ਖਰੜ, 11 ਜੁਲਾਈ : ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਭਾਜਪਾ ਜਿਲ੍ਹਾ ਮੋਹਾਲੀ ਦੇ ਜਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਰਿੰਦਰ ਸਿੰਘ ਰਾਣਾ ਨੇ ਪੰਜਾਬ ਦੇ ਸੀਨੀਅਰ ਆਗੂ ਅਤੇ ਦੋ ਵਾਰ ਐਮ ਐਲ ਏ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਸ੍ਰੀ ਅਨਿਲ ਜੋਸ਼ੀ ਜੀ ਨੂੰ 6 ਸਾਲ ਵਾਸਤੇ ਪਾਰਟੀ ਤੋਂ ਬਾਹਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਉਹਨਾਂ ਅੱਗੇ ਕਿਹਾ
ਕਿ ਅਨਿਲ ਜੋਸ਼ੀ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਫੈਸਲਾ ਜਲਦਬਾਜ਼ੀ ਵਿਚ ਲਿਆ ਗਿਆ ਫੈਸਲਾ ਹੈ, ਅਤੇ ਇਹ ਫੈਸਲਾ ਲੈਣ ਤੋਂ ਪਹਿਲਾਂ ਕਈ ਤੱਥ ਨਜ਼ਰਅੰਦਾਜ਼ ਕਰ ਦਿੱਤੇ ਗਏ ਹਨ। ਅਨਿਲ ਜੋਸ਼ੀ ਜੀ ਪਾਰਟੀ ਦੇ ਸਮਰਪਤ ਕਾਰਜਕਰਤਾ ਹਨ ਅਤੇ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਪਾਰਟੀ ਦੀ ਸੂਬਾ ਲੀਡਰਸ਼ਿਪ ਨੇ ਇਹ ਫੈਸਲਾ ਆਪਣੇ ਨਿਜੀ ਹਿੱਤਾਂ ਕਾਰਣ ਜਲਦਬਾਜ਼ੀ ਵਿੱਚ ਲਿਆ ਹੈ।
ਨਰਿੰਦਰ ਸਿੰਘ ਰਾਣਾ ਨੇ ਅੱਗੇ ਕਿਹਾ ਕਿ ਇੱਕ ਸਮਰਪਤ ਕਾਰਜਕਰਤਾ ਤਿਆਰ ਕਰਨ ਵਿੱਚ ਪਾਰਟੀ ਨੂੰ ਕਈ ਦਹਾਕੇ ਲੱਗਦੇ ਹਨ, ਅਤੇ ਜਿਸ ਕਾਰਜਕਰਤਾ ਨੇ ਦਿਨ ਰਾਤ ਪਾਰਟੀ ਦੀ ਸੇਵਾ ਕਰ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੋਵੇ ਐਸੇ ਕਾਰਜਕਰਤਾ ਨੂੰ ਪਾਰਟੀ ਵਿਚੋਂ ਬਾਹਰ ਕਰਨਾ, ਨਾ ਸਿਰਫ ਕਾਰਜਕਰਤਾਵਾਂ ਦਾ ਹੌਂਸਲਾ ਤੋੜਦਾ ਹੈ ਬਲਕਿ ਪਾਰਟੀ ਲਈ ਬਹੁਪੱਖੀ ਨੁਕਸਾਨ ਦਾ ਸਬੱਬ ਬਣ ਸਕਦਾ ਹੈ ।
