ਮੋਹਾਲੀ, 2 ਜੂਨ, : ਏਅਰ ਪੋਰਟ ਰੋਡ ਸੈਕਟਰ 70 ਉਤੇ ਪੈਂਦੇ ਗੁਰਦੁਆਰਾ ਮਾਤਾ ਸੁੰਦਰੀ ਕੋਲ ਪੈਂਦੇ ਤਿੱਖੇ ਮੋੜ ਨੂੰ ਜੇਕਰ ਜਲਦੀ ਸਿੱਧਾ ਨਾ ਕੀਤਾ ਗਿਆ ਤਾਂ ਇਹ ਆਉਂਦੇ ਦਹਾਕਿਆਂ ’ਚ ਸੈਂਕੜੇ ਲੋਕਾਂ ਦੀ ਕਤਲਗਾਹ ਬਣ ਜਾਵੇਗਾ।
ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸਾਸ਼ਕ ਨੂੰ ਲਿਖਤੀ ਮੰਗ ਪੱਤਰ ਦਿੰਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਐਮ ਆਈ ਜੀ ਸੁਪਰ ਐਸੋਸੀਏਸ਼ਨ ਦੇ ਪ੍ਰਧਾਨ ਆਰ ਪੀ ਕੰਬੋਜ, ਜਨਰਲ ਸਕੱਤਰ ਆਰ ਕੇ ਗੁਪਤਾ ਅਤੇ ਗਮਾਡਾ ਦੇ ਸੇਵਾ ਮੁਕਤ ਐਕਸੀਅਨ ਐਨ ਐਸ ਕਲਸੀ ਨੇ ਦੱਸਿਆ ਕਿ ਇਸ ਥਾਂ ਉਪਰ ਹੁਣ ਤੱਕ ਦਰਜਨ ਦੇ ਕਰੀਬ ਲੋਕ ਮਰ ਚੁੱਕੇ ਹਨ ਅਤੇ 100 ਦੇ ਕਰੀਬ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਸੀ ਏ ਗਮਾਡਾ ਨਾਲ ਮੀਟਿੰਗ ਦੌਰਾਨ ਇਹ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਕਿ ਮਾਸਟਰ ਪਲਾਨ ਵਿੱਚ ਏਅਰਪੋਰਟ ਰੋਡ ਸਿੱਧੀ ਦਿਖਾਈ ਗਈ ਹੈ, ਪਰ ਗੁਰਦੁਆਰਾ ਦੇ ਪ੍ਰਬੰਧਕ ਕਈ ਵਾਰ ਸਮਝੌਤਾ ਕਰਕੇ ਇਸ ਥਾਂ ਬਦਲੇ ਵੱਡੀ ਰਕਮ ਲੈਣ ਲਈ ਨਹੀਂ ਮੰਨ ਰਹੇ। ਹੁਣ ਜੇਕਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਸਰਕਾਰ ਐਕੁਆਇਰ ਨਹੀਂ ਕਰਨਾ ਚਾਹੁੰਦੀ ਅਤੇ ਗੁਰਦੁਆਰਾ ਪ੍ਰਬੰਧਕ ਇਸ ਨੂੰ ਨਹੀਂ ਬਦਲਣਾ ਚਾਹੁੰਦੇ ਤਾਂ ਗਮਾਡਾ ਕੋਲ ਇਕ ਹੋਰ ਬਦਲ ਬਚਦਾ ਹੈ, ਪਰ ਜੇ ਸਮਾਂ ਰਹਿੰਦੇ ਇਸ ਬਦਲ ਉਪਰ ਕਾਰਵਾਈ ਨਾ ਕੀਤੀ ਤਾਂ ਫਿਰ ਇਹ ਮੋੜ ਸੈਂਕੜੇ ਲੋਕਾਂ ਦੇ ਕਤਲਾਂ ਦਾ ਕਾਰਨ ਬਣੇਗਾ।
ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਹੁਣ ਗਮਾਡਾ ਨੇ ਇਸ ਮੋੜ ਦੇ ਦੂਜੇ ਪਾਸੇ ਦੀ ਕੁਝ ਥਾਂ ਨੂੰ ਹੋਮਲੈਂਡ ਕੰਪਨੀ ਨੂੰ ਵੇਚ ਦਿੱਤਾ ਹੈ ਤੇ ਕੁਝ ਅਜੇ ਗਮਾਡਾ ਕੋਲ ਹੈ। ਜੇਕਰ ਗੁਰਦੁਆਰਾ ਨਹੀਂ ਚੁੱਕਿਆ ਜਾ ਸਕਦਾ ਤਾਂ ਗਮਾਡਾ ਇਸ ਤਿੱਖੇ ਮੋੜ ਨੂੰ ਗਮਾਡਾ ਦੀ ਜ਼ਮੀਨ ’ਚ ਗੋਲਾਈ ਦੇ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਤੋਂ ਰਾਧਾ ਸਵਾਮੀ ਚੌਂਕ ਤੱਕ ਨਵੀਂ ਸੜਕ ਬਣਾ ਸਕਦਾ ਹੈ। ਅਜਿਹਾ ਹੋਣ ਨਾਲ ਇੱਥੇ ਹੋ ਰਹੇ ਐਕਸੀਡੈਂਟ ਬੰਦ ਹੋ ਜਾਣਗੇ। ਉਨ੍ਹਾਂ ਸੀ ਏ ਗਮਾਡਾ ਦੇ ਧਿਆਨ ਵਿੱਚ ਲਿਆਂਦਾ ਕਿ ਹੋਮਲੈਂਡ ਕੰਪਨੀ ਨੇ ਆਪਣਾ ਦਫ਼ਤਰ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਹੈ, ਇਸ ਲਈ ਗਮਾਡਾ ਇਸ ਬਾਰੇ ਤੁਰੰਤ ਕਾਰਵਾਈ ਕਰੇ। ਉਨ੍ਹਾਂ ਮੰਗ ਪੱਤਰ ਦੇ ਨਾਲ ਸੀ ਏ ਗਮਾਡਾ ਨੂੰ ਸੜਕ ਦਾ ਵਿੰਗ ਸਿੱਧਾ ਕਰਨ ਲਈ ਡਰਾਇੰਗ ਦੀ ਕਾਪੀ ਤੇ ਹੋਮਲੈਂਡ ਕੰਪਨੀ ਵੱਲੋਂ ਬਣਾਏ ਜਾ ਰਹੇ ਦਫ਼ਤਰਾਂ ਦੀਆਂ ਫੋਟੋਆਂ ਵੀ ਨਾਲ ਦਿੱਤੀਆਂ।
ਇਸ ਤੋਂ ਬਾਅਦ ਸੀ ਏ ਗਮਾਡਾ ਨੇ ਇਸ ਮਸਲੇ ’ਤੇ ਕਾਰਵਾਈ ਕਰਨ ਦਾ ਭਰੋਸਾ ਦਵਾਉਂਦਿਆਂ ਚੀਫ ਇੰਜਨੀਅਰ ਗਮਾਡਾ ਤੇ ਡੀ ਟੀ ਪੀ ਗਮਾਡਾ ਨਾਲ ਵਿਚਾਰ ਕਰਨ ਲਈ ਕਿਹਾ। ਵਫਦ ਨੇ ਫਿਰ ਇਨ੍ਹਾਂ ਨਾਲ ਵਿਸਥਾਰਤ ਗੱਲਬਾਤ ਕੀਤੀ।
ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਵਲ ਜਲਦੀ ਧਿਆਨ ਨਾ ਦਿਤਾ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਇਸ ਕਤਲਗਾਹ ਨੂੰ ਬੰਦ ਕਰਾਉਣ ਲਈ ਸੰਘਰਸ਼ ਕਰਨਗੇ।
No comments:
Post a Comment