ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 23 ਮਾਰਚ : ਲੀਡ ਬੈਂਕ ਦਫ਼ਤਰ, ਪੰਜਾਬ ਨੈਸ਼ਨਲ ਬੈਂਕ, ਐਸ.ਏ.ਐਸ.ਨਗਰ ਨੇ ਦਸੰਬਰ, 2020 ਦੀ ਤਿਮਾਹੀ ਸਬੰਧੀ ਲਈ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਬੁਲਾਈ। ਇਸ ਮੀਟਿੰਗ ਵਿਚ ਸਮੂਹ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਏ.ਡੀ.ਸੀ. (ਡੀ) ਸ੍ਰੀ ਡਾ. ਰਾਜੀਵ ਕੁਮਾਰ ਗੁਪਤਾ ਨੇ ਕੀਤੀ। ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਐਸ.ਏ.ਐਸ.ਨਗਰ ਸ੍ਰੀ ਉਪਕਾਰ ਸਿੰਘ ਨੇ ਏ.ਡੀ.ਸੀ. (ਡੀ), ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ, ਜ਼ਿਲ੍ਹਾ ਕੋਆਰਡੀਨੇਟਰ, ਸਰਕਾਰੀ ਅਧਿਕਾਰੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਸੁਆਗਤ ਕੀਤਾ।
ਏਡੀਸੀ (ਡੀ) ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਸਾਲਾਨਾ ਕਰੈਡਿਟ ਯੋਜਨਾ 2020-21 ਅਧੀਨ ਦਸੰਬਰ, 2020 ਸਬੰਧੀ ਤਿਮਾਹੀ ਲਈ ਸਾਰੇ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਬੈਂਕਾਂ ਨੂੰ ਪ੍ਰਧਾਨ ਮੰਤਰੀ ਸਵਾਨਿਧੀ (ਪ੍ਰਧਾਨ ਮੰਤਰੀ ਆਤਮ ਨਿਰਭਰ ਨਿਧੀ) ਸਬੰਧੀ ਅਰਜ਼ੀਆਂ ਅਤੇ ਸਰਕਾਰੀ ਸਕੀਮਾਂ ਜਿਵੇਂ ਡੇਅਰੀ ਫਾਰਮਰਾਂ ਨੂੰ ਕਿਸਾਨ ਕ੍ਰੈਡਿਟ ਕਾਰਡ, ਸਵੈ ਸਹਾਇਤਾ ਸਮੂਹ ਕ੍ਰੈਡਿਟ ਲਿੰਕੇਜ ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਆਦਿ ਨਾਲ ਸਬੰਧਤ ਹੋਰ ਬਕਾਇਆ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਕਿਹਾ।
ਚੀਫ ਐਲ.ਡੀ.ਐਮ. ਸ੍ਰੀ ਉਪਕਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਨੇ 40 ਫੀਸਦੀ ਰਾਸ਼ਟਰੀ ਟੀਚੇ ਦੇ ਮੁਕਾਬਲੇ 58.68 ਫੀਸਦੀ ਟੀਚੇ ਦੀ ਪ੍ਰਾਪਤੀ ਨਾਲ ਪ੍ਰਾਥਮਿਕਤਾ ਸੈਕਟਰ ਦੇ ਟੀਚਿਆਂ ਨੂੰ ਪਛਾੜ ਦਿੱਤਾ ਹੈ। ਕ੍ਰੈਡਿਟ ਡਿਪਾਜ਼ਿਟ ਅਨੁਪਾਤ 60 ਫੀਸਦੀ, ਰਾਸ਼ਟਰੀ ਟੀਚੇ ਦੇ ਮੁਕਾਬਲੇ 65.63 ਫੀਸਦੀ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 31.12.2020 ਤੱਕ 23037 ਲਾਭਪਾਤਰੀਆਂ ਨੂੰ ਕਰਜ਼ੇ ਲਈ ਪ੍ਰਵਾਨਗੀ ਦਿੱਤੀ ਗਈ। 31.12.2020 ਤੱਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 1,41,717 ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 49,509 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ। ਸ੍ਰੀ ਉਪਕਾਰ ਸਿੰਘ ਨੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਗਈਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਜੀਵਨ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ 'ਤੇ ਵਿਸ਼ੇਸ਼ ਧਿਆਨ ਦੇਣ।
ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਸ੍ਰੀ ਸੰਜੀਵ ਕੁਮਾਰ ਸ਼ਰਮਾ ਨੇ ਡੇਅਰੀ ਅਤੇ ਪੌਲੀ ਹਾਊਸ ਸਬੰਧੀ ਜੁਆਇੰਟ ਲਾਇਬਿਲੀਟੀ ਗਰੁੱਪਾਂ, ਸਵੈ ਸਹਾਇਤਾ ਸਮੂਹਾਂ ਅਤੇ ਖੇਤਰ ਵਿਕਾਸ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੰਤਵ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕਿਸਾਨ ਉਤਪਾਦਨ ਸੰਸਥਾਵਾਂ ਦੇ ਗਠਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਭਾਰਤੀ ਰਿਜ਼ਰਵ ਬੈਂਕ ਦੇ ਲੀਡ ਡਿਸਟ੍ਰਿਕਟ ਅਫ਼ਸਰ ਸ੍ਰੀ ਕ੍ਰਿਸ਼ਨ ਵਿਸ਼ਵਾਸ ਨੇ ਕਿਹਾ ਕਿ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੇਂਡੂ ਬੈਂਕ ਸ਼ਾਖਾਵਾਂ ਵਿੱਤੀ ਸਾਖਰਤਾ ਕੈਂਪ ਲਗਾ ਸਕਦੀਆਂ ਹਨ। ਹਾਲਾਂਕਿ, ਅਜਿਹੇ ਕੈਂਪਾਂ ਦੇ ਆਯੋਜਨ ਸਮੇਂ ਕੋਵਿਡ ਸਬੰਧੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੈਂਕਾਂ ਨੇ ਸ਼ਾਖਾਵਾਂ, ਏ.ਟੀ.ਐਮਜ਼ ਅਤੇ ਬੀ.ਸੀ. ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਇਆ ਅਤੇ ਨਿਰਵਿਘਨ ਬੈਂਕਿੰਗ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ। ਉਹਨਾਂ ਨੇ ਬੈਂਕਾਂ ਵੱਲੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਚੀਫ ਐਲ.ਡੀ.ਐਮ. ਸ੍ਰੀ ਉਪਕਾਰ ਸਿੰਘ ਨੇ ਏ ਡੀ ਸੀ (ਡੀ) ਦੀ ਵਡਮੁੱਲੀ ਸੇਧ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਇਆ ਕਿ ਬੈਂਕਾਂ ਵੱਲੋਂ ਸਾਰੀਆਂ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਜ਼ਿਲ੍ਹੇ ਦੇ ਸਾਰੇ ਤਰਜੀਹੀ ਖੇਤਰਾਂ ਨਾਲ ਸਬੰਧਤ ਟੀਚਿਆਂ ਨੂੰ ਪ੍ਰਾਪਤ ਕਰਨਗੇ।
No comments:
Post a Comment