SBP GROUP

SBP GROUP

Search This Blog

Total Pageviews

ਮਹਿਲਾ ਦਿਵਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਮਹਿਲਾ ਸਖ਼ਸ਼ੀਅਤਾਂ ਦਾ ‘ਵੂਮੈਨ ਆਈਕਨ ਆਫ਼ ਦ ਈਅਰ’ ਪੁਰਸਕਾਰ ਨਾਲ ਕੀਤਾ ਸਨਮਾਨ

ਖਰੜ, ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ : ਔਰਤਾਂ ਦੀ ਅਧਿਕਾਰਾਂ ਅਤੇ ਬਰਾਬਰਤਾ ਦੀ ਰਾਖੀ ਲਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਰਿਪੋਰਟ ’ਚ ਦਰਸਾਇਆ ਗਿਆ ਹੈ ਕਿ ਸਿਰਫ਼ 42.2 ਫ਼ੀਸਦੀ ਔਰਤਾਂ ਹੀ ਮਰਦਾਂ ਦੇ ਬਰਾਬਰ ਉਜ਼ਰਤ ਪ੍ਰਾਪਤ ਕਰਦੀਆਂ ਹਨ, ਜਿਸ ’ਚ ਜ਼ਿਆਦਾਤਰ ਸਰਕਾਰੀ ਖੇਤਰ ’ਚ ਕੰਮ ਕਰਨ ਵਾਲੀਆਂ ਔਰਤਾਂ ਸ਼ਾਮਲ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿਧ ਸਮਾਜ ਸੇਵੀ, ਲੇਖਿਕਾ ਅਤੇ ਟੀ.ਈ.ਡੀਐਕਸ ਸਪੀਕਰ ਸੁਪ੍ਰੀਤ ਧੀਮਾਨ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਈ ਵਿਚਾਰ ਗੋਸ਼ਟੀ ਦੌਰਾਨ ਕੀਤਾ। ਉਹ ਅੱਜ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ’ਮਹਿਲਾ ਸਸ਼ਕਤੀਕਰਨ: ਦੇਸ਼ ਦੇ ਸਮਾਜਕ-ਆਰਥਿਕ ਵਿਕਾਸ ਦੀ ਕੁੰਜੀ’ ਵਿਸ਼ੇ ’ਤੇ ਪ੍ਰਭਾਵਸ਼ਾਲੀ ਵਿਚਾਰ ਚਰਚਾ ਦਾ ਵਿਸ਼ੇਸ਼ ਤੌਰ ’ਤੇ ਹਿੱਸਾ ਬਣੇ। ਵਿਚਾਰ ਚਰਚਾ ਦੌਰਾਨ ਸਾਹਿਤ, ਖੇਡਾਂ, ਸਮਾਜ ਸੇਵਾ, ਸਵੈ-ਰੋਜ਼ਗਾਰ, ਮੰਨੋਰੰਜਨ ਜਗਤ ਆਦਿ ਖੇਤਰਾਂ ’ਚ ਮਹਿਲਾਵਾਂ ਲਈ ਰੋਲ ਮਾਡਲ ਬਣੀਆਂ ਮਹਿਲਾ ਸਖ਼ਸ਼ੀਅਤਾਂ ਨੇ ਵਿਚਾਰਾਂ ਦੀ ਸਾਂਝ ਪਾਈ।


ਸਮਾਗਮ ਦੌਰਾਨ ਸਾਹਿਤ, ਖੇਡਾਂ, ਸਮਾਜ ਸੇਵਾ, ਸਵੈ-ਰੋਜ਼ਗਾਰ, ਮੰਨੋਰੰਜਨ ਜਗਤ ਆਦਿ ਖੇਤਰਾਂ ’ਚ ਬੁਲੰਦੀਆਂ ਨੂੰ ਛੂਹਣ ਵਾਲੀਆਂ ਮਹਿਲਾਵਾਂ ਦਾ ’ਵੂਮੈਨ ਆਈਕਨ ਆਫ਼ ਦ ਈਅਰ’ ਪੁਰਸਕਾਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਸ ’ਚ ਪ੍ਰਸਿੱਧ ਲੇਖਿਕਾ ਕਾਨਾ ਸਿੰਘ, ਸੀਨੀਅਰ ਪੱਤਰਕਾਰ ਮਿਨਾਕਸ਼ੀ ਵਸ਼ਿਸ਼ਠ, ਉਘੇ ਫੈਸ਼ਨ ਡਿਜ਼ਾਇਨਰ, ਉਦਮੀ ਅਤੇ ਸਮਾਜ ਸੇਵੀ ਲਲਿਤਾ ਚੌਧਰੀ, ਸਮਾਜ ਸੇਵੀ, ਲੇਖਿਕਾ ਅਤੇ ਟੀ.ਈ.ਡੀਐਕਸ ਸਪੀਕਰ ਸੁਪ੍ਰੀਤ ਧੀਮਾਨ, ਭਾਰਤੀ ਨਿਸ਼ਾਨੇਬਾਜ਼ ਗੌਰੀ ਸ਼ਿਓਰਾਨ ਅਤੇ ਮਿਸ ਗ੍ਰੈਂਡ ਇੰਟਰਨੈਸ਼ਨਲ ਪੰਖੁੜੀ ਗਡਵਾਨੀ ਅਤੇ 92.7 ਬਿੱਗ ਐਫ਼.ਐਮ ਦੇ ਆਰ.ਜੇ ਮਿਸ ਮੇਗਾ ਦਾ ਨਾਮ ਸ਼ਾਮਲ ਹੈ। ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।


ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਸੁਪ੍ਰੀਤ ਧੀਮਾਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਲੜਕੀਆਂ ਦੀ ਕਾਰਗੁਜ਼ਾਰੀ ਲੜਕਿਆਂ ਨਾਲੋਂ ਵਧੀਆ ਹੈ, ਪਰ ਉਨ੍ਹਾਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਢੁੱਕਵੇਂ ਮੌਕੇ ਅਤੇ ਸਾਧਨ ਨਹੀਂ ਮਿਲਦੇ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰਾਂ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਜਾਰੀ ਕੀਤੀਆਂ ਹਨ, ਪਰ ਇਨ੍ਹਾਂ ਯਤਨਾਂ ਦੀ ਜ਼ਮੀਨੀ ਪੱਧਰ ’ਤੇ ਪਹੁੰਚ ਹੋਣੀ ਸਮੇਂ ਦੀ ਮੁੱਖ ਜ਼ਰੂਰਤ ਹੈ। ਇਸ ਤੋਂ ਇਲਾਵਾ 2017 ’ਚ ਰਾਸ਼ਟਰੀ ਪੱਧਰ ’ਤੇ ਹੋਏ ਸਰਵੇਖਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੱਜ ਵੀ ਕੰਮ ਕਰਨ ਵਾਲੀਆਂ ਥਾਵਾਂ ’ਤੇ 88 ਪ੍ਰਤੀਸ਼ਤ ਔਰਤਾਂ ਜਿਣਸ਼ੀ ਸ਼ਿਕਾਰ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਔਰਤਾਂ ਦਾ ਅਜਿਹੇ ਅਪਰਾਧਾਂ ਵਿਰੁੱਧ ਬਣੇ ਕਾਨੂੰਨਾਂ ਪ੍ਰਤੀ ਚੇਤੰਨ ਹੋਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਕਿਸੇ ਨੂੰ ਸਿਰਫ਼ ਕਾਗ਼ਜ਼ਾਂ ’ਤੇ ਨਿਯਮਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਲੜਕੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।


