SBP GROUP

SBP GROUP

Search This Blog

Total Pageviews

ਚੱਪਡ਼ਚਿਡ਼ੀ ਦੀ ਧਰਤੀ ’ਤੇ ਨੌਜਵਾਨ ਕਿਸਾਨ ਏਕਤਾ ਵੱਲੋਂ ਕਿਸਾਨ ਮਹਾਂ ਸਭਾ ਕਰਵਾਉਣ ਦਾ ਫ਼ੈਸਲਾ

ਮੋਹਾਲੀ, ਗੁਰਪ੍ਰੀਤ ਸਿੰਘ ਕਾਂਸਲ 04 ਮਾਰਚ :

ਨੌਜਵਾਨ ਕਿਸਾਨ ਏਕਤਾ ਮੋਹਾਲੀ ਵੱਲੋਂ ਕ੍ਰਿਕਟ ਗਰਾਉਂਡ (ਫ਼ਤਿਹ ਬੁਰਜ ਨੇਡ਼ੇ) ਚੱਪਡ਼ਚਿਡ਼ੀ ਵਿੱਚ 7 ਮਾਰਚ ਨੂੰ ਕਿਸਾਨ ਮਹਾਂ ਸਭਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਬੰਧਕਾਂ ਵਿੱਚੋਂ ਪ੍ਰਨੀਤ ਸਿੰਘ, ਹਰਿੰਦਰ ਸਿੰਘ, ਦਿਲਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪਡ਼ਚਿਡ਼ੀ ਦੇ ਮੈਦਾਨ ਵਿਖੇ ਹੀ ਉਸ ਸਮੇਂ ਦੇ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਏ ਸਨ। ਇਸੇ ਕਰਕੇ ਖੇਤੀ ਨਾਲ ਹੀ ਜੁਡ਼ੇ ਇਸ ਕਿਸਾਨੀ ਮਸਲੇ ਬਾਰੇ ਕਿਸਾਨ ਮਹਾਂਸਭਾ ਵੀ ਚੱਪਡ਼ਚਿਡ਼ੀ ਦੀ ਉਸੇ ਪਵਿੱਤਰ ਧਰਤੀ ਉਤੇ ਹੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ 7 ਮਾਰਚ ਨੂੰ ਦੁਪਹਿਰ 2 ਵਜੇ ਤੋਂ ਸ਼ਾਮੀਂ 6 ਵਜੇ ਤੱਕ ਹੋਣ ਵਾਲੀ ਇਸ ਕਿਸਾਨ ਮਹਾਂ ਸਭਾ ਵਿੱਚ ਸੰਯੁਕਤ ਕਿਸਾਨ ਮੋਰਚੇ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚਡ਼ੂਨੀ, ਬਲਦੇਵ ਸਿੰਘ ਸਿਰਸਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣਗੇ। ਮਹਾਂਸਭਾ ਵਿੱਚ ਪੰਜਾਬੀ ਗਾਇਕ ਜੱਸ ਬਾਜਵਾ, ਬੀਰ ਸਿੰਘ, ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਕਰਮਜੀਤ ਅਨਮੋਲ, ਭਾਰਤੀ ਕਿਸਾਨ ਯੂਨੀਅਨ ਤੋਂ ਮੇਹਰ ਸਿੰਘ ਥੇਡ਼੍ਹੀ, ਰਵਿੰਦਰ ਸਿੰਘ ਦੇਹ ਕਲਾਂ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਨਵਦੀਪ ਸਿੰਘ, ਨੂਰ ਚਾਹਲ, ਗੌਰਵਦੀਪ ਸਿੰਘ, ਵਿਦਿਆਰਥੀ ਆਗੂ ਕਨੂੰਪ੍ਰਿਯਾ, ਪ੍ਰਤੀਕ ਮਾਨ ਸਭਾ ਵਿੱਚ ਮੁੱਖ ਬੁਲਾਰੇ ਹੋਣਗੇ ਜੋ ਕਿ ਪੇਂਡੂ ਲੋਕਾਂ ਤੋਂ ਇਲਾਵਾ ਸ਼ਹਿਰਾਂ ਵਿੱਚ ਵਸਦੇ ਲੋਕਾਂ ਨੂੰ ਵੀ ਕਿਸਾਨ ਅੰਦੋਲਨ ਪ੍ਰਤੀ ਜਾਗਰੂਕ ਕਰਨਗੇ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ ਤੋਂ ਹਰ ਆਮ ਵਿਅਕਤੀ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਣਗੇ।

ਨੌਜਵਾਨ ਕਿਸਾਨ ਏਕਤਾ ਚੰਡੀਗਡ਼੍ਹ, ਕਿਸਾਨ ਵੈੱਲਫ਼ੇਅਰ ਸੋਸਾਇਟੀ ਪੰਜਾਬ, ਗੁਰਦੁਆਰਾ ਤਾਲਮੇਲ ਕਮੇਟੀ ਮੋਹਾਲੀ, ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ, ਬਾਬਾ ਗਾਜ਼ੀਦਾਸ ਜੀ ਕਲੱਬ, ਯੂਨਾਈਟਿਡ ਸਿੱਖ, ਪੌਡ਼ੀਵਾਦੀ ਮੰਚ, ਬਾਜਵਾ ਡਿਵੈਲਪਰਜ਼, ਮੋਹਾਲੀ ਡਿਵੈਲਪਮੈਂਟ ਵੈਲਫ਼ੇਅਰ ਐਸੋਸੀਏਸ਼ਨ ਅਤੇ ਨਾਨਕ ਹੱਟ ਵਰਗੇ ਸੰਗਠਨ ਸਹਿਯੋਗ ਕਰ ਰਹੇ ਹਨ।

ਪ੍ਰਨੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਹਰ ਵਰਗ ਅਤੇ ਧਰਮ ਦੇ ਲੋਕ ਭਾਗ ਲੈਣਗੇ। ਅਵਨੀਤ ਸਿੰਘ ਨੇ ਦੱਸਿਆ ਕਿ ਕਿਸਾਨ, ਵਿਦਿਆਰਥੀ ਅਤੇ ਕਰਮਚਾਰੀ ਹਿੱਸਾ ਲੈਣ ਲਈ ਸੰਦੇਸ਼ ਭੇਜ ਰਹੇ ਹਨ। ਹਰਿੰਦਰ ਸਿੰਘ ਨੇ ਕਿਹਾ ਕਿ ਗੀਤ, ਕਵਿਤਾਵਾਂ ਅਤੇ ਭਾਸ਼ਣ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਹੋਣਗੇ। ਉਨ੍ਹਾਂ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਸ਼ਹਿਰੀ ਲੋਕਾਂ ਨੂੰ ਵੀ ਮਹਾਂਸਭਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

No comments:


Wikipedia

Search results

Powered By Blogger