ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 12 ਅਪਰੈਲ : ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਨਗਰ ਨਿਗਮ ਦੇ ਅਹੁਦੇਦਾਰਾਂ ਦੀ ਚੋਣ ਮਗਰੋਂ ਕਿਹਾ ਹੈ ਕਿ ਪੰਜਾਬ ਦੇ ਸ਼ਹਿਰਾਂ ਸਮੇਤ ਸੂਬੇ ਦਾ ਬਹੁਪੱਖੀ ਵਿਕਾਸ ਕਰਨਾ ਸੂਬਾ ਸਰਕਾਰ ਦੀ ਤਰਜੀਹ ਹੈ ਅਤੇ ਇਸ ਪਾਸੇ ਵਿਸ਼ੇਸ਼ ਤਵੱਜੋ ਦਿੰਦਿਆਂ ਪਿਛਲੇ 4 ਸਾਲਾਂ ਦੇ ਸਮੇਂ ਦੌਰਾਨ ਵੱਖ-ਵੱਖ ਖੇਤਰਾਂ ‘ਚ ਮੁਹਾਲੀ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕਾਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਕੰਮਾਂ ਉੱਤੇ ਮੋਹਰ ਲਾ ਕੇ ਸਾਡੇ ਉਮੀਦਵਾਰਾਂ ਦੀ ਕੌਂਸਲਰਾਂ ਵਜੋਂ ਚੋਣ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਐਸ.ਏ.ਐਸ. ਨਗਰ (ਮੁਹਾਲੀ) ਦੇ ਮੇਅਰ ਦੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਦੇ ਨਿਰਦੇਸ਼ਾਂ ਅਨੁਸਾਰ ਕੌਂਸਲਰਾਂ ਨਾਲ ਰਾਏ ਕਰਕੇ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸਰਬਸੰਮਤੀ ਨਾਲ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦਾ ਮੇਅਰ ਚੁਣਿਆ ਗਿਆ ਹੈ।ਇਸੇ ਤਰ੍ਹਾਂ ਅਮਰੀਕ ਸਿੰਘ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕੁਲਜੀਤ ਸਿੰਘ ਬੇਦੀ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।
ਸ. ਰੰਧਾਵਾ ਨੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਤੌਰ ਵਿਧਾਇਕ ਅਤੇ ਮੰਤਰੀ ਮੁਹਾਲੀ ਜਿ਼ਲ੍ਹੇ ਦੀ ਬੇਮਿਸਾਲ ਸੇਵਾ ਕੀਤੀ ਹੈ ਅਤੇ ਮੁਹਾਲੀ ਜਿ਼ਲ੍ਹੇ ਦੀ ਤਰੱਕੀ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਜੀਤੀ ਸਿੱਧੂ ਦੀ ਅਗਵਾਈ ‘ਚ ਇੱਕ ਵਧੀਆ ਟੀਮ ਚੁਣੀ ਗਈ ਹੈ, ਉਹ ਵੀ ਮਿਲੀ ਨਵੀਂ ਜਿ਼ੰਮੇਵਾਰੀ ‘ਤੇ ਖ਼ਰਾ ਉਤਰਨਗੇ।
ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਸ ਚੋਣ ਨਾਲ ਮੋਹਾਲੀ ਨੂੰ ਵੱਡੇ ਪੱਧਰ ਉੱਤੇ ਲਾਭ ਹੋਵੇਗਾ ਕਿਉਂਕਿ ਸੂਬੇ ਵਿੱਚ ਸਰਕਾਰ, ਮੋਹਾਲੀ ਤੋਂ ਵਿਧਾਇਕ ਅਤੇ ਮੇਅਰ ਇਕੋ ਪਾਰਟੀ ਦੇ ਹਨ। ਵਿਕਾਸ ਕਾਰਜਾਂ ਦਾ ਕ੍ਰੈਡਿਟ ਕਿਤੇ ਸਰਕਾਰ ਨੂੰ ਨਾ ਮਿਲ ਜਾਵੇ ਇਸ ਲਈ ਨਗਰ ਨਿਗਮ ਨਾਲ ਸਬੰਧਤ ਕੁੱਝ ਲੋਕਾਂ ਵੱਲੋਂ ਵਿਕਾਸ ਕਾਰਜਾਂ ਵਿੱਚ ਅੜਿਕੇ ਲਾਏ ਜਾਂਦੇ ਸਨ ਪਰ ਹੁਣ ਅਜਿਹਾ ਕੁਝ ਨਹੀਂ ਹੋਵੇਗਾ ਤੇ ਮੋਹਾਲੀ ਮਿਸਾਲੀ ਤਰੱਕੀ ਕਰੇਗਾ।
