ਐਸ.ਏ.ਐਸ.ਨਗਰ, 10 ਮਈ : ਕੋਵਿਡ 19 ਮਹਾਂਮਾਰੀ ਨਾਲ ਨਜਿੱਠਣ ਲਈ ਸੂਬੇ ਭਰ ਵਿੱਚ 18 ਤੋਂ 44 ਸਾਲ ਉਮਰ ਸਮੂਹ ਵਾਲੇ ਰਜਿਸਟਰਡ ਉਸਾਰੂ ਕਾਮਿਆਂ ਨੂੰ ਟੀਕਾ ਲਗਾਉਣ ਦੀ ਪ੍ਰਕਿਰਿਆ ਆਰੰਭ ਹੋਣ ਨਾਲ ਟੀਕਾਕਰਨ ਮੁਹਿੰਮ ਅੱਜ ਤੀਸਰੇ ਪੜਾਅ ਵਿੱਚ ਦਾਖਲ ਹੋ ਗਈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਿੱਜੀ ਤੌਰ 'ਤੇ ਮੁਹਾਲੀ ਵਿਖੇ ਟੀਕਾਕਰਨ ਮੁਹਿੰਮ ਦੇ ਸੂਬਾ ਪੱਧਰੀ ਲਾਂਚ ਦੀ ਨਿਗਰਾਨੀ ਕੀਤੀ ਅਤੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਮੁਹਾਲੀ ਕੋਵਿਡ 19 ਟੀਕਾਕਰਨ ਵਿੱਚ ਸੂਬੇ ਭਰ ਵਿੱਚ ਮੋਹਰੀ ਰਿਹਾ ਹੈ।
ਫੇਜ਼ 7 ਡਿਸਪੈਂਸਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਦਿੱਤੀ ਸੂਚੀ ਅਨੁਸਾਰ 18 ਤੋਂ 44 ਉਮਰ ਸਮੂਹ ਵਿੱਚ ਰਜਿਸਟਰਡ ਸਾਰੇ ਉਸਾਰੂ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਬੇ ਭਰ ਵਿੱਚ ਟੀਕਾਕਰਨ ਦੇ ਤੀਜੇ ਪੜਾਅ ਦੇ ਪਹਿਲੇ ਗੇੜ ਵਿੱਚ ਟੀਕਾ ਲਗਾਇਆ ਜਾਵੇਗਾ। ਟੀਕਾਕਰਨ ਦੇ ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟ ਲਾਈਨ ਵਰਕਰਾਂ ਨੂੰ ਕਵਰ ਕੀਤਾ ਗਿਆ ਸੀ, ਜਦੋਂ ਕਿ ਦੂਜੇ ਵਿਚ ਬਜ਼ੁਰਗਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਸ਼ਾਮਲ ਕਵਰ ਕੀਤੇ ਗਏ।
ਉਹਨਾਂ ਅੱਗੇ ਕਿਹਾ ਕਿ ਸਾਡਾ ਧਿਆਨ ਉੱਚ ਜੋਖਮ ਦੇ ਸੰਕਰਮਣ ਅਤੇ ਪ੍ਰਸਾਰਣ ਵਾਲੇ ਮਰੀਜ਼ਾਂ ਨੂੰ ਕਵਰ ਕਰਨ 'ਤੇ ਹੈ।
ਉੱਚ ਜੋਖਮ ਵਾਲੇ ਸਮੂਹਾਂ ਬਾਰੇ ਗੱਲ ਕਰਦਿਆਂ, ਉਹਨਾਂ ਕਿਹਾ ਕਿ ਕੁਝ ਪੇਸ਼ਿਆਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਹੁੰਦੀ ਹੈ ਅਤੇ ਸੰਕਰਮਣ ਅਤੇ ਪ੍ਰਸਾਰਣ ਦੇ ਵੱਧ ਜੋਖਮ ਹੁੰਦੇ ਹਨ ਅਤੇ ਇਸ ਲਈ ਇਸ ਸਮੂਹ ਲਈ 30 ਪ੍ਰਤੀਸ਼ਤ ਖੁਰਾਕਾਂ ਨੂੰ ਰਾਖਵਾਂ ਕੀਤਾ ਗਿਆ ਹੈ। ਜੋਖਮ ਤੇ ਪੇਸ਼ੇਵਰਾਂ ਦੀ ਸੂਚੀ ਪਹਿਲਾਂ ਹੀ ਮਾਹਰਾਂ ਵਲੋਂ ਤਿਆਰ ਰਣਨੀਤੀ ਵਿਚ ਪੇਸ਼ ਕੀਤੀ ਜਾ ਚੁੱਕੀ ਹੈ, ਪਰ ਮਈ 2021ਲਈ ਸਿਰਫ ਤਿੰਨ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ - i) ਸਰਕਾਰੀ ਕਰਮਚਾਰੀ, ii) ਉਸਾਰੀ ਕਾਮੇ, iii) 18 ਤੋਂ 44 ਉਮਰ ਸਮੂਹ ਵਿੱਚ ਆਉਣ ਵਾਲੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀ। ਇਸ ਤੋਂ ਬਾਅਦ, ਇਸ ਉਮਰ ਸਮੂਹ ਵਿੱਚ ਸਹਿ-ਰੋਗਾਂ ਵਾਲੇ ਵਿਅਕਤੀਆਂ, ਜੋ ਕਿ ਵੱਧ ਜੋਖਮ ਵਾਲੇ ਹਨ, ਨੂੰ ਅਗਲੇ ਰਾਊਂਡ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਲਿਮਟਿਡ ਕੋਲ 30 ਲੱਖ ਖੁਰਾਕਾਂ ਦਾ ਤੁਰੰਤ ਆਰਡਰ ਜਾਰੀ ਕਰ ਦਿੱਤਾ ਹੈ ਅਤੇ ਦੱਸਿਆ ਗਿਆ ਹੈ ਕਿ ਮਈ ਮਹੀਨੇ ਲਈ 18–44 ਸਾਲ ਦੀ ਉਮਰ ਸਮੂਹ ਲਈ 4.29 ਲੱਖ ਖੁਰਾਕਾਂ ਦੀ ਵੰਡ ਕੀਤੀ ਜਾਵੇਗੀ ਜਿਸ ਵਿੱਚੋਂ ਸਰਕਾਰ ਨੂੰ ਹੁਣ ਤੱਕ 1 ਲੱਖ ਖੁਰਾਕਾਂ ਮਿਲੀਆਂ ਹਨ।
ਜ਼ਿਲ੍ਹਿਆਂ ਵਿੱਚ ਟੀਕਿਆਂ ਦੀ ਵੰਡ ਲਈ ਵਰਤੀ ਗਈ ਰਣਨੀਤੀ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਅਬਾਦੀ, ਮੌਤ ਦਰ ਅਤੇ ਘਣਤਾ ਦੇ ਅਧਾਰ ‘ਤੇ 3 ਏ, ਬੀ ਅਤੇ ਸੀ ਜ਼ੋਨਾਂ ਦਾ ਦਰਜਾ ਦਿੱਤਾ ਗਿਆ ਹੈ ਜਿਸ ਲਈ 50 ਪ੍ਰਤੀਸ਼ਤ, 30 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਖੁਰਾਕਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਇਹਨਾਂ ਜ਼ੋਨਾਂ ਵਿੱਚ ਬਿਮਾਰੀ ਦੇ ਵੱਡੇ ਕੇਂਦਰਾਂ ਤੱਕ ਟੀਕਾਕਰਨ ਸੀਮਿਤ ਹੋਵੇਗਾ ਕਿਉਂਕਿ ਟੀਕੇ ਦੀ ਸਪਲਾਈ ਸੀਮਤ ਹੈ। ਜਦੋਂ ਹੋਰ ਖੁਰਾਕਾਂ ਉਪਲਬਧ ਹੋਣਗੀਆਂ ਜਾਂ ਜਦੋਂ ਮਹਾਂਮਾਰੀ ਦੀ ਸਥਿਤੀ ਬਦਲੇਗੀ, ਤਾਂ ਤਰਜੀਹ ਦੇ ਆਧਾਰ ਨੂੰ ਵੀ ਬਦਲਿਆ ਜਾ ਸਕਦਾ ਹੈ।
No comments:
Post a Comment