ਮੋਹਾਲੀ, 9 ਫ਼ਰਵਰੀ (ਗੁਰਪ੍ਰੀਤ ਸਿੰਘ) : ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਮੁਖੀ ਸ੍ਰ. ਕੁਲਵੰਤ ਸਿੰਘ ਨੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਉਤੇ ਮੋਹਾਲੀ ਦੇ ਵਿਕਾਸ ਕੰਮਾਂ ਵਿੱਚ ਰੋਡ਼ੇ ਅਟਕਾਉਣ ਅਤੇ ਨਗਰ ਨਿਗਮ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਪਾਸ ਕੀਤੇ ਗਏ ਅਤੇ ਸ਼ੁਰੂ ਕਰਵਾਏ ਗਏ ਕੰਮਾਂ ਦਾ ਝੂਠਾ ਲਾਹਾ ਖੱਟਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਿੱਧੂ ਨੇ ਆਪਣੀਆਂ ਗੈਸ ਏਜੰਸੀਆਂ ਦਾ ਬਿਜ਼ਨਸ ਬਚਾਉਣ ਲਈ ਮੋਹਾਲੀ ਵਿੱਚ ਗੈਸ ਪਾਈਪ ਲਾਈਨ ਦੀ ਪ੍ਰਕਿਰਿਆ ਵਿਚਾਲ਼ੇ ਰੋਕ ਦਿੱਤੀ ਹੈ ਜਿਸ ਵਿੱਚ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਵੀ ਭੂਮਿਕਾ ਰਹੀ ਹੈ। ਸ੍ਰ. ਕੁਲਵੰਤ ਸਿੰਘ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ‘ਮੀਟ-ਦ-ਪ੍ਰੈੱਸ’ ਪ੍ਰੋਗਰਾਮ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸ੍ਰ. ਸਿੱਧੂ ਕੈਬਨਿਟ ਮੰਤਰੀ ਪੱਧਰ ਦਾ ਇੱਕ ਵੀ ਪ੍ਰੋਜੈਕਟ ਮੋਹਾਲੀ ਸ਼ਹਿਰ ਵਿੱਚ ਨਹੀਂ ਲਿਆ ਸਕੇ ਸਗੋਂ ਉਲਟਾ ਛੋਟੇ-ਛੋਟੇ ਕੰਮਾਂ ਦੇ ਨੀਂਹ ਪੱਥਰ ਰੱਖ-ਰੱਖ ਕੇ ਜਨਤਾ ਦੇ ਪੈਸੇ ਦੀ ਬਰਬਾਦੀ ਕਰਨ ਵਿੱਚ ਜੁਟੇ ਹੋਏ ਹਨ ਜਦਕਿ ਉਨ੍ਹਾਂ ਨਿਗਮ ਦੇ ਸਭ ਤੋਂ ਪਹਿਲੇ ਮੇਅਰ ਹੋਣ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਵੱਡੇ ਵੱਡੇ ਕੰਮਾਂ ਦੇ ਵੀ ਕਦੇ ਵੀ ਨੀਂਹ ਪੱਥਰ ਨਹੀਂ ਰੱਖੇ।
ਸ਼ਹਿਰ ਵਿੱਚ ਪਾਏ ਜਾ ਰਹੇ ਜਾ ਰਹੇ ਸੀਵਰੇਜ ਪ੍ਰੋਜੈਕਟ ਬਾਰੇ ਬੋਲਦਿਆਂ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਸਭ ਤੋਂ ਪਹਿਲੀ ਮੀਟਿੰਗ ਵਿੱਚ ਇਸ ਸੀਵਰੇਜ ਪ੍ਰੋਜੈਕਟ ਦਾ ਮਤਾ ਲਿਆਂਦਾ ਸੀ ਜਿਸ ਦਾ ਅੱਜ ਕੈਬਨਿਟ ਮੰਤਰੀ ਝੂਠਾ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਬਕਾ ਮੇਅਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਮੋਹਾਲੀ ਸ਼ਹਿਰ ਵਿੱਚ 100 ਪ੍ਰਤੀਸ਼ਤ ਐਲ.ਈ.