ਇਸ ਮੌਕੇ ਬੋਲਦਿਆਂ ਸਮਾਜ ਸੇਵੀ ਲਲਿਤਾ ਚੌਧਰੀ ਨੇ ਕਿਹਾ ਕਿ ਬੇਸ਼ੱਕ ਅਜੋਕੇ ਦੌਰ ’ਚ ਔਰਤਾਂ ਨੂੰ ਬਰਾਬਰਤਾ ਅਤੇ ਅਧਿਕਾਰਾਂ ਪ੍ਰਤੀ ਚੇਤੰਨ ਕਰਨ ਲਈ ਸੰਸਥਾਵਾਂ ਵੱਲੋਂ ਹੰਭਲੇ ਮਾਰੇ ਜਾ ਰਹੇ ਹਨ, ਪਰ ਔਰਤਾਂ ਨੂੰ ਮੌਜੂਦਾ ਦੌਰ ’ਚ ਖੁਦ ਆਪਣੀ ਆਜ਼ਾਦੀ ਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ।ਆਜ਼ਾਦੀ ਦੇ ਅਸਲ ਅਰਥਾਂ ਦੀ ਪਹਿਚਾਣ ਨਾਲ ਔਰਤਾਂ ਨਰੋਏ ਰਾਸ਼ਟਰ ਨਿਰਮਾਣ ਅਤੇ ਪਰਿਵਾਰਕ ਕਲਿਆਣ ’ਚ ਆਪਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਨਾਰੀਵਾਦ ਅਤੇ ਮਹਿਲਾ ਸਸ਼ਕਤੀਕਰਨ ਨੂੰ ਦੋ ਵੱਖ-ਵੱਖ ਚੀਜ਼ਾਂ ਕਰਾਰ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਬੰਦਿਸ਼ਾਂ ਦੇ ਵਾਤਾਵਰਣ ’ਚੋਂ ਬਾਹਰ ਆਉਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਸ਼ਕਤ ਨਾਰੀ ਹੀ ਸਸ਼ਕਤ ਸਮਾਜ ਦਾ ਨਿਰਮਾਣ ਕਰਦੀ ਹੈ। ਉਨ੍ਹਾਂ ਕਿਹਾ ਕਿ ਵੋਕਲ ਫ਼ਾਰ ਲੋਕਲ ਨੂੰ ਮਕਬੂਲ ਬਣਾਉਣ ਲਈ ਔਰਤਾਂ ਦੀ ਸ਼ਮੂਲੀਅਤ ਅਹਿਮ ਦੱਸਿਆ। ਜਿਸ ਪ੍ਰਤੀ ਜਾਗਰੂਕਤਾ ਲਈ ਸ਼ੁਰੂਆਤ ਹਰ ਤਬਕੇ ਅਤੇ ਹਰ ਪਿੰਡ ਤੋਂ ਕਰਨੀ ਪਵੇਗੀ।

ਇਸ ਮੌਕੇ ਮਹਿਲਾ ਸਸ਼ਕਤੀਕਰਨ ਦੀ ਪ੍ਰੀਭਾਸ਼ਾ ਸਬੰਧੀ ਗੱਲਬਾਤ ਕਰਦਿਆਂ ਸ਼੍ਰੀਮਤੀ ਕਾਨਾ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਔਰਤਾਂ ਦੀ ਹਰ ਖੇਤਰ ’ਚ ਅਹਿਮ ਪ੍ਰਤੀਨਿਧਤਾ ਹੈ। ਔਰਤਾਂ ਨੂੰ ਮਰਦਾਂ ਵਰਗਾ ਬਣਨ ਦੀ ਬਜਾਏ ਆਪਣੇ ਵਿਅਕਤਿਤਵ ਨੂੰ ਪਛਾਣਨ ਅਤੇ ਸਮਝਣ ਦੀ ਲੋੜ ਹੈ। ਔਰਤਾਂ ਪਹਿਲਾਂ ਤੋਂ ਹੀ ਬਹੁਤ ਸ਼ਕਤੀਸ਼ਾਲੀ ਹਨ, ਜੋ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਹਰ ਖੇਤਰ ’ਚ ਆਪਣੀ ਸਰਵਉਚਿਤਾ ਸਿੱਧ ਕਰ ਰਹੀਆਂ ਹਨ। ’ਚਾਹੀਦਾ ਚਾਹੀਦਾ ਹੈ ਇੱਕ ਸਾਥ’ ਕਵਿਤਾ ਦੀਆਂ ਸਤਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਾਥ ਦੀ ਜ਼ਰੂਰਤ ਹੁੰਦੀ ਹੈ, ਜੋ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਅਤੇ ਤਾਕਤ ਦਿੰਦੀ ਹੈ।

