ਚੰਡੀਗੜ੍ਹ, 10 ਫਰਵਰੀ : ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਵਿੱਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਉਣ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਧਿਆਨ ਭੜਕਾਉਣ ਲਈ ਕਾਂਗਰਸ ਦਾ ਇਕ ਹੋਰ ਨਵਾਂ ਡਰਾਮਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਜਦੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਨ੍ਹਾਂ ਕਨੂੰਨਾਂ ਨੂੰ ਲਿਆਉਣ ਲਈ ਚਰਚਾ ਚੱਲ ਰਹੀ ਸੀ, ਤਾਂ ਉਸ ਸਮੇਂ ਕਾਂਗਰਸ ਦੇ ਆਗੂਆਂ ਨੇ ਹਾਈਪਾਵਰ ਕਮੇਟੀ ਦੇ ਮੈਂਬਰ ਰਹਿੰਦੇ ਹੋਈ ਇਨ੍ਹਾਂ ਕਾਲੇ ਕਾਨੂੰਨ ਦੀ ਸਹਿਮਤੀ ਦਿੱਤੀ ਸੀ। ਹੁਣ ਜਦੋਂ ਦੇਸ਼ ਦੇ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਉਹੀ ਨੀਤੀਆਂ ਹਨ, ਜੋ ਹੁਣ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਉੱਤੇ ਲਾਗੂ ਕਰਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਬਾਗ ਦੇ ਗੈਂਗ ਵੱਲੋਂ ਹੁਣ ਇਹ ਇਕ ਨਵਾਂ ਨਾਟਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਲੋਕਾਂ ਦਾ ਧਿਆਨ ਸੰਘਰਸ਼ ਤੋਂ ਪਾਸੇ ਕਰਕੇ ਇਸ ਪਾਸੇ ਕੇਂਦਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪਹਿਲਾਂ ਰਿਕਾਰਡ ਵੀ ਇਹ ਹੀ ਰਿਹਾ ਕਿ ਅੰਦੋਲਨ ਦੇ ਬਰਾਬਰ ਨਵਾਂ ਪ੍ਰੋਗਰਾਮ ਦਿੰਦੇ ਹੋਏ ਕਿਸਾਨ ਸੰਘਰਸ਼ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਸੇ ਕੜੀ ਦਾ ਹੀ ਇਕ ਹਿੱਸਾ ਹੈ ਕਿ ਹੁਣ ਸੰਸਦ ਵਿੱਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਸਰਵ ਪਾਰਟੀ ਵਫਦ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਵਾਅਦਾ ਕੀਤਾ ਸੀ, ਪਰ ਕੈਪਟਨ ਅਮਰਿੰਦਰ ਨੇ ਅੱਜ ਤੱਕ ਪ੍ਰਧਾਨ ਮੰਤਰੀ ਤੋਂ ਇਨ੍ਹਾਂ ਕਾਲੇ ਕਾਨੂੰਨ ਦੇ ਮੁੱਦੇ ਉੱਤੇ ਮਿਲਣ ਦਾ ਸਮਾਂ ਨਹੀਂ ਮੰਗਿਆ। ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕਾਲੇ ਕਾਨੂੰਨ ਰੱਦ ਕੀਤੇ ਅਤੇ ਨਵਾਂ ਕਾਨੂੰਨ ਬਣਾਉਣ ਦਾ ਡਰਮਾ ਕੀਤਾ, ਜਿਸ ਨੂੰ ਅਜੇ ਤੱਕ ਕੇਂਦਰ ਸਰਕਾਰ ਤੱਕ ਭੇਜਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਇਥੋਂ ਤੱਕ ਕਿ ਜਦੋਂ ਕਿਸਾਨਾਂ ਵੱਲੋਂ ਕੋਈ ਅੰਦੋਲਨ ਸਬੰਧੀ ਨਵਾਂ ਪ੍ਰੋਗਰਾਮ ਦਿੱਤਾ ਜਾਂਦਾ ਹੈ ਤਾਂ ਉਸਦਾ ਧਿਆਨ ਭਟਕਾਉਣ ਲਈ ਕਾਂਗਰਸ ਵਾਲੇ ਡਰਮੇਬਾਜ਼ੀ ਕਰਦੇ ਹੋਏ ਸੰਭੂ ਬਾਰਡਰ ਉੱਤੇ ਜਾ ਬੈਠਦੇ ਹਨ। ਉਨ੍ਹਾਂ ਕਿਹਾ ਕਿ ਇਸ ਕੜੀ ਦੇ ਤਹਿਤ ਹੀ ਪਹਿਲਾਂ ਆਪਣੇ ਐਮਪੀਆਂ ਨੁੰ ਦਿੱਲੀ ਵਿੱਚ ਧਰਨੇ ਉੱਤੇ ਬੈਠਿਆ ਕਿ ਅੰਦੋਲਨ ਦੀ ਬਜਾਏ ਲੋਕਾਂ ਦਾ ਧਿਆਨ ਇਸ ਪਾਸੇ ਕੀਤਾ ਜਾਵੇ ਅਤੇ ਹੁਣ ਨਵਾਂ ਇਹ ਡਰਾਮਾ ਕਰਨ ਦੀ ਤਿਆਰੀ ਵਿੱਚ ਹਨ।
ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੀਆਂ ਗੁੰਮਰਾਹਕੁੰਨ ਲੂੰਬੜਚਾਲਾਂ ਨੂੰ ਚੰਗੀ ਤਰ੍ਹਾਂ
ਸਮਝ ਚੁੱਕੇ ਹਨ, ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕੈਪਟਨ
ਅਮਰਿੰਦਰ ਸਿੰਘ ਤਾਂ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਆਪਣੇ ਵਿਦੇਸ਼ੀ ਮਿੱਤਰਾਂ ਦੀ
ਮਹਿਮਾਨਬਾਜ਼ੀ ਵਿਚ ਰੁਝੇ ਹੋਣ ਕਰਕੇ ਲੋਕਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਕੱਢ ਰਹੇ।
ਸਗੋਂ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੇ ਅੰਦੋਲਨ ਨੂੰ ਕੁਚਲਣ ਲਈ ਨਵੇਂ-ਨਵੇਂ ਹੱਥਕੰਢੇ
ਵਰਤ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਕੇਂਦਰ ਦੀ ਮੋਦੀ ਦੀ
ਤਾਨਾਸ਼ਾਹ ਸਰਕਾਰ ਨਾਲ ਆਪਣੇ ਹੱਕਾਂ ਲਈ ਲੜਨਾ ਹੈ ਉਥੇ ਕਾਂਗਰਸ ਦੀਆਂ ਲੋਕ ਵਿਰੋਧੀ ਚਾਲਾਂ
ਤੋਂ ਵੀ ਚੌਕਸ ਰਹਿਣ।
No comments:
Post a Comment