ਉਹਨਾਂ ਕਿਹਾ ਕਿ ਬੀਤੇ ਸਮੇਂ ਵਿੱਚ ਪਰੂਨਿੰਗ ਮਸ਼ੀਨਾਂ ਸਮੇਤ ਜੋ ਵੀ ਕਥਿਤ ਬੇਨਿਯਮੀਆਂ ਹੋਈਆਂ ਹਨ, ਉਹਨਾਂ ਸਬੰਧੀ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਹੜੇ ਸੈਕਟਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹਨ, ਉਹਨਾਂ ਨੂੰ ਨਿਗਮ ਦੀ ਹੱਦ ਵਿੱਚ ਲਿਆ ਕੇ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।
ਸ. ਸਿੱਧੂ ਨੇ ਕਿਹਾ ਕਿ ਉਹ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਆਪਣੇ ਯਤਨ ਜਾਰੀ ਰੱਖਣਗੇ। ਪਿਛਲੇ 4 ਸਾਲਾਂ ਦੇ ਸਮੇ਼ ਦੌਰਾਨ ਮੁਹਾਲੀ ਦਾ ਵੱਖ-ਵੱਖ ਖੇਤਰਾਂ ‘ਚ ਵਿਕਾਸ ਕੀਤਾ ਗਿਆ ਹੈ। ਨਵਾਂ ਮੈਡੀਕਲ ਕਾਲਜ ਤੇ ਹਸਪਤਾਲ ਇਥੇ ਲਿਆਂਦਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਅੱਵਲ ਦਰਜੇ ਦੇ ਕਮਿਊਨਿਟੀ ਸੈਂਟਰ ਸਮੇਤ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਮੁਹਾਲੀ ਨੇ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦੇ ਨਕਸ਼ੇ ਉਤੇ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਆਸ ਪ੍ਰਗਵਾਈ ਕਿ ਨਗਰ ਨਿਗਮ ਦੀ ਨਵੀਂ ਚੁਣੀਂ ਟੀਮ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰੇਗੀ।
ਇਸ ਮੌਕੇ ਨਵੇਂ ਚੁਣੇ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਉਹ ਸਾਰਿਆਂ ਦੇ ਸਹਿਯੋਗ ਨਾਲ ਬਿਨ੍ਹਾਂ ਕਿਸੇ ਭੇਦ-ਭਾਵ ਦੇ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।ਉਨ੍ਹਾਂ ਕੌਸਲਰਾਂ ਅਤੇ ਮੁਹਾਲੀ ਵਾਸੀਆਂ ਦਾ ਮੇਅਰ ਚੁਣਨ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।
ਵਰਣਨਯੋਗ ਹੈ ਕਿ ਅੱਜ ਇੱਥੇ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦੇ ਦਫ਼ਤਰ ਵਿਖੇ ਸ੍ਰੀ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਅਤੇ ਡਵੀਜ਼ਨਲ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਅਗਵਾਈ ‘ਚ ਚੁਣੇ ਹੋਏ ਕੌਂਸਲਰਾਂ ਦੀ ਇਕੱਤਰਤਾ ਹੋਈ, ਜਿਸ ‘ਚ ਸਰਬਸੰਮਤੀ ਨਾਲ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ।
ਇਸ ਮੌਕੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ., ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਗਰ ਨਿਗਮ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ, ਵੱਖ ਵੱਖ ਕੌਂਸਲਰਾਂ ਤੋਂ ਇਲਾਵਾ ਸਰਕਾਰੀ ਅਧਿਕਾਰੀ ਹਾਜ਼ਰ ਸਨ
No comments:
Post a Comment