ਮੋਹਾਲੀ, 11 ਫ਼ਰਵਰੀ (ਗੁਰਪ੍ਰੀਤ ਸਿੰਘ ਕਾਂਸਲ): ਭਾਰਤੀ ਜਨਤਾ ਪਾਰਟੀ ਦੀ ਟਿਕਟ ਉਤੇ ਮੋਹਾਲੀ ਨਗਰ ਨਿਗਮ ਚੋਣਾਂ ਲਡ਼ ਰਹੇ ਕਈ ਉਮੀਦਵਾਰਾਂ ਨੇ ਕਿਸਾਨਾਂ ਦੀ ਆਡ਼ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਉਤੇ ਹਮਲੇ ਕਰਨ ਦੇ ਦੋਸ਼ ਲਗਾਏ ਹਨ। ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਾਰਡ ਨੰਬਰ 50 ਤੋਂ ਭਾਜਪਾ ਉਮੀਦਵਾਰ ਅਤੇ ਸੂਫ਼ੀ ਗਾਇਕ ਮਦਨ ਸ਼ੌਂਕੀ, ਵਾਰਡ ਨੰਬਰ 49 ਤੋਂ ਕੁਲਵਿੰਦਰ ਕੌਰ ਅਤੇ ਵਾਰਡ ਨੰਬਰ 5 ਤੋਂ ਰੁਪਿੰਦਰ ਕੌਰ ਕੰਵਲ ਨੇ ਦੱਸਿਆ ਕਿ ਕਾਂਗਰਸੀ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਿਲ ਸਨ ਜਿਹਡ਼ੇ ਕਿ ਖ਼ੁਦ ਨੂੰ ਕਿਸਾਨ ਦੱਸ ਕੇ ਉਨ੍ਹਾਂ ਕੋਲ ਆਏ ਅਤੇ ਆਉਂਦੇ ਹੀ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗ ਗਏ।
ਦੇਖਦੇ ਹੀ ਦੇਖਦੇ ਹਮਲਾਵਰਾਂ ਨੇ ਉਨ੍ਹਾਂ ਦੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਸ਼ੌਂਕੀ ਨੇ ਦੱਸਿਆ ਕਿ ਉਸ ਨੇ ਹਮਲਾਵਰਾਂ ਤੋਂ ਭੱਜ ਕੇ ਜਾਨ ਬਚਾਈ। ਇਸੇ ਦੌਰਾਨ ਕੁਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ’ਤੇ ਗਏ ਸਨ ਕਿ ਪਿੱਛੋਂ ਉਨ੍ਹਾਂ ਦੇ ਬੱਚੇ ਘਰ ਸਨ। ਬੇਟੀ ਨੇ ਫੋਨ ਉਤੇ ਦੱਸਿਆ ਕਿ ਕਾਫ਼ੀ ਵਿਅਕਤੀਆਂ ਨੇ ਉਸ ਦੇ ਘਰ ਲੱਗਾ ਟੈਂਟ ਫਾਡ਼ ਦਿੱਤਾ ਅਤੇ ਪੋਸਟਰ ਉਤਾਰ ਦਿੱਤੇ। ਆਪਣੇ ਘਰ ਹਮਲਾ ਹੋਣ ਦੀ ਬੱਚਿਆਂ ਤੋਂ ਖ਼ਬਰ ਸੁਣ ਕੇ ਘਰ ਪਹੁੰਚੇ ਤਾਂ ਦੇਖਿਆ ਕਿ ਉਹ ਸਾਰੇ ਕਾਂਗਰਸੀ ਵਰਕਰ ਸਨ। ਰੁਪਿੰਦਰ ਕੌਰ ਕੰਵਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇੱਕ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੁਝ ਵਿਅਕਤੀ ਉਸ ਦੇ ਵਾਰਡ ਵਿੱਚ ਆਏ ਜਿਨ੍ਹਾਂ ਨੇ ਉਸ ਦੇ ਟੈਂਟ ਅਤੇ ਪੋਸਟਰ ਫਾਡ਼ ਦਿੱਤੇ।
ਮਦਨ ਸ਼ੌਂਕੀ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਉਤੇ ਹਮਲੇ
ਸ਼ਰੇਆਮ ਕਾਂਗਰਸੀ ਗੁੰਡਿਆਂ ਵੱਲੋਂ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਤੁਰੰਤ ਨਕੇਲ ਕਸਣ ਦੀ
ਲੋਡ਼ ਹੈ। ਉਨ੍ਹਾਂ ਮੋਹਾਲੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਭਾਜਪਾ
ਉਮੀਦਵਾਰਾਂ ਉਤੇ ਹਮਲੇ ਕਰਨ ਅਤੇ ਉਨ੍ਹਾਂ ਦੇ ਪੋਸਟਰ ਤੇ ਟੈਂਟ ਫਾਡ਼ਨ ਵਾਲਿਆਂ ਖਿਲਾਫ਼
ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
No comments:
Post a Comment