SBP GROUP

SBP GROUP

Search This Blog

Total Pageviews

Thursday, February 11, 2021

ਖੁੰਬਾਂ ਦੀ ਖੇਤੀ ਪ੍ਰਤੀ ਹੁੰਗਾਰਾ ਦੇਣ ਲਈ 7 ਦਿਨਾਂ ਦਾ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਇਆ

 ਐਸ.ਏ.ਐਸ ਨਗਰ, 10 ਫਰਵਰੀ : ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਜੀ ਦੀ ਯੋਗ ਅਗਵਾਈ ਹੇਠ ਕਿ੍ਸ਼ੀ ਵਿਗਿਆਨ ਕੇਂਦਰ ਐਸ.ਏ.ਐਸ.ਨਗਰ ਅਤੇ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਦੇ ਸਾਂਝੇ ਉਪਰਾਲਿਆਂ ਨਾਲ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਮੰਤਵ ਨਾਲ ਖੁੰਬਾਂ ਦੀ ਖੇਤੀ ਪ੍ਰਤੀ  ਹੁੰਗਾਰਾ ਦੇਣ ਲਈ 7 ਦਿਨਾਂ ਦਾ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ। ਇਸ ਸਿਖਲਾਈ ਦੌਰਾਨ ਜਿਲ੍ਹੇ ਦੇ ਤਿੰਨੇ ਬਲਾਕਾਂ ਵਿਚੋਂ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਇਨ੍ਹਾਂ ਕਿਸਾਨਾਂ ਨੂੰ ਟ੍ਰੇਨਿੰਗ ਤੋਂ ਇਲਾਵਾ ਖੁੰਬ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਰੋਜਾ ਪ੍ਰੈਕਟੀਕਲ ਟ੍ਰੇਨਿੰਗ ਵੀ ਕਰਵਾਈ ਗਈ। 


