ਚੰਡੀਗੜ੍ਹ, 20 ਨਵੰਬਰ : ਸਾਬਕਾ ਅਕਾਲੀ ਸਰਪੰਚ ਤੇ ਮੌਜੂਦਾ ਕਾਂਗਰਸੀ ਆਗੂ ਗੁਰਦੀਪ ਸਿੰਘ ਰਾਣੋ ਨਾਲ ਸਬੰਧਿਤ ਨਸ਼ਾ ਤਸਕਰੀ ਦੇ ਕੇਸ ਵਿੱਚ ਹਵਾਲਾ ਦੇ ਰਾਹੀਂ ਕੈਨੇਡਾ ਅਮਰੀਕਾ ਆਦਿ ਦੇਸ਼ਾਂ ਤੋਂ ਹੁੰਦੀ ਫੰਡਿੰਗ ਦੇ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਕੇਸ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿਖੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕਿਉਂ ਜੋ ਤਸਕਰ ਰਾਣੋ ਦੇ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਅੰਕਿਤ ਬਾਂਸਲ ਨਾਲ ਗੂੜ੍ਹੇ ਸਬੰਧ ਹਨ ਇਸ ਲਈ ਜਾਂਚ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਨੂੰ ਫ਼ੌਰੀ ਤੌਰ ਤੇ ਆਪਣੇ ਓਐੱਸਡੀ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵਿੱਚ ਵੀ ਰਾਜਨੀਤਕ ਆਗੂਆਂ ਦੀ ਸ਼ਹਿ ਕਾਰਨ ਨਸ਼ਾ ਤਸਕਰਾਂ ਖਲਿਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਮੌਜੂਦਾ ਸਰਕਾਰ ਦੇ ਸਮੇਂ ਵੀ ਉਸੇ ਲੜੀ ਨੂੰ ਹੀ ਅੱਗੇ ਤੋਰਿਆ ਜਾ ਰਿਹਾ ਹੈ।
ਹੇਅਰ ਨੇ ਕਿਹਾ ਕਿ ਪਹਿਲਾਂ ਅਕਾਲੀ ਅਤੇ ਹੁਣ ਕਾਂਗਰਸੀ ਆਗੂਆਂ ਨਾਲ ਰਾਣੋ ਦੇ ਨਿੱਜੀ ਸੰਬੰਧਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਅਤੇ ਟੀ ਵੀ ਅਖ਼ਬਾਰਾਂ ਵਿੱਚ ਆ ਚੁੱਕੀਆਂ ਹਨ ਅਤੇ ਅਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਪ੍ਰਮੁੱਖ ਸਿਆਸੀ ਆਗੂ ਰਾਣੋ ਨਾਲ ਉਨ੍ਹਾਂ ਦੀ ਗੱਡੀ ਵਿੱਚ ਘੁੰਮਦੇ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਲੋਕ ਡਾਊਨ ਦੌਰਾਨ ਰਾਣੋ ਦੁਆਰਾ ਬੇਰੋਕ ਟੋਕ ਪੂਰੇ ਪੰਜਾਬ ਵਿੱਚ ਘੁੰਮ ਕੇ ਨਸ਼ਾ ਵੇਚਣ ਦੀਆਂ ਖ਼ਬਰਾਂ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰ ਰਾਣੋ ਅਤੇ ਕੈਪਟਨ ਦੇ ਓ ਐੱਸ ਡੀ ਅੰਕਿਤ ਬਾਂਸਲ ਦੇ ਫ਼ੋਨ ਕਾਲ ਦੀ ਡਿਟੇਲ ਦੀ ਵੀ ਜਾਂਚ ਕੀਤੀ ਜਾਵੇ ਅਤੇ ਇਸ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਈਡੀ ਵੱਲੋਂ ਰਾਣੋ ਅਤੇ ਬਾਂਸਲ ਵੱਲੋਂ ਨਸ਼ੇ ਦੇ ਪੈਸੇ ਨਾਲ ਇਕੱਠਿਆਂ ਬਣਾਈਆਂ ਗਈਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਉੱਪਰ ਵਰ੍ਹਦਿਆਂ ਹੇਅਰ ਨੇ ਕਿਹਾ ਕਿ ਉਹ ਹੁਣ ਆਪਣੀ ਨੀਂਦ ਵਿੱਚੋਂ ਜਾਗਣ ਅਤੇ ਪੰਜਾਬ ਵਿਚ ਧੜੱਲੇ ਨਾਲ ਹੋ ਰਹੇ ਨਸ਼ੇ ਦੇ ਵਪਾਰ ਬਾਰੇ ਮੂੰਹ ਖੋਲ੍ਹਣ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੇਰੁਜ਼ਗਾਰੀ ਅਤੇ ਗ਼ਰੀਬੀ ਨਾਲ ਝੰਬਿਆ ਨੌਜਵਾਨ ਨਸ਼ੇ ਤਸਕਰਾਂ ਦੇ ਜਾਲ ਵਿੱਚ ਫਸ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਸ਼ਾਹੀ ਮਹਿਫ਼ਲਾਂ ਵਿੱਚ ਮਸਰੂਫ਼ ਹਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਗ੍ਰਹਿ ਵਿਭਾਗ ਦੀ ਮੁਖੀ ਹੋਣ ਦੇ ਨਾਤੇ ਨਸ਼ਾ ਤਸਕਰ ਰਾਣੋ ਨੂੰ ਦਿੱਤੀ ਗਈ ਸਰਕਾਰੀ ਸੁਰੱਖਿਆ ਬਾਰੇ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਜਦੋਂ ਇੱਕ ਪਾਸੇ ਕੋਰੋਨਾ ਕਾਲ ਦੇ ਦੌਰਾਨ ਪੰਜਾਬ ਦੇ ਅਨੇਕਾਂ ਰਾਜਨੀਤਕ ਅਤੇ ਹੋਰ ਸੁਰੱਖਿਆ ਦੇ ਹੱਕਦਾਰ ਵਿਅਕਤੀਆਂ ਕੋਲੋਂ ਸੁਰੱਖਿਆ ਵਾਪਸ ਲੈ ਲਈ ਗਈ ਸੀ ਤਾਂ ਰਾਣੋ ਦੀ ਸੁਰੱਖਿਆ ਕਿਸ ਆਧਾਰ ਤੇ ਅਤੇ ਕਿਸ ਦੇ ਕਹਿਣ ਤੇ ਜਿਉਂ ਦੀ ਤਿਉਂ ਰੱਖੀ ਗਈ।
No comments:
Post a Comment