ਐਸ.ਏ.ਐਸ. ਨਗਰ, 20 ਜੁਲਾਈ : ਆਰ.ਟੀ.ਏ. ਦਫ਼ਤਰ ਵਿਖੇ ਕੰਮਾਂ ਲਈ ਲੋਕਾਂ ਤੋਂ ਪੈਸੇ ਲੈਣ ਵਾਲਿਆਂ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਦਿਆਂ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਅਤੇ ਡੀ.ਐਸ.ਪੀ. ਅਮਨਪ੍ਰੀਤ ਸਿੰਘ ਸਾਈਬਰ ਕਰਾਇਮ ਸਮੇਤ ਟੀਮ ਬਣਾ ਆਰ ਟੀ ਏ ਦਫ਼ਤਰ ਨੇੜੇ ਕਚਹਿਰੀ ਕੰਪਾਊਂਡ ਅਤੇ ਸੈਕਟਰ 82 ਟਰੈਕ ਵਿਖੇ
ਕੰਮ ਕਰਵਾਉਣ ਲਈ ਪੈਸੇ ਲੈਣ ਵਾਲੇ 04 ਵਿਅਕਤੀਆਂ ਤਰਨਜੀਤ ਸਿੰਘ , ਮਨੀਸ਼ ਕੁਮਾਰ , ਹਰਜਿੰਦਰ ਸਿੰਘ, ਯਸ਼ਪਾਲ ਸ਼ਰਮਾ ਨੂੰ 100 ਦੇ ਕਰੀਬ ਲਾਇਸੈਂਸ ਆਰ.ਸੀਜ਼ ਅਤੇ ਇਨ੍ਹਾਂ ਨਾਲ ਸਬੰਧਤ ਫਾਇਲਾਂ , ਮੋਬਾਇਲ ਅਤੇ ਲੈਪਟੌਪਜ਼ ਸਮੇਤ ਕਾਬੂ ਕੀਤਾ ਹੈ ਤੇ ਇਨ੍ਹਾਂ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਲੋਕ ਆਰ.ਟੀ.ਏ. ਦਫਤਰ ਅਤੇ ਸੈਕਟਰ 82 ਟਰੈਕ ਵਿਖੇ ਕੰਮ ਕਰਵਾਉਣ ਬਦਲੇ ਲੋਕਾਂ ਤੋਂ ਪੈਸੇ ਲੈਂਦੇ ਹਨ ਤੇ ਲੋਕਾਂ ਨੂੰ ਖੱਜਲ ਖੁਆਰ ਕਰਦੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵੱਲੋਂ ਮਿਲੇ ਦਿਸ਼ਾਂ ਨਿਰਦੇਸ਼ ਮੁਤਾਬਿਕ ਟੀਮ ਬਣਾ ਕੇ ਆਰ.ਟੀ.ਏ ਦਫ਼ਤਰ ਨੇੜੇ ਕਚਿਹਰੀ ਕੰਪਾਊਂਡ ਅਤੇ ਸੈਕਟਰ 82 ਟਰੈਕ ਨੇੜੇ ਰੇਡ ਕਰ ਕੇ 04 ਵਿਅਕਤੀਆ ਨੂੰ ਕਾਬੂ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਤੇ ਪਾਰਦਰਸ਼ੀ ਸੇਵਾ ਮਾਹੌਲ ਦੇਣ ਲਈ ਵਚਨਬੱਧ ਹੈ ਤੇ ਜੇ ਕੋਈ ਸਰਕਾਰੀ ਮੁਲਾਜ਼ਮ ਕੰਮ ਬਦਲੇ ਰਿਸ਼ਵਤ ਜਾਂ ਕੋਈ ਪ੍ਰਾਈਵੇਟ ਵਿਅਕਤੀ ਕੰਮ ਕਰਵਾਉਣ ਬਦਲੇ ਪੈਸੇ ਲੈਂਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਕੋਲ ਜਿਸ ਕੰਮ ਨਾਲ ਸਬੰਧਤ ਲਾਇਸੈਂਸ ਹੋਵੇ ਉਹ ਵਿਅਕਤੀ ਉਹੀ ਕੰਮ ਕਰਨ ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸੇਵਾਵਾਂ ਲੋਕਾਂ ਦਾ ਹੱਕ ਹਨ, ਜੇ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਕੋਈ ਹੋਰ ਵਿਅਕਤੀ ਕੰਮ ਬਦਲੇ ਪੈਸੇ ਲੈਂਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਫੌਰੀ ਤੌਰ ਉਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੀਤੀ ਜਾਵੇ। ਮਾਮਲੇ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਸਮੇਤ ਐਸ.ਡੀ.ਐਮ. ਦਫਤਰ ਦੀ ਟੀਮ ਮੌਜ਼ੂਦ ਸੀ।
No comments:
Post a Comment