      ਡਾ. ਪਰਮਿੰਦਰ ਸਿੰਘ ਚਾਵਲਾ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ. ਮਾਜਰੀ ਦੀ ਅਗਵਾਈ ਵਿੱਚ ਕਿਸਾਨਾਂ ਤੋਂ ਹੱਥੀਂ ਸਿਖਲਾਈ ਦਿਵਾਈ ਗਈ ਤਾਂ ਜੋ ਕਿਸਾਨ ਮੌਕੇ ਤੇ ਹੀ ਇਸ ਕਿੱਤੇ ਵਿੱਚ ਆਉਣ ਵਾਲੀਆਂ ਔਕੜਾਂ ਦਾ ਜ਼ਾਇਜਾ ਲੈ ਕੇ ਆਪਣੇ ਸਵਾਲਾਂ ਦੇ ਜਵਾਬ ਮਾਹਿਰਾ ਤੋਂ ਪ੍ਰਾਪਤ ਕਰ ਸਕਣ। ਉਨ੍ਹਾਂ ਵੱਲੋਂ  ਇਹ ਵੀ ਦੱਸਿਆ ਕਿ ਖੁੰਬਾਂ ਦੀ ਖਪਤ ਪੰਜਾਬ ਰਾਜ ਵਿਚ ਸਿਰਫ 20 ਗ੍ਰਾਮ ਹੈ ਜਦ ਕਿ ਇਸ ਵਿੱਚ ਖੁਰਾਕੀ ਤੱਤ ਜਿਵੇਂ ਲੋਹਾ, ਪ੍ਰੋਟੀਨ ਆਦਿ ਭਰੂਪਰ ਮਾਤਰਾ ਵਿਚ ਹੈ ਜਿਸ ਲਈ ਇਸ ਦੀ ਖਪਤ ਖਪਤਕਾਰਾਂ ਨੂੰ ਆਪਣੀ ਖੁਰਾਕ ਵਿਚ ਵਿਸ਼ੇਸ ਤੌਰ ਤੇ ਵਧਾਉਣ ਦੀ ਲੋੜ ਹੈ । ਇਸ ਦੌਰਾਨ ਵਿਸ਼ੇਸ ਤੌਰ ਤੇ ਡਾ. ਹਰਮੀਤ ਕੌਰ ਨੇ ਖੁੰਬਾਂ ਦੀਆਂ ਕਿਸਮਾਂ ਦੇ ਮੰਡੀਕਰਨ ਬਾਰੇ ਜਾਗਰੂਕ ਕੀਤਾ।  ਉਨ੍ਹਾਂ ਨੇ ਖੁੰਬਾਂ ਦੇ ਸਿਹਤ ਸਬੰਧੀ ਫਾਇਦਿਆਂ ਬਾਰੇ ਦੱਸਦੇ ਹੋਏ ਇਨ੍ਹਾਂ ਨੂੰ ਲਾਜਮੀ ਤੌਰ ਤੇ  ਭੋਜਨ ਦਾ ਹਿੱਸਾ ਬਨਾਉਣ ਲਈ ਪ੍ਰੇਰਿਆ। 
ਇਸ ਮੌਕੇ ਤੇ ਡਾ. ਪਾਰੂਲ ਗੁਪਤਾ ਵੱਲੋਂ ਖੁੰਬਾਂ ਦੇ ਮੰਡੀਕਰਨ ਵਿਚ ਹੋਰ ਮੁਨਾਫਾ ਲੈਣ  ਵਾਸਤੇ ਖੁੰਬਾਂ ਦਾ ਆਚਾਰ, ਪਾਊਡਰ, ਬਿਸਕੁਟ, ਬੈਫਰ , ਮੁਰੱਬਾ  ਬਨਾਉਣ ਦੀ ਕਿੱਤਾ ਸਿਖਲਾਈ ਦਿੱਤੀ ਗਈ। ਟ੍ਰੇਨਿੰਗ ਦੌਰਾਨ ਆਤਮਾ ਸਕੀਮ ਹੇਠ ਕੰਮ ਕਰਦੇ ਡਾ. ਸ਼ਿਖਾ ਸਿੰਗਲਾ ਵੱਲੋਂ ਕਿਸਾਨਾਂ ਨੂੰ ਪਿੰਡ ਅੰਬ ਛੱਪਾ ਵਿਖੇ ਇੱਕ ਦਿਨ ਦਾ ਵਿੱਦਿਅਕ ਦੌਰਾ ਕਰਵਾ ਕੇ ਕਿਸਾਨ ਤੋਂ ਕਿਸਾਨ ਤਜਰਬੇ ਵਟਾਂਦਰੇ ਕਰਵਾਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਤੇ ਲਈ ਬਾਗਬਾਨੀ ਵਿਭਾਗ ਵੱਲੋਂ ਵਿਸ਼ੇਸ ਤੌਰ ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਦੌਰਾਨ ਡਾ. ਹਰਜੋਤ ਸਿੰਘ ਸੋਹੀ, ਕੇ.ਵੀ.ਕੇ. ਬਰਨਾਲਾ, ਡਾ. ਸੰਦੀਪ ਅਹੂਜਾ ਕੇ.ਵੀ.ਕੇ. ਰੂਪਨਗਰ, ਡਾ. ਮਨੀਸ਼ ਸ਼ਰਮਾ, ਡਾ. ਵਿਕਾਸ ਫੂਲੀਆ ਅਤੇ ਡਾ. ਸ਼ਸੀਪਾਲ  ਕੇ.ਵੀ.ਕੇ. ਮੋਹਾਲੀ ਵੱਲੋਂ ਬਤੌਰ ਰੀਸੋਰਸ ਪਰਸਨ ਬਟਨ,  ਮਿਲਕੀ, ਢੀਂਗਰੀ, ਸ਼ਿਟਾਕੀ  ਅਤੇ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਸਬੰਧੀ ਜਾਣਕਾਰੀ  ਦਿੱਤੀ। ਉਨ੍ਹਾਂ ਦੱਸਿਆ ਕਿ ਗੁਣਵੱਤਾ ਅਤੇ ਦਵਾਈਆਂ ਵਿੱਚ ਵਰਤੋਂ ਹੋਣ ਕਾਰਨ ਸ਼ਿਟਾਕੀ ਖੰੁਬ ਨੂੰ  ਵਿਸ਼ਵ ਪੱਧਰ ਤੇ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਖਾਣਯੋਗ ਅਤੇ ਜ਼ਹਿਰੀਲੀਆਂ ਖੁੰਬਾਂ ਦੀ ਪਹਿਚਾਣ ਸਬੰਧੀ ਚਾਨਣਾ ਪਾਇਆ। ਟ੍ਰੇਨਿੰਗ ਉਪਰੰਤ ਅਗਾਂਹਵਧੂ ਕਿਸਾਨਾਂ ਨੂੰ  ਸਿਖਲਾਈ ਸਰਟੀਫਿਕੇਟ ਦੇਂਦੇ ਹੋਏ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਵੱਲੋਂ ਦੱਸਿਆ ਕਿ ਆਤਮਾ ਸਕੀਮ ਅਧੀਨ ਅਜਿਹੇ ਕਿੱਤਾ ਸਿਖਲਾਈ ਕੋਰਸ ਲਈ ਵਿਸ਼ੇਸ ਉਪਬੰਧ ਹੈ। ਇਸ ਲਈ ਕਿਸਾਨ ਵੀਰ ਇਸ ਤੋਂ ਇਲਾਵਾ ਹੋਰ ਕੋਈ ਸਿਖਲਾਈ ਲੈਣਾ ਚਾਹੁੰਦੇ ਹੋਣ ਉਹ ਆਪਣੀ ਮੰਗ ਖੇਤੀਬਾੜੀ ਵਿਭਾਗ ਜਾਂ ਕਿ੍ਸ਼ੀ ਵਿਗਿਆਨ ਕੇਂਦਰ ਐਸ.ਏ.ਐਸ.ਨਗਰ ਨਾਲ ਸੰਪਰਕ ਕਰ ਸਕਦੇ ਹਨ।

No comments:


Wikipedia

Search results

Powered By Blogger