ਖਰੜ, ਗੁਰਪਰੀਤ ਸਿੰਘ ਕਾਂਸਲ 16 ਮਾਰਚ:ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਵੱਲੋਂ ਐਨਐਸਐਸ ਯੂਨਿਟ ਦੇ ਸਹਿਯੋਗ ਨਾਲ ਭਾਰਤ ਦੇ ਅਜ਼ਾਦੀ ਸੰਘਰਸ਼-ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ’ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ (ਡਾ.) ਪਰਵਿੰਦਰ ਸਿੰਘ ਨੇ ਉਨ੍ਹਾਂ ਘਟਨਾਵਾਂ ਦੇ ਕ੍ਰਮ ਬਾਰੇ ਵਿਚਾਰ ਵਟਾਂਦਰੇ ਕੀਤੇ, ਜੋ ਆਖਰਕਾਰ ਆਜ਼ਾਦੀ ਵੱਲ ਵਧੇ।
ਉਨ੍ਹਾਂ ਆਜ਼ਾਦੀ ਤੋਂ ਬਾਅਦ ਵੱਖ ਵੱਖ ਖੇਤਰਾਂ ਵਿੱਚ ਭਾਰਤ ਦੁਆਰਾ ਕੀਤੀ ਗਈ ਤਰੱਕੀ ਜਿਵੇਂ ਕਿ ਦਵਾਈਆਂ, ਸਿੱਖਿਆ, ਖੇਡਾਂ, ਪੁਲਾੜ ਵਿਗਿਆਨ, ਟੈਕਨਾਲੋਜੀ ਆਦਿ ਬਾਰੇ ਵਿਸਥਾਰ ਨਾਲ ਦੱਸਿਆ ਕਿ ਜਿਸਨੇ ਭਾਰਤ ਨੂੰ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੀ ਕਤਾਰ ਵਿੱਚ ਉੱਚ ਬਣਾਇਆ ਹੈ।
ਇਸ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਬੀ. ਐਸ. ਸਤਿਆਲ ਨੇ ਪੰਜਾਬ ਦੀ ਆਜ਼ਾਦੀ ਦੀ ਲਹਿਰ ਬਾਰੇ ਚਾਨਣਾ ਪਾਇਆ। ਉਨ੍ਹਾਂ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਤੋਂ ਬਾਅਦ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਮੁਖੀ ਡਾ.ਗੁਰਫਤਿਹ ਸਿੰਘ ਨੇ ਆਜ਼ਾਦੀ ਘੁਲਾਟੀਆਂ ’ਤੇ ਇਕ ਸਵੈ-ਰਚਿਤ ਕਵਿਤਾ ਵੀ ਸਾਰਿਆਂ ਨਾਲ ਸਾਂਝੀ ਕੀਤੀ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਦੇ ਮੁਖੀ ਡਾ. ਨਵਨੀਤ ਚੋਪੜਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੈਬੀਨਾਰ ਨਾਲ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਮਾਰਚ 1930 ਨੂੰ ਮਹਾਤਮਾ ਗਾਂਧੀ ਵੱਲੋਂ ਪ੍ਰਸਿੱਧ ਡਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਇਸ ਗੱਲ ਨੂੰ ਵੀ ਸਾਂਝਾ ਕੀਤਾ ਕਿ ਜਸ਼ਨ ਦੀ ਸ਼ੁਰੂਆਤ ਡਾਂਡੀ ਮਾਰਚ ਦੀ ਵਰ੍ਹੇਗੰਢ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦੀ ਹੈ। ਉਨ੍ਹਾਂ ਆਜ਼ਾਦੀ ਸੰਗਰਾਮ 1857 ਤੋਂ ਆਜ਼ਾਦੀ ਤੱਕ ਦੇ ਸਮੇਂ ਦੀਆਂ ਵੱਖ ਵੱਖ ਘਟਨਾਵਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਅੰਤ ਵਿੱਚ ਡਾ. ਨੀਨਾ ਮਹਿਤਾ, ਡੀਨ ਸਟੂਡੈਂਟਸ ਵੈੱਲਫੇਅਰ, ਰਿਆਤ ਬਾਹਰਾ ਯੂਨੀਵਰਸਿਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਮਾਪਤੀ ਰਾਸ਼ਟਰਗਾਨ ਨਾਲ ਹੋਈ।
No comments:
Post a Comment