ਐਸ.ਏ.ਐਸ ਨਗਰ, 12 ਜੂਨ : ਪੰਜਾਬ ਦਾ ਸਿੱਖਿਆ ਖੇਤਰ ਵਿੱਚ ਦੇਸ਼ ਵਿੱਚੋਂ ਪਹਿਲੇ ਸਥਾਨ 'ਤੇ ਆਉਣ 'ਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਾ ਗੁੱਸਾ ਸਪੱਸ਼ਟ ਰੂਪ ਵਿਚ ਦੇਖਣ ਨੂੰ ਮਿਲਿਆ ਹੈ । ਮਨੀਸ਼ ਸਿਸੋਦੀਆ ਨੇ ਇਸ ਨੂੰ ਪੱਖਪਾਤੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਪੁਗਾਈ ਸਾਂਝ ਦਾ ਨਾਮ ਦਿੱਤਾ ਹੈ । ਉਧਰ ਨਵਾਂਸ਼ਹਿਰ ਦੇ ਆਰ ਟੀ ਆਈ ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਮਨੀਸ਼ ਸਿਸੋਦੀਆ ਨੂੰ ਪੱਤਰ ਲਿਖ ਕੇ ਆਪਣੇ ਗੁੰਮਰਾਹਕੁੰਨ ਪ੍ਰਚਾਰ ਲਈ ਮੁਆਫੀ ਮੰਗਣ ਅਤੇ ਅਸਲੀ ਤੱਥਾਂ ਤੋਂ ਜਾਣੂ ਹੋਣ ਲਈ ਕਿਹਾ ਹੈ ।
ਪੱਤਰ ਵਿਚ ਕਿਹਾ ਗਿਆ ਹੈ ਕਿ ਤੁਹਾਡੀ ਪਾਰਟੀ ਦੇ ਲੋਕ ਦਿੱਲੀ ਦੇ ਚੰਦ ਕੁ 'ਸਮਾਰਟ ਸਕੂਲਾਂ' ਦੇ ਵੀਡੀਓ ਕਲਿਪ ਦਿਖਾ ਕੇ ਪੰਜਾਬ 'ਚ ਪ੍ਰਚਾਰ ਕਰਦੇ ਰਹੇ ਕਿ ਉਥੇ ਇੰਨੇ ਵਧੀਆ ਸਕੂਲ ਬਣ ਗਏ ਹਨ ਜਦਕਿ ਪੰਜਾਬ ਵਿਚ ਅਜਿਹੇ ਸਕੂਲਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।ਇਹ ਸਕੂਲ ਨਾ ਸ੍ਰੀ ਨਰਿੰਦਰ ਮੋਦੀ ਨੇ ਵਧੀਆ ਬਣਾਏ ਹਨ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ। ਪੰਜਾਬ ਦਾ ਸਿੱਖਿਆ ਦੇ ਇਸ ਖੇਤਰ ਵਿਚ ਅੱਗੇ ਆਉਣਾ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ., ਉਹਨਾਂ ਦੀ ਟੀਮ, ਹੋਰ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਸਥਾਨਕ ਤੇ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸੰਭਵ ਹੋਇਆ ਹੈ। ਸਿਸੋਦੀਆ ਨੇ ਇਕ ਤਰ੍ਹਾਂ ਨਾਲ ਪੰਜਾਬ ਦੀ ਇਸ ਪ੍ਰਾਪਤੀ ਨੂੰ ਪੱਖਪਾਤੀ ਦੱਸ ਕੇ ਪੰਜਾਬ ਦੇ ਲੋਕਾਂ ਖਾਸ ਤੌਰ 'ਤੇ ਅਧਿਆਪਕਾਂ ਅਤੇ ਦਾਨੀ ਸੱਜਣਾਂ ਦਾ ਅਪਮਾਨ ਕੀਤਾ ਹੈ।ਪੰਜਾਬ ਦਾ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ 'ਤੇ ਆਉਣ ਦੇ ਪਿਛੋਕੜ ਵਿਚ ਹਜ਼ਾਰਾਂ ਲੋਕਾਂ ਦੀ ਮਿਹਨਤ ਹੈ ਜਿਸਦੇ ਸਦਕਾ ਦੇਸ਼ ਚੋਂ ਪਹਿਲਾ ਸਥਾਨ ਮਿਲਿਆ ਹੈ ।
ਪੱਤਰ ਵਿੱਚ ਇਹ ਤੱਥ ਵੀ ਦੱਸੇ ਗਏ ਹਨ ਕਿ ਪਿਛਲੇ ਚਾਰ ਸਾਲਾਂ ਵਿਚ ਸਰਕਾਰੀ
ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਲਗਭਗ ਚਾਰ ਲੱਖ ਵਧੀ ਹੈ।ਅਕਾਲੀ-ਭਾਜਪਾ ਸਰਕਾਰ ਦੇ
ਦੂਜੇ ਕਾਰਜਕਾਲ ਦੇ ਸ਼ੁਰੂ ਵਿੱਚ (2012-13) ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ
ਦੀ ਗਿਣਤੀ 26 ਲੱਖ 99 ਹਜ਼ਾਰ 771 ਸੀ ਜਿਹੜੀ ਕਿ ਆਖਰੀ ਸਾਲ 2016-17 ਤੱਕ 23 ਲੱਖ 79
ਹਜ਼ਾਰ 136 ਰਹਿ ਗਈ।ਮੌਜੂਦਾ ਕਾਂਗਰਸ ਸਰਕਾਰ ਦੇ ਪਹਿਲੇ ਸਾਲ ਇਹ ਗਿਣਤੀ ਸਿਰਫ 22 ਲੱਖ 91
ਹਜ਼ਾਰ 840 ਸੀ।ਇਸ ਸਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 26 ਲੱਖ 38 ਹਜ਼ਾਰ
399 ਤੱਕ ਪਹੁੰਚ ਗਈ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਪ੍ਰੀ-ਪ੍ਰਾਇਮਰੀ ਕੇਡਰ
ਸਥਾਪਿਤ ਕੀਤਾ ਗਿਆ ਹੈ ਜਿਸ ਤਹਿਤ 8393 ਨਵੀਆਂ ਪ੍ਰੀ-ਪ੍ਰਾਇਮਰੀ ਪੋਸਟਾਂ ਪੈਦਾ ਕੀਤੀਆਂ
ਗਈਆਂ ਹਨ।
ਬੰਦ ਹੋਣ ਵਾਲੇ ਸਕੂਲਾਂ ਦੀ ਗਿਣਤੀ ਸ੍ਰੀ ਸਿਸੋਦੀਆ ਵਲੋਂ 800 ਦੱਸਣ ਦੇ
ਉਲਟ ਸਿਰਫ 195 ਹੈ ਜਿਹਨਾਂ ਦੇ ਬੱਚੇ ਅਤੇ ਅਧਿਆਪਕ ਤਰਕਸੰਗਤ ਨੀਤੀ ਅਧੀਨ ਨੇੜਲੇ ਹੋਰ
ਸਕੂਲਾਂ ਵਿਚ ਭੇਜੇ ਗਏ।
ਮਨੀਸ਼ ਸਿਸੋਦੀਆ ਨੂੰ ਯਾਦ ਦਿਵਾਇਆ ਗਿਆ ਹੈ ਕਿ ਚਾਰ ਪੰਜ ਮਹੀਨੇ ਪਹਿਲਾਂ ਜਦੋਂ ਕੇਂਦਰ ਸਰਕਾਰ ਦੇ 'ਨੀਤੀ ਆਯੋਗ' ਵਲੋਂ ਆਪਣੇ 'ਇਨੋਵੇਸ਼ਨ ਇੰਡੈਕਸ' 'ਚ ਸਕੂਲਾਂ ਵਿਚ ਇਤਿਹਾਸਕ ਤਬਦੀਲੀ ਲਈ ਦਿੱਲੀ ਨੂੰ ਪਹਿਲਾ ਸਥਾਨ ਦਿੱਤਾ ਗਿਆ ਸੀ ਤਾਂ ਉਦੋਂ ਉਨ੍ਹਾਂ ਨੇ ਬਿਆਨ ਦਿੱਤਾ ਸੀ, "ਇਹ ਦਿੱਲੀ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਰਕਾਰੀ ਸਕੂਲ ਐਨ.ਆਈ.ਟੀ.ਆਈ. ਆਯੋਗ ਦੀ ਐਨ.ਐਸ. ਰਿਪੋਰਟ ਵਿਚ ਸਰਕਾਰੀ ਸਕੂਲ ਪ੍ਰਣਾਲੀ ਦੇ ਇਤਿਹਾਸਕ ਤਬਦੀਲੀ ਨੂੰ ਦਰਸਾਉਂਦਿਆਂ ਦੇਸ਼ ਵਿਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ।ਸਰਕਾਰੀ ਸਕੂਲ ਤਬਦੀਲੀ ਨੇ ਦਿੱਲੀ ਨੂੰ ਸਭ ਤੋਂ ਵੱਧ ਸਕੋਰ ਪ੍ਰਾਪਤ ਕਰਨ ਵਿਚ ਸਹਾਇਤਾ ਦਿੱਤੀ।" ਪਰਵਿੰਦਰ ਸਿੰਘ ਕਿੱਤਣਾ ਨੇ ਪੱਤਰ ਵਿੱਚ ਸਵਾਲ ਕੀਤਾ ਹੈ ਕਿ ਕੀ ਉਦੋਂ ਸ੍ਰੀ ਨਰਿੰਦਰ ਮੋਦੀ ਦਾ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਕੋਈ ਗੁਪਤ ਸਮਝੌਤਾ ਸੀ?
ਪੱਤਰ ਵਿੱਚ ਸ੍ਰੀ ਸਿਸੋਦੀਆ ਨੂੰ ਪੁੱਛਿਆ ਗਿਆ ਹੈ ਕਿ ਜੇਕਰ ਉਹ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਕਰ ਸਕਦੇ ਹੋ ਤਾਂ ਪੰਜਾਬ ਦੇ ਆਗੂ, ਅਧਿਕਾਰੀ, ਅਧਿਆਪਕ ਤੇ ਆਮ ਲੋਕ ਕਿਉਂ ਨਹੀਂ? ਇਸ ਲਈ ਸ੍ਰੀ ਸਿਸੋਦੀਆ ਨੂੰ ਆਪਣੇ ਗੁੰਮਰਾਹਕੁਨ ਪ੍ਰਚਾਰ ਬਦਲੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਫੇਸਬੁੱਕ 'ਤੇ ਕੁਝ ਮਿੰਟਾਂ ਦਾ ਲਾਈਵ ਨਾ ਸਿਰਫ ਦਿੱਲੀ ਸਰਕਾਰ ਦਾ ਸਗੋਂ ਸਮੁੱਚੀ ਆਮ ਆਦਮੀ ਪਾਰਟੀ ਦਾ ਚਿਹਰਾ ਸਾਹਮਣੇ ਆਇਆ ਮੰਨਿਆ ਜਾਵੇਗਾ।
No comments:
Post a Comment