ਮੋਹਾਲੀ, 12 ਫ਼ਰਵਰੀ ( ਗੁਰਪ੍ਰੀਤ ਸਿੰਘ ਕਾਂਸਲ ) :
ਨਗਰ ਨਿਗਮ ਚੋਣਾਂ ਦੇ ਲਈ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੇ ਬੈਨਰ ਹੇਠ ਵਾਰਡ ਨੰਬਰ 45 ਤੋਂ ਚੋਣ ਲਡ਼ ਰਹੀ ਉਮੀਦਵਾਰ ਡਾ. ਉਮਾ ਸ਼ਰਮਾ ਵੱਲੋਂ ਅੱਜ ਆਪਣੇ ਚੋਣ ਨਿਸ਼ਾਨ ‘ਟਰੈਕਟਰ ਚਲਾਉਂਦਾ ਕਿਸਾਨ’ ਨੂੰ ਨਾਲ ਲੈ ਕੇ ਆਪਣੇ ਵਾਰਡ ਵਿੱਚ ਕਾਰ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ੍ਰ. ਕੁਲਵੰਤ ਸਿੰਘ ਵੱਲੋਂ ਕਰਵਾਈ ਗਈ ਅਤੇ ਇਸ ਮੌਕੇ ਸਾਬਕਾ ਅਧਿਕਾਰੀ ਮਹਿੰਦਰ ਸਿੰਘ ਕੈਂਥ ਵੀ ਉਨ੍ਹਾਂ ਦੇ ਨਾਲ ਸਨ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਡਾ. ਸ਼ਰਮਾ ਨੂੰ ਓਪਨ ਜੀਪ ਵਿੱਚ ਖਡ਼੍ਹੇ ਕਰਕੇ ਵਾਰਡ ਵਿੱਚ ਘੁਮਾਇਆ ਗਿਆ।
ਰੈਲੀ ਦੀ ਸ਼ੁਰੂਆਤ ਮੌਕੇ ਗੱਲਬਾਤ ਕਰਦਿਆਂ ਡਾ. ਉਮਾ ਸ਼ਰਮਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਤੰਗ ਆਏ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਸਾਫ਼ ਸੁਥਰਾ ਸ਼ਾਸਨ ਦੇਣ ਦੇ ਮਕਸਦ ਨਾਲ ਅਜ਼ਾਦ ਗਰੁੱਪ ਵੱਲੋਂ ਚੋਣਾਂ ਲਡ਼ੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਵੱਲੋਂ ਸ਼ਹਿਰ ਵਿੱਚ ਪਹਿਲਾਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੀਤੇ ਵਿਕਾਸ ਕਾਰਜਾਂ ਦੇ ਦਮ ’ਤੇ ਹੀ ਅਜ਼ਾਦ ਗਰੁੱਪ ਦੇ ਉਮੀਦਵਾਰ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ ਜਦਕਿ ਮੌਜੂਦਾ ਸੱਤਾਧਾਰੀ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਤੇ ਹੋਰ ਸਥਾਨਕ ਆਗੂ ਇਨ੍ਹਾਂ ਵਿਕਾਸ ਕਾਰਜਾਂ ਬਾਰੇ ਵਿੱਚ ਝੂਠ ਤੂਫ਼ਾਨ ਬੋਲ ਕੇ ਵੋਟਾਂ ਵਿੱਚ ਲਾਹਾ ਖੱਟਣ ਦੀ ਕੋਸ਼ਿਸ਼ ਕਰਨ ਵਿੱਚ ਜੁਟੇ ਹੋਏ ਹਨ।
ਡਾ. ਉਮਾ ਸ਼ਰਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਵਿੱਚ ਅਡ਼ਿੱਕਾ ਲਗਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ। ਹੁਣ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਛੋਟੇ-ਛੋਟੇ ਕੰਮਾਂ ਦੇ ਵੀ ਨੀਂਹ ਪੱਥਰ ਰੱਖ ਕੇ ਜਨਤਾ ਦੇ ਟੈਕਸਾਂ ਰਾਹੀਂ ਇਕੱਠੇ ਕੀਤੇ ਪੈਸੇ ਦੀ ਬਰਬਾਦੀ ਕਰ ਰਹੇ ਹਨ। ਡਾ. ਉਮਾ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿੱਚ ਕਰਾਰੀ ਹਾਰ ਦਿੰਦਿਆਂ ਸਿਰਫ਼ ਅਜ਼ਾਦ ਗਰੁੱਪ ਦੇ ਹੱਥ ਮਜ਼ਬੂਤ ਕੀਤੇ ਜਾਣ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ‘ਟਰੈਕਟਰ ਚਲਾਉਂਦਾ ਕਿਸਾਨ’ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਚੋਣ ਜਿਤਾਈ ਜਾਵੇ ਅਤੇ ਉਹ ਚੋਣ ਜਿੱਤਣ ਉਪਰੰਤ ਆਪਣੇ ਵਾਰਡ ਨੂੰ ਨਮੂਨੇ ਦਾ ਵਾਰਡ ਬਣਾਉਣਗੇ ਅਤੇ ਵਾਰਡ ਵਾਸੀਆਂ ਦੀ ਹਰ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।
ਇਸ ਮੌਕੇ ਸਿੱਖਿਆ ਸ਼ਾਸਤਰੀ ਤੇ ਰਾਜਸਥਾਨ ਰਤਨ ਅਵਾਰਡੀ ਸੁਸ਼ੀਲ ਕੁਮਾਰ ਜੇਤਲੀ, ਲੇਖਕ ਤੇ ਪ੍ਰੋਡਿਊਸਰ ਸ਼ਿਆਮ ਜੇਤਲੀ, ਦਰਸ਼ਨ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ, ਐਡਵੋਕੇਟ ਸੱਤਪਾਲ, ਐਡਵੋਕੇਟ ਸੰਜੀਵ ਸ਼ਰਮਾ, ਐਡਵੋਕੇਟ ਗੁਰਪਾਲ ਕੌਰ, ਐਡਵੋਕੇਟ ਰੁਪਿੰਦਰ ਕੌਰ, ਸਚਿਨ ਜੇਤਲੀ, ਮੋਹਿਤ ਜੇਤਲੀ, ਸੁਧਾਂਸ਼ੂ ਜੇਤਲੀ, ਰੁਪਿੰਦਰ ਕੌਰ, ਜਯੋਤੀ ਸ਼ਰਮਾ, ਸੰਜੀਵ ਚੌਧਰੀ, ਆਰਤੀ ਸ਼ਰਮਾ ਆਦਿ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ 14 ਫ਼ਰਵਰੀ ਨੂੰ ਆਪਣੀ ਕੀਮਤੀ ਵੋਟ ਵਾਰਡ ਨੰ. 45 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਡਾ. ਉਮਾ ਸ਼ਰਮਾ ਨੂੰ ਚੋਣ ਨਿਸ਼ਾਨ ‘ਟਰੈਕਟਰ ਚਲਾਉਂਦਾ ਕਿਸਾਨ’ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਕੁਲਵੰਤ ਸਿੰਘ ਨੂੰ ਮੇਅਰ ਬਣਾਇਆ ਜਾ ਸਕੇ।
No comments:
Post a Comment