ਡੀ. ਲਾਈਟਾਂ ਲਗਵਾਈਆਂ, ਪੀਣ ਵਾਲੇ ਪਾਣੀ ਦੀ ਆਉਂਦੇ 25-30 ਸਾਲਾਂ ਤੱਕ ਦੀ ਸਮੱਸਿਆ ਖ਼ਤਮ ਕਰਵਾਈ, ਸਡ਼ਕਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ, ਸਫ਼ਾਈ ਪ੍ਰਬੰਧਾਂ ਬਾਰੇ ਉਨ੍ਹਾਂ ਕਦੇ ਕੋਈ ਸ਼ਿਕਾਇਤ ਹੀ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਅਤੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਸਿਹਤ ਸੇਵਾਵਾਂ ਦਾ ਬਹੁਤ ਮਾਡ਼ਾ ਹਾਲ ਹੈ।
ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਸਿੱਧੂ ਨੇ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕਰਕੇ ਵੋਟਾਂ ਬਟੋਰੀਆਂ ਸਨ ਕਿ ਮੁਹਾਲੀ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਤੋਂ ਮੁਕਤੀ ਦਿਵਾਈ ਜਾਵੇਗੀ ਅਤੇ ਸ਼ਹਿਰ ਵਿੱਚ ਨੀਡ ਬੇਸਡ ਪਾਲਿਸੀ ਲਾਗੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ ਪ੍ਰੰਤੂ ਹੁਣ ਤੱਕ ਮੰਤਰੀ ਨੇ ਆਪਣਾ ਇਕ ਵੀ ਵਾਅਦਾ ਪੁਰਾ ਨਹੀਂ ਕੀਤਾ ਹੈ। ਜਦੋਂਕਿ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਹੀ ਮੀਟਿੰਗ ਵਿੱਚ ਪ੍ਰਾਪਰਟੀ ਟੈਕਸ ਮੁਆਫ਼ ਕਰਨ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਪ੍ਰੰਤੂ ਸਰਕਾਰ ਨੇ ਹੁਣ ਤੱਕ ਪ੍ਰਵਾਨਗੀ ਨਹੀਂ ਦਿੱਤੀ ਸਗੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਹੁਕਮ ਚਾਡ਼੍ਹੇ ਗਏ ਕਿ ਲੋਕਾਂ ਨੂੰ ਪ੍ਰਾਪਰਟੀ ਟੈਕਸ ਵਸੂਲਿਆ ਜਾਵੇ। ਇਸ ਤੋਂ ਇਲਾਵਾ ਸਿਟੀ ਬੱਸ ਸਰਵਿਸ ਦਾ ਮਤਾ ਵੀ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਤਤਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਤੇ ਹੋਰਨਾਂ ਕੌਂਸਲਰਾਂ ਦੀ ਸਾਂਝੀ ਮੰਗ ’ਤੇ ਮੁਹਾਲੀ ਦੀਆਂ ਸੁਸਾਇਟੀਆਂ ਦੇ ਅੰਦਰੂਨੀ ਵਿਕਾਸ ਦਾ ਮਤਾ ਸਾਲ ਪਹਿਲਾਂ ਫਰਵਰੀ 2020 ਵਿੱਚ ਪਾਸ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਗਿਆ ਸੀ ਪ੍ਰੰਤੂ ਮੰਤਰੀ ਦੇ ਕਹਿਣ ’ਤੇ ਇਸ ਮਤੇ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਇਲਾਵਾ 200 ਹੋਰ ਵਿਕਾਸ ਕੰਮਾਂ ਦੇ ਮਤਿਆਂ ਸਬੰਧੀ ਟੈਂਡਰ ਜਾਰੀ ਨਹੀਂ ਹੋਣ ਦਿੱਤੇ। ਜਿਸ ਕਾਰਨ ਅਖੀਰਲੇ ਸਮੇਂ ਵਿੱਚ ਸ਼ਹਿਰ ਅੰਦਰ ਵਿਕਾਸ ਕੰਮਾਂ ਵਿੱਚ ਖਡ਼ੋਤ ਆਈ ਹੈ ਲੇਕਿਨ ਮੇਅਰ ਅਤੇ ਬਾਕੀ ਕੌਂਸਲਰਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਅਤੇ ਨਿਗਮ ਚੋਣਾਂ ਨੇਡ਼ੇ ਆਉਂਦੀਆਂ ਦੇਖ ਕੇ ਸਿਆਸੀ ਲਾਹਾ ਲੈਣ ਲਈ ਵਿਕਾਸ ਕੰਮਾਂ ਦੇ ਟੈਂਡਰ ਜਾਰੀ ਕਰਕੇ ਨੀਂਹ ਪੱਥਰ ਰੱਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਲੋਕ ਹਿੱਤ ਕੰਮਾਂ ਲਈ ਕੌਂਸਲਰਾਂ ਵੱਲੋਂ ਸਰਕਾਰ ਅਤੇ ਮੰਤਰੀ ਦੇ ਖ਼ਿਲਾਫ਼ ਧਰਨੇ ਆਦਿ ਵੀ ਦਿੱਤੇ ਗਏ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਸਾਢੇ 5 ਗੁਣਾ ਮਹਿੰਗੇ ਪਾਣੀ ਖ਼ਿਲਾਫ਼ ਲੋਕਾਂ ਨੂੰ ਅਦਾਲਤ ਦੀ ਸ਼ਰਨ ਵਿੱਚ ਜਾਣਾ ਪਿਆ ਅਤੇ ਜਦੋਂ ਲੋਕ ਹਿੱਤ ਵਿੱਚ ਅਦਾਲਤ ਨੇ ਫੈਸਲਾ ਸੁਣਾਉਣ ਦਾ ਦਿਨ ਨਿਰਧਾਰਿਤ ਕੀਤਾ ਤਾਂ ਹੁਕਮਰਾਨਾਂ ਨੇ ਇਹ ਫਾਈਲ ਕਲੀਅਰ ਕਰਕੇ ਰਿਪੋਰਟ ਪੇਸ਼ ਕੀਤੀ ਗਈ। ਕਹਿਣ ਤੋਂ ਭਾਵ ਕਾਂਗਰਸ ਸਰਕਾਰ ਦੇ ਸ਼ਾਸਨ ਵਿੱਚ ਮੁਹਾਲੀ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ ਹੈ। ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਅਤੇ ਸੁਖਦੇਵ ਸਿੰਘ ਪਟਵਾਰੀ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦਾ ਕਲੱਬ ਵਿੱਚ ਪਹਿਲੀ ਵਾਰੀ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਪ੍ਰਧਾਨ ਗੁਰਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਗਵਰਨਿੰਗ ਬਾਡੀ ਵੱਲੋਂ ਸ੍ਰ. ਕੁਲਵੰਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।
1 comment:
ਮੈਂ ਸਿਰਫ ਇਕ ਛੋਟੀ ਜਿਹੀ ਗੱਲ ਕਰਨ ਲੱਗਿਆਂ।
ਸ੍ਰ ਕੁਲਵੰਤ ਸਿੰਘ ਜੀ, ਤੁਹਾਡੇ ਕੋਲੋਂ ਮੋਹਾਲੀ ਦੇ ਅੰਤਰਰਾਜੀ ਬੱਸ ਅੱਡੇ ਦੇ ਨਾਲ ਲੱਗਦੀ ਸੜਕ ਤਾਂ ਅੱਜ ਤੱਕ ਬਣੀ ਨਹੀਂ,,ਉਸ ਬਾਰੇ ਵੀ ਕੋਈ ਵਿਚਾਰ ਸਾਂਝਾ ਕਰੋ।
Post a Comment