ਖਰੜ, 26 ਜੁਲਾਈ : ਖਰੜ ਵਿਖੇ ਬੁਨਿਆਦੀ ਢਾਂਚੇ ਸਬੰਧੀ ਪ੍ਰਾਜੈਕਟਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਵਿੱਚ 22.74 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਝੁੰਗੀਆਂ ਵਿਖੇ ਕਮਿਊਨਿਟੀ ਸੈਂਟਰ ਅਤੇ ਸਪੋਰਟਸ ਸਟੇਡੀਅਮ ਦੀ ਉਸਾਰੀ, ਪਿੰਡ ਸੰਤੇਮਾਜਰਾ ਵਿਖੇ ਪਾਰਕ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ, ਸਿਵਲ ਹਸਪਤਾਲ ਰੋਡ ਖਰੜ ਨੂੰ ਚੌੜਾ ਕਰਨ ਤੇ ਚਾਰ ਮਾਰਗੀ ਕਰਨ ਅਤੇ ਪੁਰਾਣੀਆਂ ਚੋਆਂ ਨੂੰ ਚੈਨਲਾਈਜੇਸ਼ਨ ਕਰਨ ਸਬੰਧੀ ਕਾਰਜ ਸ਼ਾਮਲ ਹਨ।
ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਕੰਗ ਦੀ ਹਾਜ਼ਰੀ ਵਿੱਚ ਨੀਂਹ ਪੱਥਰ ਰੱਖਣ ਉਪਰੰਤ ਸ੍ਰੀ ਮਹਿੰਦਰਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਪਿਛਲੇ ਚਾਰ ਸਾਲਾਂ ਦੌਰਾਨ 71,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਕਰਨ ਤੋਂ ਇਲਾਵਾ ਵੱਖ-ਵੱਖ ਉਦਯੋਗਿਕ ਪ੍ਰਾਜੈਕਟਾਂ ਤਹਿਤ 2.7 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਯਕੀਨੀ ਬਣਾਇਆ ਗਿਆ। ਮੰਤਰੀ ਨੇ ਦੱਸਿਆ ਕਿ ਪ੍ਰਾਜੈਕਟਾਂ ਦੀ ਸਥਾਪਨਾ ਲਈ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ ਅਤੇ ਇਹ ਵਿਕਾਸ ਪ੍ਰਾਜੈਕਟ ਜਲਦ ਹੀ ਕਾਰਜਸ਼ੀਲ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਕੋਵਿਡ-19 ਮਹਾਂਮਾਰੀ ਦੌਰਾਨ ਗੰਭੀਰ ਸਿਹਤ ਸੰਕਟ ਦੇ ਬਾਵਜੂਦ ਸਾਲ-2020 ਵਿੱਚ ਕਾਰੋਬਾਰ ਨੂੰ ਸੁਖਾਲਾ ਕਰਨ ਤਹਿਤ ਖੇਤੀਬਾੜੀ, ਫੂਡ ਪ੍ਰਾਸੈਸਿੰਗ, ਕੈਮੀਕਲ, ਆਟੋਮੋਬਾਇਲ, ਟੈਕਸਟਾਈਲ, ਸਿੱਖਿਆ, ਨਵਿਆਉਣਯੋਗ ਊਰਜਾ, ਲਾਈਟ ਇੰਜੀਨੀਅਰਿੰਗ ਸਮੇਤ ਵੱਖ-ਵੱਖ ਸੈਕਟਰਾਂ ਵਿੱਚ ਵੱਡੇ ਪ੍ਰਾਜੈਕਟਾਂ ਲਈ 10,461 ਕਰੋੜ ਰੁਪਏ ਨਿਵੇਸ਼ ਹੋਏ ਕੀਤੇ ਗਏ।
ਇਸ ਦੌਰਾਨ ਸਨੀ ਐਨਕਲੇਵ ਵਿੱਚ ਸਨੀ ਕਲੱਬ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਕੰਗ ਨੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਹੱਲ ਕਰਵਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਨਫੋਟੈੱਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਕੰਗ, ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਪਵਨ ਦੀਵਾਨ, ਐਸ.ਡੀ.ਐਮ. ਖਰੜ ਹਰਬੰਸ ਸਿੰਘ, ਕਾਰਜਕਾਰੀ ਇੰਜਨੀਅਰ ਵਿਨੈ ਮਹਾਜਨ, ਯੂਥ ਕਾਂਗਰਸ ਪ੍ਰਧਾਨ ਖਰੜ ਰਾਜਬੀਰ ਸਿੰਘ ਰਾਜੀ, ਮਹਿਲਾ ਕਾਂਗਰਸ ਆਗੂ ਰੇਨੂ ਬਾਲਾ ਤੇ ਬਲਾਕ ਪ੍ਰਧਾਨ ਖਰੜ ਯਸ਼ਪਾਲ ਬਾਂਸਲ ਹਾਜ਼ਰ ਸਨ।
No comments:
Post a Comment