ਮੋਹਾਲੀ, ਗੁਰਪ੍ਰੀਤ ਸਿੰਘ ਕਾਂਸਲ 09 ਮਾਰਚ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 7 (ਫੇਜ਼ 5) ਤੋਂ ਕਾਂਗਰਸੀ ਕੌਂਸਲਰ ਬੀਬੀ ਬਲਜੀਤ ਕੌਰ ਦੀ ਅਗਵਾਈ ਹੇਠ ਰਾਮਲੀਲਾ ਗਰਾਉਂਡ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਦੀ ਪਤਨੀ ਬੀਬੀ ਦਲਜੀਤ ਕੌਰ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਬੀਬੀ ਜਤਿੰਦਰ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਦੇ ਸਪੁੱਤਰ ਸੰਗੀਤਕਾਰ ਸਚਿਨ ਆਹੂਜਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ।
ਪ੍ਰੋਗਰਾਮ ਵਿੱਚ ਬੀਬੀ ਦਲਜੀਤ ਕੌਰ ਸਿੱਧੂ, ਜਤਿੰਦਰ ਕੌਰ ਸਿੱਧੂ, ਮੰਦਰ ਕੀਰਤਨ ਸਭਾ ਫੇਜ਼ 5 ਦੀ ਪ੍ਰਧਾਨ ਸ੍ਰੀਮਤੀ ਰਾਜ ਬਾਲਾ, ਪਿੰਡ ਬਲੌਂਗੀ ਦੀ ਸਾਬਕਾ ਸਰਪੰਚ ਭਿੰਦਰ ਕੌਰ ਅਤੇ ਸੰਗੀਤਕਾਰ ਸਚਿਨ ਆਹੂਜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਸਫ਼ਾਈ ਕਰਮਚਾਰੀ ਵੀ ਸਨਮਾਨਿਤ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਦਲਜੀਤ ਕੌਰ ਸਿੱਧੂ ਨੇ ਕੌਂਸਲਰ ਬਲਜੀਤ ਕੌਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਔਰਤਾਂ ਜਿੱਥੇ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ ਉਥੇ ਹੀ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਵਿੱਚ ਵੀ ਔਰਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਕੌਂਸਲਰ ਬਲਜੀਤ ਕੌਰ ਨੇ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਰੱਖੇ ਗਏ ਇਸ ਬਜਟ ਸ਼ੈਸ਼ਨ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਵਿੱਚ ਦੁੱਗਣਾ ਵਾਧਾ, ਸ਼ਗਨ ਸਕੀਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਕੇ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਸਫ਼ਰ ਬਿਲਕੁਲ ਮੁਫ਼ਤ ਕਰਕੇ ਔਰਤਾਂ ਨੂੰ ਬਹੁਤ ਵੱਡੇ ਮਾਣ ਸਨਮਾਨ ਬਖਸ਼ੇ ਹਨ ਜਿਸ ਦੇ ਲਈ ਪੰਜਾਬ ਦੀ ਔਰਤ ਕੈਪਟਨ ਅਮਰਿੰਦਰ ਸਿੰਘ ਦੀ ਤਹਿ ਦਿਲੋਂ ਧੰਨਵਾਦੀ ਹੈ।
ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸੁੱਖੀ ਬਰਾਡ਼ ਨੇ ਲੱਚਰਤਾ ਤੋਂ ਕੋਹਾਂ ਦੂਰ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਮਹਿਲਾ ਦਿਵਸ ਨੂੰ ਯਾਦਗਾਰੀ ਬਣਾਇਆ। ਗਾਇਕਾ ਸੁੱਖੀ ਬਰਾਡ਼ ਨੇ ‘ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਐ’, ‘ਜੱਟੀ ਹਾਂ ਪੰਜਾਬ ਦੀ’ ਵਰਗੇ ਗੀਤਾਂ ਸਮੇਤ ‘ਲੋਕ ਬੋਲੀਆਂ’ ਗਾ ਕੇ ਪ੍ਰੋਗਰਾਮ ਵਿੱਚ ਹਾਜ਼ਰ ਦਰਸ਼ਕਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁਡ਼ੇ ਰਹਿਣ ਦਾ ਸੰਦੇਸ਼ ਦਿੱਤਾ।
ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੇ ਇਕਬਾਲ ਗੁੰਨੋਮਾਜਰਾ ਨੇ ਕਿਹਾ ਕਿ ਤਾਂ ਹੀ ਮਹਿਲਾ ਦਿਵਸ ਸਹੀ ਮਾਇਨਿਆਂ ਵਿੱਚ ਸੰਭਵ ਹੋ ਸਕੇਗਾ ਜਦੋਂ ਸਾਡੀਆਂ ਧੀਆਂ-ਬੇਟੀਆਂ ਆਪਣੇ ਬਜ਼ੁਰਗਾਂ ਦੀ ਸਹੀ ਅਰਥਾਂ ਵਿੱਚ ਸੰਭਾਲ ਕਰਨਗੀਆਂ।
ਇਸ ਮੌਕੇ ਪਰਮਜੀਤ ਕੌਰ ਅਜੀਮਲ, ਮੰਜੂ, ਮਨਦੀਪ ਕੌਰ, ਰਕਸ਼ਾ ਰਾਣੀ, ਕਿਰਨ, ਕਾਂਤਾ ਰਾਣੀ, ਸੁਦਰਸ਼ਨ ਜੈਨ, ਮਨਮੋਹਨ ਸਿੰਘ, ਰਮਨ ਥਰੇਜਾ, ਵਿਜੇ ਸ਼ੰਕਰ ਆਦਿ ਸਮੇਤ ਵਾਰਡ ਨੰਬਰ 7 ਦੇ ਪਤਵੰਤੇ ਹਾਜ਼ਰ ਸਨ।
No comments:
Post a Comment