SBP GROUP

SBP GROUP

Search This Blog

Total Pageviews

ਚੰਡੀਗੜ੍ਹ ਯੂਨੀਵਰਸਿਟੀ ਵਿਖੇ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

 ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 27 ਫਰਵਰੀ:

ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼ਾ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੇ ਦੂਜੇ ਦਿਨ ਲੜਕੇ-ਲੜਕੀਆਂ ਦੀਆਂ ਟੀਮਾਂ ਦੇ ਫ਼ਸਵੇਂ ਮੁਕਾਬਲੇ ਵੇਖਣ ਨੂੰ ਮਿਲੇ।ਵੁਸ਼ੂ ਐਸੋਸੀਅਨ ਆਫ਼ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਅਤੇ ਰੈਫ਼ਰੀਆਂ ਦੀ ਅਗਵਾਈ ’ਚ ਸਾਂਸ਼ੂ ਅਤੇ ਤਾਲੂ ਈਵੰਟਾਂ ਅਧੀਨ ਪ੍ਰੀ-ਕੁਆਟਰ ਫਾਈਨਲ ਕਰਵਾਏ ਗਏ।ਦੂਜੇ ਦਿਨ ਦੇ ਮੁਕਾਬਲੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਸੀ.ਈ.ਓ ਸੋਹਿਲ ਅਹਿਮਦ ਅਤੇ ਦ੍ਰੋਣਾਚਾਰੀਆ ਐਵਾਰਡੀ ਸ਼੍ਰੀ ਕੁਲਦੀਪ ਹਾਂਡੂ ਦੀ ਨਿਗਰਾਨੀ ਹੇਠ ਖੇਡੇ ਗਏ।ਵੁਸ਼ੂ ਦੇ ਤਾਲੂ ਈਵੰਟ ਤਹਿਤ ਹੁਣ ਤੱਕ ਦੇ ਮੁਕਾਬਲਿਆਂ ਦੌਰਾਨ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ’ਚ ਮੱਧ ਪ੍ਰਦੇਸ਼ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ 4 ਗੋਲਡ, 4 ਸਿਲਵਰ ਅਤੇ 2 ਬ੍ਰਾਂਜ਼ ਮੈਡਲ ਹਾਸਲ ਕਰਦਿਆਂ ਕੁੱਲ 10 ਮੈਡਲ ਆਪਣੇ ਨਾਮ ਕੀਤੇ।ਇਸੇ ਤਰ੍ਹਾਂ ਸੀ.ਆਰ.ਪੀ.ਐਫ਼ ਦੀ ਟੀਮ ਨੇ 2 ਗੋਲਡ ਅਤੇ 2 ਕਾਂਸੀ ਦੇ ਤਮਗ਼ੇ ਪ੍ਰਾਪਤ ਕੀਤੇ ਜਦਕਿ ਮਹਾਂਰਾਸ਼ਟਰ ਦੀ ਟੀਮ ਨੇ 1 ਗੋਲਡ, 2 ਸਿਲਵਰ ਅਤੇ 1 ਕਾਂਸੀ ਦੇ ਮੈਡਲ ਸਮੇਤ ਕੁੱਲ 4 ਤਮਗ਼ੇ ਆਪਣੇ ਨਾਮ ਕੀਤੇ।