ਨਿਸ਼ਾਨੇਬਾਜ਼ ਗੌਰੀ ਸ਼ਿਓਰਾਨ ਨੇ ਕਿਹਾ ਕਿ ਖੇਡ ਖੇਤਰ ’ਚ ਔਰਤਾਂ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਹਰ ਖੇਤਰ ’ਚ ਔਰਤਾਂ ਅਤੇ ਮਰਦਾਂ ਲਈ ਬਰਾਬਰ ਸਨਮਾਨ ਰਾਸ਼ੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ’ਚ ਹੋਰ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਵਧੇਰੇ ਮੌਕੇ ਅਤੇ ਸਹੀ ਮੰਚ ਦਿੱਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਮੀਨਾਕਸ਼ੀ ਵਸ਼ਿਸ਼ਠਾ ਨੇ ਕਿਹਾ ਕਿ ਸਥਾਨਕ ਤੋਂ ਲੈ ਰਾਜ ਪੱਧਰ ਤੱਕ ਬਣੀਆ ਵੱਖ-ਵੱਖ ਕਮੇਟੀਆਂ ਨੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ’ਚ ਵੱਡਾ ਯੋਗਦਾਨ ਪਾਇਆ ਹੈ, ਜਿਥੇ ਔਰਤਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਔਰਤਾਂ ਸਬੰਧੀ ਸਮਾਜ ’ਚ ਬਦਲਾਅ ਵੱਡੇ ਪੱਧਰ ’ਤੇ ਦੇਖੇ ਜਾ ਸਕਦੇ ਹਨ। ਇਸ ਮੌਕੇ ਬੋਲਦਿਆਂ ਪੰਖੁੜੀ ਗਡਵਾਨੀ ਨੇ ਕਿਹਾ ਕਿ ਔਰਤਾਂ  ਨੂੰ ਆਪਣੇ ਆਪ ’ਚ ਵਿਸ਼ਵਾਸ ਕਰਨਾ ਚਾਹੀਦਾ ਹੈ। ਉਨ੍ਹਾਂ ਔਰਤਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਨਾਲ ਜੋੜਨ ਲਈ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਸ਼ਲਾਘਾਯੋਗ ਦੱਸਿਆ।ਅਜਿਹੀਆਂ ਪਹਿਲਕਦਮੀਆਂ ਔਰਤਾਂ ਨਾਲ ਸਵੈ-ਨਿਰਭਰਤਾ ਅਪਣਾ ਕੇ ਆਰਥਿਕ ਅਤੇ ਸਮਾਜਿਕ ਪੱਧਰ ’ਤੇ ਰਾਸ਼ਟਰ ਨਿਰਮਾਣ ’ਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ।

ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੂਜਿਆਂ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਸਦੀਆਂ ਤੋਂ ਹੀ ਧਾਰਮਿਕ ਗ੍ਰੰਥਾਂ ਅਤੇ ਉਪਦੇਸ਼ਾਂ ’ਚ ਉਚ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਅਧਿਕਾਰਾਂ, ਮੌਕਿਆਂ ਅਤੇ ਸੰਭਾਵਨਾਵਾਂ ਦੇ ਮਾਧਿਅਮ ਰਾਹੀਂ ਸਮਾਜ ’ਚ ਔਰਤਾਂ ਨੂੰ ਬਰਾਬਰਤਾ ਦਾ ਹੱਕ ਮਿਲਣਾ ਅਹਿਮ ਦੱਸਿਆ। ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਗਲੇ ਸਾਲ ਮਹਿਲਾ ਦਿਵਸ ਸਬੰਧੀ ਸਮਾਗਮ ਅਜਿਹੇ ਲੋੜੀਂਦੇ ਸਥਾਨ ’ਤੇ ਮਨਾਇਆ ਜਾਵੇਗਾ ਜਿਥੇ ਔਰਤਾਂ ਦੇ ਅਧਿਕਾਰਾਂ ਅਤੇ ਬਰਾਬਰਤਾ ਬਾਰੇ ਜਾਗਰੂਕਤਾ ਪਹੁੰਚਣੀ ਸਮੇਂ ਦੀ ਲੋੜ ਹੈ।

No comments:


Wikipedia

Search results

Powered By Blogger