ਜਲੰਧਰ, 01 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਸਾਬਕਾ ਡਿਪਟੀ ਮੇਅਰ ਪਰਵੇਸ਼ ਤਾਂਗੜੀ, ਸਾਬਕਾ ਪੀਐਸਐਸਸੀ ਡਾਇਰੈਕਟਰ ਅਤੇ ਵਾਰਡ ਨੰਬਰ 78 ਤੋਂ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਐਮਸੀ ਰਾਜ ਕੁਮਾਰ ਰਾਜੂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।
ਜਗਦੀਸ਼ ਸਮਰਾਏ ਇੱਕ ਉੱਘੇ ਨੇਤਾ ਹਨ, ਉਹ ਪੀਪੀਸੀਸੀ ਵਿੱਚ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਇਹਨਾਂ ਸਾਰੇ ਆਗੂਆਂ ਦਾ ਆਪਣੀ ਪਾਰਟੀਆਂ ਨੂੰ ਛੱਡ ਜਾਣਾ ਭਾਜਪਾ ਅਤੇ ਕਾਂਗਰਸ ਲਈ ਵੱਡਾ ਝਟਕਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ 'ਚ 'ਆਪ' ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ। ਮਾਨ ਨੇ ਕਿਹਾ ਕਿ ‘ਆਪ’ ਵਿੱਚ ਸਾਰੀਆਂ ਪੰਜਾਬ ਪੱਖੀ ਆਵਾਜ਼ਾਂ ਦਾ ਸੁਆਗਤ ਹੈ, ਅਸੀਂ ਇੱਕ ਪਰਿਵਾਰ ਵਾਂਗ ਹਾਂ ਅਤੇ ਸਾਡਾ ਮੁੱਖ ਉਦੇਸ਼ ਉਨ੍ਹਾਂ ਸਾਰੇ ਲੋਕਾਂ ਨੂੰ ਪਲੇਟਫ਼ਾਰਮ ਦੇਣਾ ਹੈ ਜੋ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਇਨ੍ਹਾਂ ਦੇ ਆਗੂ ਲਗਾਤਾਰ 'ਆਪ' 'ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਰੇ ਆਗੂ ਆਪਣਾ ਭਵਿੱਖ ਅਤੇ ਪੰਜਾਬ ਦਾ ਭਵਿੱਖ 'ਆਪ' 'ਚ ਦੇਖਦੇ ਹਨ। ਮਾਨ ਨੇ ਅੱਗੇ ਕਿਹਾ ਕਿ ਜਲੰਧਰ ਪੱਛਮੀ ਤੋਂ 'ਆਪ' ਦੇ ਉਮੀਦਵਾਰ ਮੋਹਿੰਦਰ ਭਗਤ ਇਕ ਇਮਾਨਦਾਰ ਨੇਤਾ ਹਨ, ਲੋਕ ਉਨ੍ਹਾਂ ਨੂੰ ਵੱਡੇ ਮਾਰਜਨ ਨਾਲ ਜਿਤਾਉਣਗੇ।
ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਵਿਧਾਇਕ ਰਮਨ ਅਰੋੜਾ, ਗੁਰਪ੍ਰੀਤ ਸਿੰਘ ਬਨਾਵਾਲੀ ਅਤੇ ਬਰਿੰਦਰ ਗੋਇਲ ਵੀ ਹਾਜ਼ਰ ਸਨ।
No comments:
Post a Comment