ਮੁਹਾਲੀ 16 ਮਾਰਚ (ਗੁਰਪ੍ਰੀਤ ਸਿੰਘ ਕਾਂਸਲ) ਕਾਂਗਰਸ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਲਾਗੂ ਕਰਨ ਲਈ ਮੁੱਖ ਸੂਤਰਧਾਰ ਬਣੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ਼ ਅਧਿਆਪਕਾਂ ਵਿੱਚ ਰੋਹ ਭਖਣ ਲੱਗਾ ਹੈ। ਅੱਜ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਵਿੱਚ ਐੱਸ.ਐੱਸ.ਏ.ਰਮਸਾ ਅਧਿਆਪਕ ਯੂਨੀਅਨ, 6505 ਈ.ਟੀ.ਟੀ.ਅਧਿਆਪਕ ਯੂਨੀਅਨ,6060 ਅਧਿਆਪਕ ਯੂਨੀਅਨ, 6505 ਈ.ਟੀ.ਟੀ. ਟੀਚਰਜ਼ ਯੂਨੀਅਨ ਅਤੇ ਆਦਰਸ਼ ਮਾਡਲ ਅਧਿਆਪਕ ਯੂਨੀਅਨ ਦਾ ਵੱਡਾ ਵਫਦ ਅਧਿਆਪਕਾਂ ਦੀਆਂ ਫੌਰੀ/ਹੱਕੀ ਮੰਗਾਂ ਦੀ ਪੂਰਤੀ ਲਈ ਸਿੱਖਿਆ ਸਕੱਤਰ ਨੂੰ ਮਿਲਣ ਆਇਆ ਸੀ। ਪ੍ਰੰਤੂ ਕੋਰੋਨਾ ਦਾ ਬਹਾਨਾ ਬਣਾ ਸਿੱਖਿਆ ਸਕੱਤਰ ਨੇ ਵਫਦ ਨੂੰ ਮਿਲਣ ਲਈ ਸਮਾਂ ਨਾ ਦੇਣ ਤੇ ਰੋਹ ਵਿੱਚ ਆਏ ਅਧਿਆਪਕਾਂ ਸਥਾਨਕ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਰੋਸ ਧਰਨਾ ਲਾ ਦਿੱਤਾ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੀ.ਟੀ.ਐੱਫ.ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਸਰਕਾਰੀ ਸਕੂਲ਼ਾਂ ਵਿੱਚ ਪੜ੍ਹਦੇ ਲੱਖਾਂ ਵਿਦਿਅਰਥੀਆਂ ਹੱਥੋਂ ਬਸਤੇ ਤੇ ਬੇਰੁਜ਼ਗਾਰ ਅਧਿਆਪਕਾਂ ਕੋਲੋਂ ਰੁਜ਼ਗਾਰ ਦਾ ਹੱਕ ਖੋਹਣ ਵਾਲੀਆਂ ਸਿੱਖਿਆ ਦੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਉਤਾਵਲੇ ਹੋਏ ਸਿੱਖਿਆ ਸਕੱਤਰ ਨੂੰ ਰਾਜ ਸੱਤਾ ਦੇ ਥਾਪੜੇ ਦਾ ਏਨਾ ਗਰੂਰ ਹੋ ਗਿਆ ਹੈ ਕਿ ਉਸ ਕੋਲ਼ ਅਧਿਆਪਕਾਂ ਦੇ ਫੌਰੀ ਮੰਗਾਂ ਮਸਲੇ ਹੱਲ ਕਰਨ ਦਾ ਵਕਤ ਹੀ ਨਹੀਂ ਹੈ। ਅਧਿਆਪਕ ਆਗੂ ਨੇ ਸਪੱਸ਼ਟ ਕੀਤਾ ਕਿ ਇਹ ਤਾਨਾਸ਼ਾਹ ਅਧਿਕਾਰੀ ਸਰਕਾਰ ਦੀ ਸ਼ਹਿ ਤੇ ਮਿਸ਼ਨ ਸ਼ਤ ਪ੍ਰਤੀਸ਼ਤ ਜਿਹੇ ਪ੍ਰੋਗਰਾਮ ਲਾਗੂ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਨਾਲ ਨਾਲ ਅਧਿਆਪਕ ਵਰਗ ਤੇ ਬੇਲੋੜਾ ਮਾਨਸਿਕ ਦਬਾਅ ਬਣਾ ਰਿਹਾ ਹੈ, ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਬੇਲਗਾਮ ਹੋਏ ਸਿੱਖਿਆ ਸਕੱਤਰ ਰਾਹੀਂ ਸਰਕਾਰੀ ਸਕੂਲ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਕੋਲ਼ ਗਿਰਵੀ ਰੱਖ ਕੇ ਪੰਜਾਬ ਦਾ ਆਉਣ ਵਾਲਾ ਕੱਲ੍ਹ ਹਨੇਰੇ ਵਿੱਚ ਡੋਬਣਾ ਚਾਹੁੰਦੀ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਦੀਦਾਰ ਸਿੰਘ ਮੁੱਦਕੀ, ਸਤਨਾਮ ਸਿੰਘ, ਗੁਰਜਿੰਦਰ ਸਿੰਘ, ਤਲਵਿੰਦਰ ਪਟਿਆਲਾ, ਰੇਸ਼ਮ ਸਿੰਘ ਬਠਿੰਡਾ ਤੇ ਹਰਜੀਤ ਜੀਦਾ ਨੇ ਆਖਿਆ ਕਿ ਸਰਕਾਰ ਅੰਦਰਖਾਤੇ ਸਰਕਾਰੀ ਸਕੂਲਾਂ ਵਿੱਚੋਂ ਪੋਸਟਾਂ ਦੇ ਖਾਤਮੇ ਲਈ ਵਿਭਾਗ ਵਿੱਚ ਸਿੱਖਿਆ ਸਕੱਤਰ ਰਾਹੀਂ ਨਿੱਤ ਨਵੇਂ ਤਜਰਬੇ ਕਰ ਰਹੀ ਹੈ। ਬਦਲੀਆਂ,ਪ੍ਰਮੋਸ਼ਨਾਂ ਵਿੱਚ ਨਵੇਂ ਬਦਲਾ ਕਰਕੇ ਅਧਿਆਪਕਾਂ ਨੂੰ ਹੱਕ਼ ਵਿਹੂਣੇ ਕੀਤਾ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਸਰਕਾਰ ਦੀਆਂ ਅਜਿਹੀਆਂ ਸਿੱਖਿਆ ਵਿਰੋਧੀ ਨੀਤੀਆਂ ਦਾ ਜੁਆਬ ਸੰਘਰਸ਼ਾਂ ਨਾਲ ਦਿੱਤਾ ਜਾਵੇਗਾ। ਆਗੂਆਂ ਨੇ ਐੱਸ.ਐੱਸ.ਏ.ਰਮਸਾ, ਆਦਰਸ਼ ਮਾਡਲ ਸਕੂਲਾਂ ਦੇ 8886ਅਧਿਆਪਕਾਂ ਦੀ ਪਿਛਲੀ ਸਰਵਿਸ ਨਾ ਗਿਣਨ ਵਾਲਾ ਪੱਤਰ ਵਾਪਸ ਲੈਣ,ਮਿਡਲ ਸਕੂਲ਼ਾਂ ਦੀਆਂ ਅਸਾਮੀਆਂ ਨੂੰ ਈ-ਪੋਰਟਲ ਉੱਪਰ ਅਲੱਗ ਤੋਂ ਦਿਖਾਉਣ, ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਨੌਕਰੀ ਕਰਦੇ ਅਧਿਆਪਕਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਤਵੱਜੋਂ ਦੇ ਕੇ ਬਦਲੀ ਦਾ ਮੌਕਾ ਦੇਣ, ਮਿਡਲ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਸਟੇਸ਼ਨ ਚੋਣ ਦੇਣ ਵਾਲ਼ਾ ਪੱਤਰ ਮੁੜ ਤੋਂ ਲਾਗੂ ਕਰਨ, 3582 ਅਧਿਆਪਕਾਂ ਨੂੰ ਲਾਰਿਆਂ ਵਿੱਚ ਲਟਕਾ ਕੇ ਬਦਲੀਆਂ ਲਾਗੂ ਨਾ ਕਰਨ ਅਤੇ ਅਧਿਆਪਕ ਸੰਘਰਸ਼ ਵਿੱਚ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਰੱਦ ਦੀ ਪੁਰਜ਼ੋਰ ਮੰਗ ਕਰਦਿਆਂ ਐਲਾਨ ਕੀਤਾ ਕਿ ਸਿੱਖਿਆ ਸਕੱਤਰ ਦੇ ਨਾਦਰਸ਼ਾਹੀ ਫੁਰਮਾਨਾਂ, ਸਿੱਖਿਆ ਵਿਰੋਧੀ ਨੀਤੀਆਂ ਨੂੰ ਮਾਤ ਦੇਣ ਖ਼ਿਲਾਫ਼ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ 19 ਅਤੇ 20 ਮਾਰਚ ਨੂੰ ਜਿਲ੍ਹਾ ਹੈੱਡ ਕੁਆਰਟਰਾਂ ਤੇ ਸਿੱਖਿਆ ਸਕੱਤਰ ਦੇ ਆਦਮ ਕੱਦ ਬੁੱਤ ਫੂਕੇ ਜਾਣਗੇ। ਰੋਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਪਰਵਿੰਦਰ ਸਿੰਘ ਬਠਿੰਡਾ, ਮਨਰਾਜ ਲੁਧਿਆਣਾ, ਗਗਨ ਪਾਹਵਾ ਫਰੀਦਕੋਟ, ਗੁਰਮੀਤ ਝੋਰੜਾਂ ਮੋਗਾ, ਅਮਨਦੀਪ ਮਾਛੀਕੇ, ਭੋਲਾ ਰਾਮ ਤਲਵੰਡੀ, ਵਿਕਰਮਜੀਤ, ਵਿਕਾਸ ਰਾਮਪੁਰਾ, ਰਾਜਵਿੰਦਰ ਜਲਾਲ, ਭੁਪਿੰਦਰ ਸਿੰਘ ਮਾਈਸਰਖਾਨਾ, ਪਰਮਜੀਤ ਸਿੰਘ ਮਾਛੀਵਾੜਾ, ਸਤਵੀਰ ਸਿੰਘ ਮਾਛੀਵਾੜਾ, ਕੁਲਜੀਤ ਸਿੰਘ ਮਾਛੀਵਾੜਾ, ਮਨਦੀਪ ਸਿੰਘ ਤੇ ਅਮਨਦੀਪ ਦੱਧਾਹੂਰ ਆਦਿ ਅਧਿਆਪਕ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment