ਚੰਡੀਗੜ, 30 ਅਗਸਤ :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਮਹਿਲਾ ਵਿੰਗ ਆਗੂਆਂ ਅਤੇ ਵਰਕਰਾਂ 'ਤੇ ਚੰਡੀਗੜ ਪੁਲੀਸ ਵੱਲੋਂ ਲਾਠੀਚਾਰਜ ਕਰਨ , ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ ਪੁਲੀਸ ਵੱਲੋਂ ਪੁਰਸ਼ ਕਰਮਚਾਰੀਆਂ ਨੂੰ ਡਿਊਟੀ ਲਾਉਣਾ ਬੇਹੱਦ ਸ਼ਰਮਨਾਕ ਕਾਰਵਾਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਦੇਸ਼ ਭਰ 'ਚ ਮਹਿਲਾਵਾਂ ਅਤੇ ਕਿਸਾਨਾਂ ਖ਼ਿਲਾਫ਼ ਸੱਤਾਧਾਰੀ ਭਾਜਪਾਈ ਗੁੰਡਿਆਂ ਵੱਲੋਂ ਕੀਤੇ ਜਾਂਦੇ ਅਪਮਾਨ ਅਤੇ ਹਮਲਿਆਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਚੰਡੀਗੜ ਸਥਿਤ ਸੂਬਾ ਪੱਧਰੀ ਦਫ਼ਤਰ ਦਾ ਘਿਰਾਓ ਕੀਤਾ ਸੀ। ਇਸ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਚੰਡੀਗੜ ਪੁਲੀਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਸੀ ