ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 23 ਮਾਰਚ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੈਟਰਨਲ ਡੈਥ ਸਰਵੀਲੈਂਸ ਐਂਡ ਰਿਸਪਾਂਸ (ਐਮ.ਡੀ.ਐਸ.ਆਰ.) ਵਿਸ਼ੇ ਤੇ ਦੋ ਦਿਨਾ ਸਿਖਲਾਈ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਏ.ਐਨ.ਐਮਜ਼ ਨੇ ਹਿੱਸਾ ਲਿਆ। ਟਰੇਨਿੰਗ ਸੈਸ਼ਨ ਦੇ ਪਹਿਲੇ ਦਿਨ ਸਿਹਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਕਈ ਵਾਰ ਵੱਖੋ-ਵੱਖ ਕਾਰਨਾਂ ਕਰਕੇ ਗਰਭ ਦੌਰਾਨ, ਜਣੇਪੇ ਸਮੇਂ ਜਾਂ ਜਣੇਪੇ ਤੋਂ ਫੌਰੀ ਬਾਅਦ ਮਾਂ ਦੀ ਮੌਤ ਹੋ ਜਾਂਦੀ ਹੈ ਜੋ ਗੰਭੀਰ ਵਿਸ਼ਾ ਹੈ। ਇਸੇ ਚਿੰਤਾ ਨੂੰ ਮੁੱਖ ਰੱਖਦਿਆਂ ਇਹ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਹੈ ਤਾਂ ਜੋ ਅਜਿਹੀਆਂ ਮੌਤਾਂ ਦੇ ਕਾਰਨਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਘੋਖ ਕੀਤੀ ਜਾ ਸਕੇ।
ਸਿਵਲ ਸਰਜਨ ਨੇ ਕਿਹਾ ਕਿ ਇਸ ਸਿਖਲਾਈ ਦਾ ਮਕਸਦ ਅਜਿਹੀਆਂ ਮੌਤਾਂ ਦੇ ਵੱਖੋ-ਵੱਖ ਕਾਰਨਾਂ ਨੂੰ ਸਿਰਫ਼ ਪਛਾਣਨਾ ਤੇ ਘੋਖਣਾ ਨਹੀਂ ਸਗੋਂ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਅਜਿਹੀਆਂ ਨੀਤੀਆਂ ਬਨਾਉਣ ਲਈ ਸੁਝਾਅ ਵੀ ਦੇਣਾ ਹੈ ਤਾਕਿ ਅਜਿਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਐਮ.ਡੀ.ਐਸ.ਆਰ. ਦਾ ਅਜਿਹੀਆਂ ਔਰਤਾਂ ਦੀਆਂ ਮੌਤਾਂ ਨੂੰ ਰੋਕਣ ਵਿੱਚ ਵੱਡਾ ਰੋਲ ਹੈ ਅਤੇ ਲੋੜ ਹੈ ਕਿ ਇਸ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਦਿਆਂ ਇਸ ਨੂੰ ਬਿਹਤਰ ਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇ।
ਸਿਖਲਾਈ ਸੈਸ਼ਨ ਵਿਚ ਸੀਨੀਅਰ ਮੈਡੀਕਲ ਅਫ਼ਸਰਾਂ ਤੇ ਹੋਰ ਸਟਾਫ਼ ਨੇ ਵੀ ਆਪੋ-ਅਪਣੇ ਵਿਚਾਰ ਪ੍ਰਗਟ ਕੀਤੇ ਅਤੇ ਸੀਨੀਅਰ ਅਧਿਕਾਰੀਆਂ ਕੋਲੋਂ ਵੱਖ ਵੱਖ ਪੱਖਾਂ ਦੀ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਵਿਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਡਾ. ਵਨੀਤ ਨਾਗਪਾਲ, ਡਾ. ਇੰਦਰਦੀਪ ਕੌਰ ਅਤੇ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਵੀ ਮੌਜੂਦ ਸਨ।
No comments:
Post a Comment