ਚੰਡੀਗੜ੍ਹ, 24 ਦਸੰਬਰ : "ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮੋਦੀ ਸਰਕਾਰ ਦੀ ਬੋਲੀ ਬੋਲਦੇ ਹੋਏ ਕਿਸਾਨ ਅੰਦੋਲਨ ਚ' ਸੇਵਾਦਾਰ ਬਣ ਕੇ ਕਾਰਜ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਝੂਠੀ ਅਤੇ ਨਿਰਆਧਾਰ ਬਿਆਨਬਾਜ਼ੀ ਕਰਕੇ ਨਿਸ਼ਾਨਾ ਬਣਾ ਰਹੇ ਹਨ। ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਕਾਲੇ ਕਾਨੂੰਨ ਲਿਆਉਣ ਵਿੱਚ ਉਨ੍ਹਾਂ ਦਾ ਸਾਥ ਦੇਣ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਣ ਵਾਲੇ ਵਾਲੇ ਪ੍ਰਧਾਨ ਮੰਤਰੀ ਖਿਲਾਫ ਆਪਣੀ ਜ਼ੁਬਾਨ ਵੀ ਨਹੀਂ ਖੋਲ੍ਹ ਰਹੇ।" ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਵਘ ਚੱਢਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕੀਤਾ।
ਰਾਘਵ ਚੱਢਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ , ਅਰਵਿੰਦ ਕੇਜਰੀਵਾਲ ਖਿਲਾਫ ਵਿਅਕਤੀਗਤ ਬਿਆਨਬਾਜ਼ੀ ਕਰਦੇ ਹੋਏ ਊਲ-ਜਲੂਲ ਬੋਲ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕੀ ਉਹ ਦੱਸ ਸਕਦੇ ਹਨ ਕਿ ਕੇਜਰੀਵਾਲ ਨੇ ਅਜਿਹਾ ਕੀ ਅਪਰਾਧ ਕੀਤਾ ਹੈ, ਜੋ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ? ਕੀ ਅਰਵਿੰਦ ਕੇਜਰੀਵਾਲ ਦਾ ਇਹ ਦੋਸ਼ ਹੈ ਕਿ ਉਨ੍ਹਾਂ ਕਿਸਾਨਾਂ ਦਾ ਇਕ ਸੇਵਾਦਾਰ ਬਣਕੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ। ਕੀ ਕੇਜਰੀਵਾਲ ਦਾ ਇਹ ਦੋਸ਼ ਹੈ ਕਿ ਉਨ੍ਹਾਂ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਨਾ ਬਣਾਕੇ ਕਿਸਾਨਾਂ ਨੂੰ ਅੰਦਰ ਡੱਕਣ ਨਹੀਂ ਦਿੱਤਾ? ਜੇਕਰ ਕੈਪਟਨ ਸਾਹਿਬ ਨੂੰ ਕੇਜਰੀਵਾਲ ਵੱਲੋਂ ਕੀਤਾ ਗਿਆ ਇਹ ਕੰਮ ਦੋਸ਼ ਲਗਦਾ ਹੈ ਤਾਂ ਜੀਅ ਸਦਕੇ ਉਹ ਉਨ੍ਹਾਂ ਖਿਲਾਫ ਬੋਲਣ ਅਤੇ ਇਸਦਾ ਜਵਾਬ ਪੰਜਾਬ ਦੇ ਲੋਕ ਦੇਣਗੇ। ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਡੱਟੀ ਹੋਈ ਹੈ ਅਤੇ ਡਟੀ ਰਹੇਗੀ।
ਰਾਘਵ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਹਾਈ ਪਾਵਰ ਕਮੇਟੀ ਦਾ ਮੈਂਬਰ ਹੁੰਦੇ ਹੋਏ ਅਜਿਹੇ ਕਾਲੇ ਕਾਨੂੰਨਾਂ ਉੱਤੇ ਸਹਿਮਤੀ ਕਿਉਂ ਦਿੱਤੀ? ਕੈਪਟਨ ਨੇ ਜਦੋਂ ਇਹ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਤਾਂ ਪੰਜਾਬ ਦੇ ਲੋਕਾਂ ਨੂੰ ਅਗਾਊਂ ਜਾਣਕਾਰੀ ਕਿਉਂ ਨਹੀਂ ਦਿੱਤੀ? ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਸਰਕਾਰ ਸੂਬੇ ਵਿੱਚ ਉਹ ਕੁਝ ਹੀ ਕਰ ਰਹੀ ਹੈ ਜੋ ਕੇਂਦਰ 'ਚ ਮੋਦੀ ਸਰਕਾਰ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੋਣ ਤੋਂ ਦੇਖਿਆ ਜਾਵੇ ਤਾਂ ਕੈਪਟਨ ਸਰਕਾਰ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰ ਹੱਥ ਕੰਢਾ ਵਰਤ ਰਹੀ ਹੈ। ਕਾਂਗਰਸ ਵੱਲੋਂ ਕਿਸਾਨ ਅੰਦੋਲਨ ਦੇ ਬਰਾਬਰ ਉਸੇ ਦਿਨ ਹੀ ਆਪਣਾ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਹੈ ਤਾਂ ਜੋ ਕਿਸਾਨਾਂ ਵੱਲੋਂ ਦਿੱਤੇ ਗਏ ਸੰਘਰਸ਼ ਦੇ ਪ੍ਰੋਗਰਾਮ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ 'ਚ ਕਾਂਗਰਸੀ ਐਮ ਐਲ ਏ ਤੇ ਐਮ ਪੀ ਵੱਲੋਂ ਦਿੱਤਾ ਜਾ ਰਿਹਾ ਧਰਨਾ ਵੀ ਇਸ ਦੀ ਇਕ ਕੜੀ ਹੈ, ਜੋ ਕਿਸਾਨਾਂ ਦੇ ਬਰਾਬਰ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਦੇ ਵੀ ਆਪਣਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਸਗੋਂ ਕਿਸਾਨਾਂ ਦੇ ਦਿੱਤੇ ਗਏ ਪ੍ਰੋਗਰਾਮ ਨੂੰ ਹੀ ਕਾਮਯਾਬ ਕਰਨ ਲਈ ਕੰਮ ਕਰਦੀ ਹੈ।
ਰਾਘਵ ਚੱਢਾ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਿਸਾਨ ਅੰਦੋਲਨ ਇਕ ਕਿਸਾਨਾਂ ਦਾ ਅੰਦੋਲਨ ਹੈ ਇਸ ਨੂੰ ਰਾਜਨੀਤਿਕ ਐਨਕ ਲਾ ਕੇ ਵੀ ਦੇਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ 'ਆਪ' ਦੀ ਸਰਕਾਰ ਹੈ ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਜੋ ਆਮ ਆਦਮੀ ਪਾਰਟੀ 'ਸੇਵਾਦਾਰ' ਬਣਕੇ ਆਪਣੀ ਭੂਮਿਕਾ ਨਿਭਾਅ ਰਹੀ ਹੈ, ਨਾ ਕਿ ਰਾਜਨੀਤਿਕ ਪਾਰਟੀ ਬਣਕੇ।
ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਜਾਣਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਨਹੀਂ ਕੌਮੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਮਿੱਲੇ ਸਨ, ਇਹ ਸਿੱਧ ਕਰਦਾ ਹੈ ਕਿ ਉਨ੍ਹਾਂ ਕਿਸਾਨਾਂ ਦਾ ਮਸਲਾ ਕਦੇ ਕੇਂਦਰ ਸਰਕਾਰ ਕੋਲ ਨਹੀਂ ਉਠਾਇਆ। ਕੈਪਟਨ ਸਾਹਿਬ ਕਹਿ ਰਹੇ ਹਨ ਕਿ ਸਾਨੂੰ ਬਦਨਾਮ ਕੀਤਾ ਜਾ ਰਹਾ ਹੈ ਕਿ ਸਾਡਾ ਕੋਈ ਈ.ਡੀ. ਕੋਲ ਕੇਸ ਨਹੀਂ ਹੈ, ਤਾਂ ਕੀ ਕੈਪਟਨ ਸਾਹਿਬ ਦੱਸਣਗੇ ਉਨ੍ਹਾਂ ਦੇ ਪੁੱਤਰ ਈਡੀ ਦੇ ਦਫ਼ਤਰ ਦੇ ਚੱਕਰ ਕਿਉਂ ਕੱਢਦੇ ਹਨ? ਅਸਲ 'ਚ ਸੱਚ ਇਹ ਹੈ ਕਿ ਇਨ੍ਹਾਂ ਵੱਲੋਂ ਕੀਤੇ ਗਏ ਘਪਲਿਆਂ ਦੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਕਰਕੇ ਹੀ ਇਹ ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਹੁੰਦੇ ਹੋਏ ਵੀ ਭਾਜਪਾਈ ਮੁੱਖ ਮੰਤਰੀ ਵਾਂਗ ਕੰਮ ਕਰ ਰਹੇ ਹਨ।
No comments:
Post a Comment