ਪ੍ਰੀ-ਕੁਆਟਰ ਫਾਈਨਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੋਹਿਲ ਅਹਿਮਦ ਨੇ ਦੱਸਿਆ ਕਿ ਤਾਲੂ ਈਵੰਟ ਤਹਿਤ ਲੜਕਿਆਂ ਦੇ ’ਕੁੰਗ ਫ਼ੂ ਤਾਜ਼ਿਕੁਆਨ’ ਮੁਕਾਬਲਿਆਂ ਦੌਰਾਨ ਸੀ.ਆਰ.ਪੀ.ਐਫ਼ ਦੀ ਟੀਮ ਤੋਂ ਐਮ ਸਾਦਨੰਦਾ ਨੇ 9 ਸਕੋਰ ਹਾਸਲ ਕਰਦਿਆਂ ਸੋਨ ਤਮਗ਼ਾ ਹਾਸਲ ਕੀਤਾ ਜਦਕਿ ਐਸ.ਐਸ.ਸੀ.ਬੀ ਟੀਮ ਦੇ ਮੁਹੰਮਦ ਯਾਹਿਦ ਦਿ੍ਰਸ਼ਟੀ ਨੇ 8.5 ਅੰਕਾਂ ਨਾਲ ਚਾਂਦੀ ਅਤੇ ਮਨੀਪੁਰ ਦੇ ਐਮ. ਪੁਨਿਸਬਾ ਨੇ 8.3 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਆਪਣੇ ਨਾਮ ਕੀਤਾ।ਇਸੇ ਈਵੰਟ ਅਧੀਨ ਲੜਕੀਆਂ ਵਿਚੋਂ ਮੱਧ ਪ੍ਰਦੇਸ਼ ਦੀ ਹਿਮਾਨੀ ਯਾਦਵ ਨੇ 7.2 ਅੰਕਾਂ ਨਾਲ ਸੋਨ ਤਮਗ਼ਾ ਹਾਸਲ ਕੀਤਾ ਜਦਕਿ ਝਾਰਖੰਡ ਦੀ ਬਬਲੀ ਕਸ਼ਅਪ ਨੇ 7.03 ਅੰਕਾਂ ਨਾਲ ਚਾਂਦੀ ਅਤੇ ਮਹਾਂਰਾਸ਼ਟਰ ਦੀ ਮਿਤਾਲੀ ਨੇ 7.01 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਝਟਕਿਆ।ਸ਼੍ਰੀ ਸੋਹਿਲ ਨੇ ਦੱਸਿਆ ਕਿ ਕੂੰਗ ਫੂ: ਬੇਅਰ ਹੈਂਡ ਸਾਊਥਰਨ ਸਟਾਈਲ ਈਵੰਟ ਮੁਕਾਬਲਿਆਂ ਅਧੀਨ ਲੜਕਿਆਂ ਵਿਚੋਂ ਮੱਧ ਪ੍ਰਦੇਸ਼ ਦੇ ਅਭਿਸ਼ੇਕ ਠਾਕੁਰ ਨੇ 8 ਸਕੋਰਾਂ ਨਾਲ ਸ਼ਾਨਦਾਰ ਖੇਡ ਪ੍ਰਦਰਸ਼ਨ ਵਿਖਾਉਂਦਿਆਂ ਜਿੱਥੇ ਗੋਲਡ ਮੈਡਲ ਆਪਣੇ ਨਾਮ ਕੀਤਾ ਉਥੇ ਹੀ ਮੱਧ ਪ੍ਰਦੇਸ਼ ਦੇ ਹਨੀ ਦੀਵਾਨ ਨੇ 7.5 ਅੰਕਾਂ ਨਾਲ ਚਾਂਦੀ ਅਤੇ ਮਨੀਪੁਰ ਦੇ ਐਮ. ਮੈਲਨਗਲਾਂਬਾ ਨੇ 7.4 ਸਕੋਰਾਂ ਨਾਲ ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ।ਇਸੇ ਤਰ੍ਹਾਂ ਲੜਕੀਆਂ ਦੀ ਟੀਮਾਂ ਵਿਚੋਂ ਦਿੱਲੀ ਦੀ ਰੋਤਿਕਾ 6.7 ਸਕੋਰਾਂ ਨਾਲ ਸੋਨ ਤਮਗ਼ਾ ਹਾਸਲ ਕਰਕੇ ਮੋਹਰੀ ਰਹੀ ਜਦਕਿ ਮੱਧ ਪ੍ਰਦੇਸ਼ ਦੀ ਅੰਜਲੀ ਪ੍ਰੀਹਰ ਨੇ 5.9 ਸਕੋਰਾਂ ਨਾਲ ਚਾਂਦੀ ਅਤੇ ਪਿ੍ਰਯੰਕਾ ਬਗੇਲ ਨੇ 5.7 ਸਕੋਰਾਂ ਨਾਲ ਕਾਂਸੀ ਦਾ ਤਮਗ਼ਾ ਆਪਣੇ ਨਾਮ ਕੀਤਾ।ਕੂੰਗ ਫੂ: ਬੇਅਰ ਹੈਂਡ ਨੌਰਥਨ ਸਟਾਈਲ ਈਵੰਟ ਮੁਕਾਬਲਿਆਂ ਅਧੀਨ ਲੜਕਿਆਂ ਵਿਚੋਂ ਯੂ.ਪੀ ਦੇ ਭਾਨੂ ਸਿੰਘ ਨੇ ਬਿਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ 7.9 ਸਕੋਰ ਪ੍ਰਾਪਤ ਕਰਦਿਆਂ ਸੋਨ ਤਮਗ਼ਾ ਝਟਕਿਆ ਜਦਕਿ ਮੱਧ ਪ੍ਰਦੇਸ਼ ਦੇ ਆਸ਼ੂਤੋਸ਼ ਨੇ 7.5 ਸਕੋਰਾਂ ਨਾਲ ਚਾਂਦੀ ਅਤੇ ਮੱਧ ਪ੍ਰਦੇਸ਼ ਦੇ ਸੁਭਾਮਨੀ ਪਾਂਡੇ ਨੇ 7.35 ਸਕੋਰਾਂ ਨਾਲ ਕਾਂਸੀ ਦੇ ਤਮਗ਼ੇ ’ਤੇ ਕਬਜ਼ਾ ਕੀਤਾ।ਲੜਕੀਆਂ ਦੀ ਸ੍ਰੇਣੀ ਵਿਚੋਂ ਕਰਨਾਟਕਾ ਦੀ ਕੌਸੁਮਾ ਐਨ ਨੇ ਆਪਣੀ ਪ੍ਰਤੀਭਾ ਦੇ ਜ਼ੌਹਰ ਵਿਖਾਉਂਦਿਆਂ 6.6 ਅੰਕਾਂ ਨਾਲ ਸੋਨ ਤਮਗ਼ਾ ਆਪਣੇ ਨਾਮ ਕੀਤਾ ਉਥੇ ਹੀ 6.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿੰਦਿਆਂ ਮਹਾਂਰਾਸ਼ਟਰ ਦੀ ਸਨੇਹਲ ਐਸ ਨੇ ਚਾਂਦੀ ਅਤੇ ਤਾਮਿਲਨਾਡੂ ਦੀ ਕੇ. ਪੂਰਾਣੀ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ।

