ਖਰੜ, 17 ਜੂਨ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਪੀ.ਐਡ ਕੋਰਸ ਅਧੀਨ ਪੜ੍ਹਾਈ ਕਰਦੀ ਤਾਇਕਵਾਂਡੋ ਖਿਡਾਰਣ ਅਰੁਣਾ ਤੰਵਰ ਨੇ
ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਾਇਮ ਕਰਦਿਆਂ ਟੋਕਿਓ ਪੈਰਾ-ਉਲੰਪਿਕ ਖੇਡਾਂ ਲਈ ਜਗ੍ਹਾ ਪੱਕੀ ਕਰਕੇ ਸਮੁੱਚੇ ਦੇਸ਼ ਦਾ ਮਾਣ ਵਧਾਇਆ ਹੈ।
ਅਰੁਣਾ ਤੰਵਰ ਦੇਸ਼ ਦੀ ਪਹਿਲੀ ਤਾਇਕਵਾਂਡੋ ਖਿਡਾਰਣ ਹੈ, ਜੋ ਪੈਰਾ-ਉਲੰਪਿਕ ਖੇਡਾਂ ਲਈ 47 ਸਾਲਾਂ ਬਾਅਦ ਦੇਸ਼ ਦੀ ਨੁਮਾਇੰਦਗੀ ਕਰੇਗੀ।
ਅਰੁਣਾ ਨੂੰ ਆਗਾਮੀ ਟੋਕਿਓ ਪੈਰਾ ਉਲੰਪਿਕ ਖੇਡਾਂ ਲਈ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਹੈ,
ਜਿਸ ਨਾਲ ਉਹ ਵਿਸ਼ਵ ਦੇ ਸੱਭ ਤੋਂ ਵੱਡੇ ਖੇਡ ਮਹਾਂਕੁੰਭ ’ਚ ਕੇ-43 ਅੰਡਰ-49 ਵਰਗ ਅਧੀਨ ਆਪਣਾ ਖੇਡ ਪ੍ਰਦਰਸ਼ਨ ਕਰਕੇ
ਦੇਸ਼ ਦਾ ਨਾਮ ਚਮਕਾਏਗੀ। 24 ਅਗਸਤ ਤੋਂ 5 ਸਤੰਬਰ,
2021 ਨੂੰ ਹੋਣ ਵਾਲੇ ਟੋਕਿਓ ਮਹਾਂ-ਮੁਕਾਬਲੇ ’ਚ 37 ਦੇਸ਼ਾਂ ਤੋਂ 72 ਤਾਈਕਵਾਂਡੋ ਖਿਡਾਰੀ ਆਪਣੀ ਖੇਡ ਪ੍ਰਤੀਭਾ ਦਾ ਲੋਹਾ ਮਨਵਾਉਣਗੇ।
ਜ਼ਿਕਰਯੋਗ ਹੈ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦਿਨੌੜ ਦੀ ਰਹਿਣ ਵਾਲੀ ਅਰੁਣਾ ਨੂੰ ਵਾਈਲਡ ਕਾਰਡ ਐਂਟਰੀ ਉਸ ਦੀ ਪੁਰਾਣੀ ਖੇਡ ਕਾਰਗੁਜ਼ਾਰੀ ਦੇ ਆਧਾਰ ’ਤੇ ਪ੍ਰਦਾਨ ਕੀਤੀ ਗਈ ਹੈ। ਮੌਜਦੂ ਸਮੇਂ ’ਚ ਉਹ ਮਹਿਲਾ ਅੰਡਰ-49 ਵਰਗ ’ਚ ਮੌਜੂਦਾ ਸਮੇਂ ’ਚ ਵਿਸ਼ਵ ਭਰ ਚੋਂ ਚੌਥੇ ਸਥਾਨ ’ਤੇ ਕਾਬਜ਼ ਹੈ ਜਦਕਿ ਨੈਸ਼ਨਲ ਪੱਧਰ ’ਤੇ ਪਹਿਲੇ ਸਥਾਨ ’ਤੇ ਕਾਬਜ਼ ਹੈ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਯਾਤਰਾ ’ਤੇ ਲਗਾਈ ਰੋਕ ਦੇ ਚਲਦੇ ਭਾਰਤੀ ਤਾਈਕਵਾਂਡੋ ਟੀਮ ਪਿਛਲੇ ਮਹੀਨੇ ਜੌਰਡਨ ’ਚ ਹੋਣ ਵਾਲੇ ਕੁਆਲੀਫ਼ੀਕੇਸ਼ਨ ਮੁਕਾਬਲੇ ਤੋਂ ਖੁੰਝ ਗਈ ਸੀ। ਅਰੁਣਾ ਅੱਠ ਦੇਸ਼ਾਂ ਦੇ ਅੱਠ ਖਿਡਾਰੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਆਈ.ਓ.ਸੀ ਅਤੇ ਵਰਲਡ ਤਾਈਕਵਾਂਡੋ ਵੱਲੋਂ ਵਾਈਲਡ ਐਂਟਰੀ ਦੀ ਪੇਸ਼ਕਸ਼ ਕੀਤੀ ਗਈ ਹੈ।
