ਖਰੜ ਗੁਰਪ੍ਰੀਤ ਸਿੰਘ ਕਾਂਸਲ 16 ਮਾਰਚ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਖੋਜ , ਨਵੀਨਤਾ, ਸਪਾਂਸਰ ਪਰਿਯੋਜਨਾਵਾਂ ਅਤੇ ਉਦਮਤਾ (ਰਾਈਜ਼) ਵਿੱਚ ਵਿਸਥਾਰ ਵਜੋਂ ਇੱਕ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਅਦਾਰੇ ਵਿੱਚ ਖੋਜ ਸੰਬੰਧੀ ਸੁਵਿਧਾਵਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਵਧੀਆ ਉਪਰਾਲਾ ਹੈ।ਨਵੇਂ ਕੇਂਦਰ ਦੀ ਸ਼ੁਰੂਆਤ ਦੇ ਮੱਦੇਨਜ਼ਰ ਸੀਜੀਸੀ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਨਵਰਜ’21 ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮਕਸਦ ਉਦਮਸ਼ੀਲਤਾ ਗਤੀਵਿਧੀਆਂ ਦੇ ਚੱਕਰ ਨੂੰ ਤੇਜ਼ ਕਰਨਾ, ਜੀਵਿਤ ਭਾਈਚਾਰੇ (ਸਮੁਦਾਇ) ਦਾ ਪਾਲਣ ਪੋਸ਼ਣ ਅਤੇ ਹੁਨਰ ਵਿੱਚ ਵਾਧਾ ਕਰਨਾ ਹੈ।
ਇਸ ਮੌਕੇ ਡਿਪਾਰਟਮੈਂਟ ਆਫ ਆਈਟੀ ਦੇ ਸੰਯੁਕਤ ਡਾਇਰੈਕਟਰ ਸ੍ਰੀ ਦੀਪਿੰਦਰ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਅਜੋਕਾ ਯੁਵਾ ਦਿਮਾਗ ਆਪਣੇ ਸਟਾਰਟ ਅਪ ਨੂੰ ਸ਼ੁਰੂ ਕਰਨ ਅਤੇ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ ਸ਼ਾਮਲ ਹੋਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਮੁਹਾਲੀ ਤੇਜ਼ੀ ਨਾਲ ਖੋਜ ਅਤੇ ਸੂਚਨਾ ਤਕਨਾਲੋਜੀ ਦਾ ਹੱਬ ਬਣਦਾ ਜਾ ਰਿਹਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਪਸੰਦ ਦੇ ਖੇਤਰ ਵਿੱਚ ਉਨਤੀ ਕਰਨ ਲਈ ਵਿਸ਼ਾਲ ਸਹਿਯੋਗ ਅਤੇ ਮੌਕਿਆਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਟਾਰਟਅੱਪ ਪੰਜਾਬ ਨਾਲ ਰਜਿਸਟਰ ਹੋਣ ਅਤੇ ਉਨ੍ਹਾਂ ਦੇ ਸਹਿਯੋਗ ਦਾ ਲਾਭ ਪ੍ਰਾਪਤ ਕਰਨ ਦੀ ਵੀ ਅਪੀਲ ਕੀਤੀ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਆਪਣੇ ਵਿਭਿੰਨ ਕਾਰੋਬਾਰੀ ਵਿਚਾਰ ਪੇਸ਼ ਕੀਤੇ ਗਏ ਅਤੇ ਅਦਾਰੇ ਦੇ ਐਲੂਮਨੀ , ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਸਫਲ ਉਦਮੀਆਂ ਦੇ ਰੂਪ ਵਿੱਚ ਆਪਣਾ ਨਾਮ ਦਰਜ ਕਰਵਾਇਆ, ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸੁਣਿਆ ਅਤੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ਤੇ ਨਵੀਨ ਵਿਚਾਰਾਂ ਦੀ ਚੋਣ ਕੀਤੀ। ਇਸ ਪ੍ਰੋਗਰਾਮ ਜ਼ਰੀਏ ਉਭਰ ਰਹੇ ਉਦਮੀਆਂ ਨੂੰ ਸੰਭਾਵਿਤ ਉਪਭੋਗਤਾਵਾਂ ਅਤੇ ਨਿਵੇਸ਼ਕਾਂ ਨਾਲ ਦ੍ਰਿਸ਼ਟਤਾ ਪ੍ਰਾਪਤ ਹੋਈ ਅਤੇ ਗੱਲਬਾਤ ਦਾ ਮੌਕਾ ਮਿਲਿਆ। ਵਿਜੇਤਾ ਟੀਮਾਂ ਨੇ ਸੰਭਾਵਿਤ ਨਿਵੇਸ਼ਕਾਂ ਤੋਂ ਜਿੱਤ ਵਜੋਂ ਫੰਡ ਪ੍ਰਾਪਤ ਕੀਤੇ।
ਵਿਦਿਆਰਥੀਆਂ ਦੇ ਨਵੀਨਤਾਕਾਰੀ ਵਿਚਾਰਾਂ ਪ੍ਰਤੀ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਸੀਜੀਸੀ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਕਿੱਤੇ ਵਿੱਚ ਆਪਣੀ ਰਚਨਾਤਮਕ ਸੂਝ-ਬੂਝ ਲਾਗੂ ਕਰਨ ਲਈ ਅਤਿ ਆਧੁਨਿਕ ਮੰਚ ਮੁਹੱਈਆ ਕਰਵਾਏਗਾ।ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਸਾਡੀ ਸੰਸਥਾ ਦੇ ਵਿਦਿਆਰਥੀਆਂ ਦੇ ਮਨਾਂ ਵਿੱਚ ਉੱਦਮ ਦੀ ਭਾਵਨਾ ਨਿਰੰਤਰ ਵਧਦੀ ਰਹੇ।
No comments:
Post a Comment