SBP GROUP

SBP GROUP

Search This Blog

Total Pageviews

Friday, February 5, 2021

ਕਤਲ ਕੇਸ ਵਿੱਚ ਮੁੱਖ ਮੁਲਜ਼ਮ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਪੁਲਿਸ

 ਮੋਹਾਲੀ, 5 ਫ਼ਰਵਰੀ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡਡਵਾ ਨਿਵਾਸੀ ਨੌਜਵਾਨ ਰੌਕਾ ਮਸੀਹ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਮਾਮਲੇ ਵਿੱਚ ਪਰਿਵਾਰ ਨੇ ਹਲਕਾ ਕਾਦੀਆਂ ਤੋਂ ਕਾਂਗਰਸੀ ਐਮ.ਐਲ.ਏ. ਉਤੇ ਪੁਲਿਸ ਕਾਰਵਾਈ ਪ੍ਰਭਾਵਿਤ ਕਰਨ, ਕੇਸ ਵਿੱਚ ਮੁੱਖ ਮੁਲਜ਼ਮ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਅਤੇ ਉਸ ਇਲਾਕੇ ਵਿੱਚ ਪ੍ਰੈੱਸ ਕਾਨਫ਼ਰੰਸ ਤੱਕ ਕਰਨ ਤੋਂ ਧਮਕਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਇਸੇ ਡਰ ਤੋਂ ਅੱਜ ਉਨ੍ਹਾਂ ਨੂੰ ਮੋਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਨੀ ਪਈ।



ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਮ੍ਰਿਤਕ ਦੀ ਬਜ਼ੁਰਗ ਮਾਤਾ ਵੀਨਾ, ਭਰਾ ਲੱਕੀ ਨੇ ਆਪਣੀ ਦੁੱਖਭਰੀ ਕਹਾਣੀ ਦੱਸਦਿਆਂ ਕਿਹਾ ਕਿ 4 ਜਨਵਰੀ 2021 ਨੂੰ ਉਨ੍ਹਾਂ ਦੇ ਪੁੱਤਰ ਰੌਕਾ ਮਸੀਹ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਘਰ ਬੰਦ ਕਰਕੇ ਮਾਰਕੁੱਟ ਕੀਤੀ ਸੀ ਅਤੇ ਬਾਅਦ ਵਿੱਚ ਆਪਣੇ ਰਸੂਖ ਨਾਲ ਪੁਲਿਸ ਬੁਲਾ ਕੇ ਪੁਲਿਸ ਨੂੰ ਪਕਡ਼ਾ ਦਿੱਤਾ। ਪੁਲਿਸ ਨੇ ਵੀ ਉਸ ਦੀ ਬੁਰੀ ਤਰ੍ਹਾਂ ਕੁਟਾਈ ਕੀਤੀ। ਪਹਿਲਾਂ ਸਰਪੰਚ ਦੇ ਕਥਿਤ ਗੁੰਡਿਆਂ ਅਤੇ ਫਿਰ ਪੁਲਿਸ ਦੀ ਕੁਟਾਈ ਖਾਣ ਨਾਲ ਰੌਕਾ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਲਾਸ਼ ਸਡ਼ਕ ਉਤੇ ਰੱਖ ਕੇ ਕੀਤੀ ਕਾਫ਼ੀ ਜੱਦੋ ਜਹਿਦ ਉਪਰੰਤ ਪੁਲਿਸ ਨੇ ਭਾਵੇਂ ਪੁਲਿਸ ਸਟੇਸ਼ਨ ਧਾਰੀਵਾਲ ਵਿੱਚ ਕਤਲ ਕੇਸ ਦਰਜ ਕਰ ਲਿਆ ਸੀ ਪ੍ਰੰਤੂ ਉਸ ਕੇਸ ਵਿੱਚ ਧਾਰੀਵਾਲ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਮਨਜੀਤ ਸਿੰਘ ਦਾ ਨਾਮ ਸ਼ਾਮਿਲ ਨਹੀਂ ਕੀਤਾ ਜਦਕਿ ਰੌਕਾ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ।
ਪੀਡ਼ਤ ਪਰਿਵਾਰ ਨੇ ਕਿਹਾ ਕਿ ਧਾਰੀਵਾਲ ਪੁਲਿਸ ਸਟੇਸ਼ਨ ਦਾ ਐਸ.ਐਚ.ਓ. ਕਾਦੀਆਂ ਹਲਕੇ ਤੋਂ ਐਮ.ਐਲ.ਏ. ਦਾ ਰਿਸ਼ਤੇਦਾਰ ਹੈ। ਕਾਂਗਰਸੀ ਐਮ.ਐਲ.ਏ. ਦੇ ਪ੍ਰਭਾਵ ਤੇ ਰਸੂਖ ਕਰਕੇ ਐਸ.ਐਚ.ਓ. ਦਾ ਨਾਮ ਐਫ.ਆਈ.ਆਰ. ਵਿੱਚ ਦਰਜ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕੇਸ ਦੇ ਮੁੱਖ ਮੁਲਜ਼ਮ ਕਾਂਗਰਸੀ ਸਰਪੰਚ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਲਟਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਉਤੇ ਕੇਸ ਵਾਪਿਸ ਲੈਣ ਲਈ ਵੀ ਦਬਾਅ ਪਾਏ ਜਾ ਰਹੇ ਹਨ।
ਪ੍ਰੈੱਸ ਕਾਨਫ਼ਰੰਸ ਵਿੱਚ ਮੌਜੂਦ ਕ੍ਰਿਸ਼ਚਿਅਨ ਨੈਸ਼ਨਲ ਫਰੰਟ, ਭਗਵਾਨ ਵਾਲਮੀਕੀ ਧਰਮ ਰੱਖਿਆ ਸੰਮਤੀ, ਸਾਂਝਾ ਫਰੰਟ, ਸ਼੍ਰੋਮਣੀ ਰੰਘਰੇਟਾ ਦਲ ਪੰਜਬ, ਵਾਲਮੀਕੀ ਮਜ਼੍ਹਬੀ ਸਿੱਖ ਮੋਰਚਾ ਪੰਜਾਬ, ਵਾਲਮੀਕੀ ਸ਼ਕਤੀ ਸੰਗਠਨ ਪੰਜਾਬ, ਦਸ਼ਮੇਸ਼ ਤਰਨਾ ਦਲ ਦੇ ਕ੍ਰਮਵਾਰ ਨੁਮਾਇੰਦਿਆਂ ਲਾਰੈਂਸ ਚੌਧਰੀ, ਵਿਕਾਸ ਹੰਸ, ਮੋਹਿੰਦਰ ਸਿੰਘ ਹਮੀਰਾ, ਬਲਬੀਰ ਸਿੰਘ ਚੀਮਾ, ਰੌਕੀ ਵਾਲਮੀਕੀ ਆਦਿ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ ਅਤੇ ਮੁੱਖ ਮੁਲਜ਼ਮ ਸਰਪੰਚ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਐਸ.ਐਚ.ਓ. ਦਾ ਨਾਂ ਵੀ ਕੇਸ ਵਿੱਚ ਦਰਜ ਕੀਤਾ ਜਾਵੇ। 



ਇਸ ਸਬੰਧ ਵਿੱਚ ਸੰਪਰਕ ਕਰਨ ’ਤੇ ਐਸ.ਐਚ.ਓ. ਪੁਲਿਸ ਸਟੇਸ਼ਨ ਧਾਰੀਵਾਲ (ਗੁਰਦਾਸਪੁਰ) ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉੱਤੇ ਅੱਠ ਮੁਕੱਦਮੇ ਦਰਜ ਸਨ ਅਤੇ ਉਹ ਨਸ਼ੇ ਕਰਨ ਦਾ ਆਦੀ ਵੀ ਸੀ। ਜਿਸ ਦਿਨ ਸਰਪੰਚ ਤੇ ਸਾਥੀਆਂ ਨੇ ਉਸ ਨੂੰ ਕੁੱਟਿਆ, ਉਸ ਦਿਨ ਵੀ ਉਹ ਨਸ਼ੇ ਦੀ ਓਵਰਡੋਜ਼ ਵਿੱਚ ਸੀ ਅਤੇ ਪੁਲਿਸ ਉਸ ਨੂੰ ਇਲਾਜ ਲਈ ਲਿਜਾ ਰਹੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਪੁਲਿਸ ਉਤੇ ਦੋਸ਼ ਗਲਤ ਲਗਾਏ ਜਾ ਰਹੇ ਹਨ ਅਤੇ ਜਿੱਥੋਂ ਤੱਕ ਸਰਪੰਚ ਦੀ ਗ੍ਰਿਫ਼ਤਾਰੀ ਦੀ ਗੱਲ ਹੈ, ਉਹ ਹਾਲੇ ਫਰਾਰ ਚੱਲ ਰਿਹਾ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

No comments:


Wikipedia

Search results

Powered By Blogger