ਸ਼੍ਰੀ ਸੋਹਿਲ ਨੇ ਦੱਸਿਆ ਕਿ ਸ਼ਾਂਸ਼ੂ ਈਵੰਟ ਅਧੀਨ ਖੇਡੇ ਗਏ ਮੁਕਾਬਲਿਆਂ ਦੌਰਾਨ ਪੰਜਾਬ ਦੇ ਲੜਕਿਆਂ ਦੀਆਂ ਟੀਮਾਂ ਵਿਚੋਂ 48, 56, 60, 65 ਅਤੇ 70 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਖਿਡਾਰੀਆਂ ਨੇ ਕੁਆਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਜਦਕਿ 45, 52 ਅਤੇ 70 ਕਿਲੋਗ੍ਰਾਮ ਵਰਗਾਂ ਅਧੀਨ ਲੜਕੀਆਂ ਨੇ ਕੁਆਟਰ ਫਾਈਨਲ ਮੁਕਾਬਲਿਆਂ ਲਈ ਲੀਡ ਬਣਾਈ।ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਸ਼ਾਂਸ਼ੂ ਈਵੰਟ ਮੁਕਾਬਲਿਆਂ ’ਚ 45 ਕਿਲੋਗ੍ਰਾਮ ਭਾਰ ਵਰਗ ਅਧੀਨ ਪੰਜਾਬ-ਏ ਟੀਮ ਦੀ ਮੁਸਕਾਨ ਨੇ ਮੱਧ ਪ੍ਰਦੇਸ਼ ਦੀ ਵੈਸ਼ਨਵੀ ਤਿ੍ਰਪਾਠੀ ਨੂੰ 1-0 ਨਾਲ, ਐਸ.ਐਸ.ਬੀ ਦੀ ਅਨੁਸ਼ਾ ਨੇ ਕੇਰਲਾ ਦੀ ਅਨਾਸ਼ਵਰਾ ਨੂੰ 1-0 ਅਤੇ ਪੰਜਾਬ-ਬੀ ਟੀਮ ਦੀ ਕਰਮਜੀਤ ਕੌਰ ਨੇ ਉਤਰਾਖੰਡ ਦੀ ਗੂੰਜਨ ਨੂੰ 1-0 ਨਾਲ ਮਾਤ ਦਿੰਦਿਆਂ ਕੁਆਟਰ ਫਾਈਨਲ ਮੈਚਾਂ ਲਈ ਲੀਡ ਬਣਾਈ।ਇਸੇ ਤਰ੍ਹਾਂ 48 ਕਿਲੋਗ੍ਰਾਮ ਵਰਗ ਅਧੀਨ ਪੰਜਾਬ-ਏ ਟੀਮ ਦੀ ਰਿਤੂ ਸਵਾਮੀ ਨੇ ਮਹਾਂਰਾਸ਼ਟਰ ਦੀ ਸ਼ੈਲੀ ਕਨਹਤ ਨੂੰ 2-1 ਨਾਲ ਮਾਤ ਦਿੱਤੀ ਜਦਕਿ ਉਤਰਪ੍ਰਦੇਸ਼ ਦੀ ਨੇਹਾ ਕਅਸ਼ਪ ਨੇ 2-1 ਦੇ ਸਕੋਰ ਨਾਲ ਬਿਹਾਰ ਦੀ ਅਮੀਸ਼ਾ ਕੁਮਾਰੀ ਨੂੰ ਹਰਾਇਆ।ਲੜਕਿਆਂ ਦੇ ਸ਼ਾਂਸ਼ੂ ਈਵੰਟ ਤਹਿਤ ਖੇਡੇ ਗਏ ਮੁਕਾਬਲਿਆਂ ’ਚ 70 ਕਿਲੋਗ੍ਰਾਮ ਭਾਰ ਵਰਗ ਅਧੀਨ ਚੰਡੀਗੜ੍ਹ ਦੇ ਅੰਸ਼ੁਮਨ ਗੌਤਮ ਨੇ ਪੰਜਾਬ-ਏ ਦੇ ਅਰਜੁਨ ਬਹਾਦਰ ਨੂੰ 1-0 ਨਾਲ ਹਰਾਇਆ ਜਦਕਿ ਬੀ.ਐਸ.ਐਫ਼ ਦੇ ਰਮਨੀਵਾਸ ਅਨਵਾਲਾ ਨੇ ਆਈ.ਟੀ.ਬੀ.ਪੀ ਦੇ ਲਲਿਤ ਯਾਦਵ ਨੂੰ 1-0 ਅਤੇ ਮਹਾਂਰਾਸ਼ਟਰ ਦੇ ਰਾਹੁਲ ਪਵਾਰ ਨੇ 2-0 ਨਾਲ ਲਦਾਖ ਦੇ ਗੌਲਮ ਰਸੂਲ ਨੂੰ ਮਾਤ ਦੇ ਕੇ ਕੁਆਟਰ ਫਾਈਨਲ ’ਚ ਜਗ੍ਹਾ ਬਣਾਈ।ਲੜਕਿਆਂ ਦੇ 65 ਕਿਲੋਗ੍ਰਾਮ ਵਰਗ ਅਧੀਨ ਬੀ.ਐਸ.ਐਫ਼ ਦੇ ਸੁਰੇਸ਼ ਸਿੰਘ ਨੇ  2-0 ਨਾਲ ਵੈਸਟ ਬੰਗਾਲ ਦੇ ਅਕਾਸ਼ ਦਾਸ ਨੂੰ ਮਾਤ ਦਿੱਤੀ ਅਤੇ ਐਸ.ਐਸ.ਸੀ.ਬੀ ਦੇ ਅਰੁਣ ਨਾਗਰ ਨੇ ਹਰਿਆਣਾ ਦੇ ਨਰੇਂਦਰ ਗਰੇਵਾਲ ਨੂੰ 1-0 ਨਾਲ ਚਿੱਤ ਕੀਤਾ ਜਦਕਿ ਤੀਜੇ ਮੈਚ ਦੌਰਾਨ ਮੱਧ ਪ੍ਰਦੇਸ਼ ਦੇ ਰਾਹੁਲ ਯਾਦਵ ਨੇ 2-0 ਨਾਲ ਬਿਹਾਰ ਦੇ ਸੁਧੀਰ ਕੁਮਾਰ ਨੂੰ ਮਾਤ ਦਿੰਦਿਆਂ ਕੁਆਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ।

No comments:


Wikipedia

Search results

Powered By Blogger