ਮਾਜਰੀ, ਗੁਰਪ੍ਰੀਤ ਸਿੰਘ ਕਾਂਸਲ 10 ਮਾਰਚ : ਕਿਸਾਨਾਂ ਨੂੰ ਵਰਮੀ ਕੰਪੋਸਟ ਖਾਦ (ਗੰਡੋਏ ਖਾਦ) ਦੇ ਫਾਇਦੇ ਅਤੇ ਤਿਆਰ ਕਰਨ ਬਾਰੇ ਜਾਣਕਾਰੀ ਦੇਣ ਲਈ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਪਿੰਡ ਤੀੜਾ ਵਿਖੇ ਸਰਦਾਰ ਅਵਤਾਰ ਸਿੰਘ ਦੇ ਫਾਰਮ ਉੱਤੇ ਸਿਖਲਾਈ ਕੈਂਪ ਲਗਾਇਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਆਪਣੀ ਖੇਤੀ ਦਾ ਤਰੀਕਾ ਬਦਲਣ ਅਤੇ ਦੇਸੀ ਫਸਲਾਂ ਬੀਜਣ ਜਿਸ ਦੀ ਖੁਦ ਉਹ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨ ਤਾਂ ਜੋ ਖਪਤਕਾਰਾਂ ਨੂੰ ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਵਾਲਾ ਭੋਜਨ ਪ੍ਰਦਾਨ ਹੋ ਸਕੇ। ਕਿਸਾਨਾਂ ਨੂੰ ਦੱਸਿਆ ਗਿਆ ਕਿ ਇੰਜ ਖੇਤੀ ਕਰਨ ਨਾਲ ਜਿਥੇ ਖਪਤਕਾਰਾਂ ਨੂੰ ਸ਼ੁੱਧ ਪਦਾਰਥ ਮਿਲਣਗੇ ਉਥੇ ਕਿਸਾਨਾਂ ਦੀ ਆਮਦਨ ਚ ਵੀ ਵਾਧਾ ਹੋਵੇਗਾ ।
ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪਿੰਡ ਤੀੜਾ ਵਿਖੇ ਜਿਸ ਕਿਸਾਨ ਅਵਤਾਰ ਸਿੰਘ ਦੇ ਫਾਰਮ ਉੱਤੇ ਸਿਖਲਾਈ ਕੈਂਪ ਲਗਾਇਆ ਗਿਆ ਉਥੇ ਉਹ ਕਿਸਾਨ ਖੁਦ ਜੈਵਿਕ ਖੇਤੀ ਕਰਦੇ ਹਨ। ਉਹ ਆਪ ਵਰਮੀ ਕੰਪੋਸਟ ਖਾਦ ਤਿਆਰ ਕਰਕੇ ਆਪਣੇ ਖੇਤਾਂ ਵਿੱਚ ਵਰਤਦੇ ਹਨ ਅਤੇ ਹੋਰ ਲੋਕਾਂ ਨੂੰ ਵੀ ਵੇਚਦੇ ਹਨ। ਇਸ ਮੌਕੇ ਅਵਤਾਰ ਸਿੰਘ ਨੇ ਕੰਪੋਸਟ ਖਾਦ ਕਰਨ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਸਾਨਾਂ ਨੂੰ ਦੱਸਿਆ ਕਿ ਵਰਮੀ ਕੰਪੋਸਟ ਤਿਆਰ ਕਰਨ ਲਈ ਪਹਿਲਾਂ ਗੰਡੋਇਆ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈਡ ਬਣਾਉਣ ਦੀ ਲੋੜ ਹੈ। ਸ਼ੈਡ ਗਰਮੀ, ਸਰਦੀ ਅਤੇ ਤੇਜ ਮੀਂਹ-ਕਣੀ ਨੂੰ ਵੀ ਰੋਕਦਾ ਹੈ। ਵਰਮੀ ਕੰਪੋਸਟ ਖਾਦ ਬਣਾਉਣ ਲਈ ਸ਼ੈਡ ਥੈਲੇ ਬੈੱਡ ਦੀ ਚੌੜਾਈ 3 ਫੁੱਟ ਅਤੇ ਲੰਬਾਈ ਜਗਾਂ ਅਨੁਸਾਰ 6 ਤੋਂ 10 ਫੁੱਟ ਤੱਕ ਹੋ ਸਕਦੀ ਹੈ। ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸ਼ਬਜੀਆ ਦੀ ਰਹਿੰਦ ਖੂੰਹਦ, ਬੈਕਟੀਰੀਆ, ਉੱਲੀ ਆਦਿ ਨੂੰ ਖਾਂਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ। ਗੰਡੋਏ ਨਾਲ ਤਿਆਰ ਕੀਤੀ ਗਈ ਕੰਪੋਸਟ ਵਰਮੀਕੰਪੋਸਟ ਕਹਾਉਂਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗੰਡੋਏ ਖਾਦ ਦੇ ਬਹੁਤ ਫਾਇਦੇ ਹਨ ਇਹ ਮਿੱਟੀ ਵਿੱਚ ਮੌਜੂਦ ਪਦਾਰਥ ਦੇ ਮਿਸ਼ਰਣ ਚ ਆਸਾਨੀ ਹੁੰਦੀ ਹੈ, ਫਸਲ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ, ਜੈਵਿਕ ਪਦਾਰਥ ਵਿੱਚ ਗਲਣ ਸੜਨ ਦੀ ਪ੍ਰਕਿਰਿਆ ਦਾ ਵਾਧਾ ਹੁੰਦਾ ਹੈ। ਵਰਮੀ ਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ।ਇਸ ਮੌਕੇ ਇਲਾਕੇ ਦੇ ਮੋਹਤਵਰ ਕਿਸਾਨ ਹਾਜ਼ਰ ਸਨ
No comments:
Post a Comment