ਸ਼੍ਰੀ ਅਨਿਲ ਜੋਸ਼ੀ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਸ਼੍ਰੀ ਜੋਸ਼ੀ ਪੁਰਾਣੇ, ਤਜਰਬੇਕਾਰ ਨੇਤਾ ਹਨ ਜੋ ਕਿ ਜ਼ਮੀਨ ਤੋਂ ਜੁੜੇ ਹੋਏ ਹਨ ਅਤੇ ਸ਼ੁਰੂ ਤੋਂ ਹੀ ਪਾਰਟੀ ਵਰਕਰਾਂ ਦੀ ਅਤੇ ਪੰਜਾਬ ਸੂਬੇ ਦੇ ਹਿੱਤਾਂ ਦੀ ਅਵਾਜ ਬੁਲੰਦ ਕਰਦੇ ਰਹੇ ਹਨ, ਇਸਦੇ ਨਾਲ ਹੀ ਸ਼੍ਰੀ ਅਨਿਲ ਜੋਸ਼ੀ ਪੰਜਾਬ ਦੀ ਜ਼ਮੀਨੀ ਸਮੱਸਿਆਵਾਂ ਨਾਲ ਚੰਗੀ ਤਰ੍ਹਾਂ ਜਾਣੂ ਹਨ ਅਤੇ ਕਈ ਦਹਾਕਿਆਂ ਤੋਂ ਪੰਜਾਬ ਦੀ ਸੇਵਾ ਵਿਚ ਸਮਰਪਿਤ ਹਨ।
ਸ੍ਰੀ ਅਨਿਲ ਜੋਸ਼ੀ ਜੀ ਨੇ ਪਾਰਟੀ ਦੇ ਵਰਕਰਾਂ ਦੇ ਦਿਲ ਦੀ ਗੱਲ ਕੀਤੀ ਸੀ। ਉਨ੍ਹਾਂ ਇਹ ਹੀ ਕਿਹਾ ਸੀ ਕਿ ਪੰਜਾਬ ਭਾਜਪਾ ਦੇ ਕੁਝ ਲੀਡਰ ਕਿਸਾਨਾਂ ਨੂੰ ਮੰਦੀ ਸ਼ਬਦਾਵਲੀ ਬੋਲ ਕੇ ਭੜਕਾ ਰਹੇ ਹਨ। ਜਿਸ ਦਾ ਖਮਿਆਜ਼ਾ ਭਾਜਪਾ ਦੇ ਛੋਟੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ। 80 ਤੋਂ 90 ਫੀਸਦੀ ਭਾਜਪਾ ਪੰਜਾਬ ਦੇ ਵਰਕਰ ਕਿਸਾਨਾਂ ਦੇ ਮਸਲੇ ਨੂੰ ਹੱਲ ਹੋਇਆ ਵੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਸਾਨਾਂ ਦੇ ਹਾਲਾਤ ਦੀ ਗੱਲ ਕੀਤੀ ਸੀ, ਪੰਜਾਬ ਅਤੇ ਪੰਜਾਬੀਅਤ ਦਾ ਦਰਦ ਰੱਖਣ ਵਾਲਾ ਹਰ ਵਿਅਕਤੀ ਚਾਹੁੰਦਾ ਹੈ ਕਿ ਕਿਸ਼ਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤਣ। ਉਨ੍ਹਾਂ ਕਾਨੂੰਨਾਂ ਨੂੰ ਮਾੜਾ ਨਹੀਂ ਸੀ ਕਿਹਾ, ਉਨ੍ਹਾਂ ਕਿਹਾ ਸੀ ਕਿ ਕਾਨੂੰਨ ਬਣਦੇ ਵੀ ਹਨ ਅਤੇ ਕਾਨੂੰਨਾਂ ਵਿੱਚ ਸੋਧ ਵੀ ਹੁੰਦੀ ਹੈ। ਅਨਿਲ ਜੋਸ਼ੀ ਜੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰਦੇ ਹਨ। ਕਿਸਾਨਾਂ ਦਾ ਮੁੱਦਾ ਹੱਲ ਕਰਨ ਦੀ ਗੱਲ ਕਹਿਣ ਅਤੇ ਪੰਜਾਬ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ 'ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣਾ,ਪਾਰਟੀ ਦੀ ਸੂਬਾ ਲੀਡਰਸ਼ਿਪ ਦਾ ਆਪਣੇ ਨਿੱਜੀ ਹਿੱਤਾਂ ਲਈ ਜਲਦਬਾਜੀ ਵਿੱਚ ਲਿਆ ਗਿਆ ਫੈਸਲਾ ਹੈ।
No comments:
Post a Comment