ਐਸ.ਏ.ਐਸ ਨਗਰ : 20 ਜੂਨ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਅਤੇ ਪਿੰਡਾਂ ਚ ਵਧਦੀ ਅਬਾਦੀ ਦੇ ਮੱਦੇ ਨਜ਼ਰ ਜ਼ਿਲ੍ਹੇ ਦੇ ਹਰੇਕ ਕੋਨੇ ਤੱਕ ਸਿਹਤ ਸਹੂਲਤਾਂ ਮਹੁੱਈਆ ਕਰਵਾਈਆਂ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਸਨੇਟਾ ਵਿਖੇ ਆਧੁਨਿਕ ਕਿਸਮ ਦੀ ਤਕਨੀਕ ਨਾਲ ਬਣਨ ਵਾਲੇ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਵਿਆਪਕ ਪੱਧਰ ’ਤੇ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਚ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ।
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਤੇ 02 ਕਰੋੜ 96 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਇਮਾਰਤ ਛੇ ਮਹੀਨਿਆਂ ਚ ਬਣਕੇ ਤਿਆਰ ਹੋ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਉਪਕਰਣ, ਫਰਨੀਚਰ ਅਤੇ ਹੋਰ ਸਾਜੋ ਸਮਾਨ ਤੇ ਵੱਖਰਾ ਖਰਚਾ ਹੋਵੇਗਾ । ਉਨ੍ਹਾਂ ਪਿੰਡ ਸਨੇਟਾ ਦੇ ਸਰਪੰਚ ਭਗਤ ਰਾਮ ਸਮੂਹ ਪੰਚਾਇਤ ਸਮੇਤ ਸਨੇਟਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪਿੰਡ ਨੇ ਬਹੁਤ ਹੀ ਪ੍ਰਾਇਮ ਲੋਕੇਸ਼ਨ ਅਤੇ ਮੁੱਖ ਸੜਕ ਨਾਲ ਸਥਿਤ 22 ਕਨਾਲ ਜ਼ਮੀਨ ਪ੍ਰਾਇਮਰੀ ਹੈਲਥ ਸੈਂਟਰ ਨੂੰ ਦਿੱਤੀ ਹੈ। ਭਵਿੱਖ ਵਿਚ ਇਸ ਪ੍ਰਾਇਮਰੀ ਹੈਲਥ ਸੈਂਟਰ ਨੂੰ ਵੱਡਾ ਹਸਪਤਾਲ ਬਣਾਉਣ ਚ ਜ਼ਮੀਨ ਦੀ ਘਾਟ ਮਹਿਸੂਸ ਨਹੀਂ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਪੀ ਐਚ ਸੀ ਦੇ ਬਣਨ ਨਾਲ ਨਜ਼ਦੀਕ ਦੇ ਪਿੰਡਾਂ ਨੂੰ ਵੀ ਸਿਹਤ ਸਹੂਲਤ ਬਹੁਤ ਅਸਾਨੀ ਨਾਲ ਮਿਲਣਗੀਆਂ ਅਤੇ ਇਸ ਇਲਾਕੇ ਦੀ ਬਹੁਤ ਹੀ ਪੁਰਾਣੀ ਮੰਗ ਪੂਰੀ ਹੋ ਗਈ ਹੈ।
ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਵੱਲ ਪ੍ਰਮੁੱਖ ਤੌਰ ਤੇ ਤਵੱਜੋਂ ਦਿੱਤੀ ਜਾ ਰਹੀ ਹੈ ਤਾਂ ਜੋ ਸਿਹਤ ਸਹੂਲਤਾਂ ਮਹੁੱਈਆ ਕਰਵਾਉਣ ਵਿੱਚ ਜੋ ਦਿੱਕਤਾਂ ਆ ਰਹੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੁਹਾਲੀ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਮਾਲੇਰਕੋਟਲਾ ਵਿਖੇ ਪੰਜ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਨਾਲ ਸੂਬੇ ਵਿਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ।
ਸ. ਸਿੱਧੂ ਨੇ ਦੱਸਿਆ ਕਿ ਛੇ ਫੇਜ਼ ਦੇ ਸਿਵਲ ਹਸਪਤਾਲ ਵਾਲੀ ਥਾਂ ਮੈਡੀਕਲ ਕਾਲਜ ਸ਼ੁਰੂ ਕੀਤਾ ਜਾ ਰਿਹਾ ਅਤੇ ਮੋਹਾਲੀ ਦਾ ਸਿਵਲ ਹਸਪਤਾਲ ਸੈਕਟਰ-66 ਵਿਖੇ ਬਣਾਉਣ ਦੀ ਤਜਵੀਜ ਹੈ ਜਿਸ ਲਈ ਗਮਾਡਾ ਤੋਂ 09 ਏਕੜ ਜ਼ਮੀਨ ਲੈਣ ਲਈ ਕਾਰਵਾਈ ਤਕਰੀਬਨ ਮੁਕਮੰਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਹਰ ਇਕ ਤੱਕ ਪੁੱਜਦੀਆਂ ਕਰਨ ਲਈ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਸਿਹਤ ਸਹੂਲਤ ਦੇਣ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪਿੰਡ ਸਨੇਟਾ ਵਿਖੇ ਇਹ ਪ੍ਰਾਇਮਰੀ ਹੈਲਥ ਸੈਂਟਰ ਬਣ ਜਾਵੇਗਾ ਅਤੇ ਐਰੋਸਿਟੀ ਚ ਵੀ ਇਕ ਪ੍ਰਾਇਮਰੀ ਹੈਲਥ ਸੈਂਟਰ ਬਣਾਉਣ ਦੀ ਤਜਵੀਜ ਹੈ ।
ਕਰੋਨਾ ਮਹਾਮਾਰੀ ਬਾਰੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਲੋਕਾਂ ਵਿੱਚ ਵੈਕਸੀਨ ਲਗਾਉਣ ਬਾਰੇ ਵੱਡੇ ਪੱਧਰ ਉਤੇ ਜਾਗਰੂਕਤਾ ਆਈ ਹੈ । ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਟੈਸਟਿੰਗ ਵਧਾਈ ਗਈ ਹੈ ਤੇ ਸਰਕਾਰ ਦੇ ਉਪਰਾਲਿਆਂ ਸਦਕਾ ਕਰੋਨਾ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸ.ਐਮ.ਓ ਘੜੂੰਆਂ ਡਾਂ.ਸੁਰਿੰਦਰਪਾਲ ਕੌਰ, ਸਰਪੰਚ ਸਨੇਟਾ ਭਗਤ ਰਾਮ, ਸਾਬਕਾ ਸਰਪੰਚ ਚੌਧਰੀ ਰਿਸ਼ੀਪਾਲ, ਗੁਰਧਿਆਨ ਸਿੰਘ ਦੁਰਾਲੀ, ਠੇਕਦਾਰ ਮੋਹਨ ਸਿੰਘ ਬਠਲਾਣਾ, ਟਹਿਲ ਸਿੰਘ ਮਾਣਕਪੁਰ ਕਲੱਰ, ਮਨਜੀਤ ਸਿੰਘ ਤੰਗੌਰੀ, ਚੌਧਰੀ ਹਰਨੇਕ ਸਿੰਘ ਨੇਕੀ ਅਤੇ ਹੋਰ ਪਤਵੰਤੇ ਮੌਜੂਦ ਸਨ।


No comments:
Post a Comment