ਪੰਜ ਵਾਰ ਰਾਸ਼ਟਰੀ ਚੈਂਪੀਅਨ ਰਹਿਣ ਤੋਂ ਇਲਾਵਾ ਅਰੁਣਾ ਪਿਛਲੇ ਚਾਰ ਸਾਲਾਂ ’ਚ ਏਸ਼ੀਅਨ ਪੈਰਾ-ਤਾਈਕਵਾਂਡੋ ਚੈਂਪੀਅਨਸ਼ਿਪ ਅਤੇ ਵਿਸ਼ਵ ਪੈਰਾ-ਤਾਈਕਵਾਂਡੋ ਚੈਂਪੀਅਨਸ਼ਿਪਾਂ ’ਚ ਆਪਣੀ ਸ਼ਾਨਦਾਰ ਖੇਡ ਪ੍ਰਤੀਭਾ ਦਾ ਲੋਹਾ ਮਨਵਾ ਚੁੱਕੀ ਹੈ। ਸਾਲ 2017-18 ਦੀ 15ਵੀਂ ਪੈਰਾਉਲੰਪਿਕ ਚੈਂਪੀਅਨਸ਼ਿਪ ਦੌਰਾਨ ਜਿੱਥੇ ਗੋਲਡ ਮੈਡਲ ਆਪਣੇ ਨਾਮ ਕੀਤਾ ਉਥੇ ਹੀ 2018 ’ਚ ਵੇਤਨਾਮ ਵਿਖੇ ਹੋਈ ਏਸ਼ੀਅਨ ਪੈਰਾਤਾਇਕਵਾਡੋਂ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗ਼ਾ ਦੇਸ਼ ਦੀ ਝੋਲੀ ਪਾਇਆ। ਇਸੇ ਤਰ੍ਹਾਂ ਕੋਰੀਆ ਇੰਟਰਨੈਸ਼ਨਲ ਗੇਮਜ਼ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਹਾਸਲ ਕਰਕੇ ਸਮੁੱਚੇ ਦੇਸ਼ ਦਾ ਸਿਰ ਮਾਣ ਨਾਲ ਉਪਰ ਚੁੱਕਿਆ।
ਇਸ ਤੋਂ ਇਲਾਵਾ ਅਰੁਣਾ ਨੇ 31 ਜਨਵਰੀ, 2021 ਨੂੰ ਤੀਜੀ ਪੈਰਾਤਾਇਕਵਾਂਡੋ ਹਰਿਆਣਾ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਮਗ਼ਾ ਆਪਣੇ ਨਾਮ ਕੀਤਾ ਹੈ। ਸਾਲ 2017, 2018 ਅਤੇ 2019 ਦੌਰਾਨ ਲਗਾਤਾਰ ਤਿੰਨ ਸਾਲ ਨੈਸ਼ਨਲ ਪੈਰਾ-ਤਾਇਕਵਾਂਡੋਂ ਗੋਲਡ ਮੈਡਲਿਸਟ ਰਹਿਣ ਦਾ ਮਾਣ ਵੀ ਅਰੁਣਾ ਹਿੱਸੇ ਆਇਆ ਹੈ। ਇਸ ਤੋਂ ਇਲਾਵਾ ਤੁਰਕੀ ’ਚ ਹੋਈ 8ਵੀਂ ਵਰਲਡ ਪੈਰਾਤਾਇਕਵਾਂਡੋ ਚੈਂਪੀਅਨਸ਼ਿਪ-2019 ’ਚ ਵੀ ਕਾਂਸੀ ਦਾ ਤਮਗਾ ਦੇਸ਼ ਦੀ ਝੋਲੀ ਪਾ ਚੁੱਕੀ ਹੈ। ਜਰਡਨ ’ਚ ਹੋਈ ਅੰਮਾਨ ਏਸ਼ੀਅਨ ਪੈਰਾ-ਤਾਇਕਵਾਂਡੋ ਚੈਂਪੀਅਨਸ਼ਿਪ 2019 ’ਚ ਬ੍ਰਾਂਜ਼ ਮੈਡਲ ਹਾਸਲ ਕਰਨ ਤੋਂ ਇਲਾਵਾ ਕਿਮਜੌਂਗ ਕੱਪ ਇੰਟਰਨੈਸ਼ਨਲ ਪੈਰਾ-ਤਾਇਕਵਾਡੋਂ ਚੈਂਪੀਅਨਸ਼ਿਪ-2018 ’ਚ ਗੋਲਡ ਮੈਡਲ ਹਾਸਲ ਕਰਕੇ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈੇ।
