ਼ਾਰਿਸ਼ ਕਰਦਿਆਂ ਸੰਧਵਾਂ ਨੇ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਇਸ ਮੁਸ਼ਕਲ ਵਕਤ ਵਿੱਚ ਉਨ੍ਹਾਂ ਨਾਲ ਖੜਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਕਿਸਾਨਾਂ ਅਤੇ ਹੋਰ ਵਰਗਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੀ ਰਹੇਗੀ ਅਤੇ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਘੇਰ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਕਾਰਜ ਜਾਰੀ ਰੱਖੇਗੀ।
No comments:
Post a Comment