ਇਸ ਸਬੰਧੀ ਗੱਲਬਾਤ ਕਰਦਿਆਂ ਅਰੁਣਾ ਤੰਵਰ ਨੇ ਦੱਸਿਆ ਕਿ ਐਨੇ ਵੱਡੇ ਮੰਚ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਉਸ ਲਈ ਜਿੱਥੇ ਮਾਣ ਵਾਲੀ ਗੱਲ ਹੈ ਉਥੇ ਹੀ ਵੱਡੀ ਜ਼ੁੰਮੇਵਾਰੀ ਵੀ ਹੈ। ਉਸਨੇ ਦੱਸਿਆ ਕਿ ਪੈਰਾ ਤਾਈਕਵਾਂਡੋ ਐਸੋਸੀਏਸ਼ਨ ਇੰਡੀਆ ਦੇ ਸੰਪੂਰਨ ਸਹਿਯੋਗ ਅਤੇ ਕੋਚ ਅਸ਼ੋਕ ਕੁਮਾਰ, ਸੁਖਦੇਵ ਰਾਜ ਦੇ ਮਾਰਗ ਦਰਸ਼ਨ ਹੇਠ ਉਸ ਨੇ ਜ਼ੋਸ਼ੋ ਖਰੋਸ਼ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਰੁਣਾ ਨੇ ਕਿਹਾ ਕਿ ਉਸਦੇ ਪਿਤਾ ਸ਼੍ਰੀ ਨਰੇਸ਼ ਤੰਵਰ ਨੇ ਬਤੌਰ ਡਰਾਈਵਰ ਨੌਕਰੀ ਕਰਦਿਆਂ ਹਰ ਪੱਧਰ ’ਤੇ ਉਸਦੀ ਸਹਾਇਤਾ ਕੀਤੀ ਅਤੇ ਉਸ ਦਾ ਸੁਪਨਾ ਹੈ ਕਿ ਟੋਕਿਓ ਪੈਰਾਉਲੰਪਿਕ ’ਚ ਮੈਡਲ ਹਾਸਲ ਕਰਕੇ ਉਹ ਆਪਣੇ ਪਿਤਾ ਦਾ ਸੁਪਨਾ ਸਾਕਾਰ ਕਰਕੇ ਦੇਸ਼ ਦਾ ਨਾਮ ਦੁਨੀਆਂ ਭਰ ’ਚ ਚਮਕਾਏੇ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ’ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੀ ਹੋਣਹਾਰ ਖਿਡਾਰਣ ਖੇਡ ਜਗਤ ਦੇ ਐਨੇ ਵੱਡੇ ਪਲੇਟਫ਼ਾਰਮ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਉਨ੍ਹਾਂ ’ਵਰਸਿਟੀ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਅਰੁਣਾ ਤੰਵਰ ਨੂੰ ਟੋਕਿਓ ਪੈਰਾਉਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ’ਵਰਸਿਟੀ ਪ੍ਰੋਫੈਸ਼ਨਲ ਐਜੂਕੇਸ਼ਨ ਤੋਂ ਇਲਾਵਾ ਖੇਡਾਂ ਦੇ ਖੇਤਰ ’ਚ ਵੀ ਹਰ ਪ੍ਰਤੀਭਾਸ਼ਾਲੀ ਵਿਦਿਆਰਥੀ ਨੂੰ ਸੰਪੂਰਨ ਸਹਿਯੋਗ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਲਈ ’ਵਰਸਿਟੀ ਵੱਲੋਂ ਮੇਜਰ ਧਿਆਨ ਚੰਦ ਸਕਾਲਰਸ਼ਿਪ ਸਕੀਮ ਅਧੀਨ ਖਿਡਾਰੀਆਂ ਨੂੰ 100 ਫੀਸਦੀ ਤੱਕ ਦੇ ਵਜ਼ੀਫ਼ੇ, ਡਾਈਟ ਫ਼ੀਸ ਅਤੇ ਮੁਫ਼ਤ ਰਿਹਾਇਸ਼ ਪ੍ਰਦਾਨ ਕਰਵਾਈ ਜਾ ਰਹੀ ਹੈ।
No comments:
Post a Comment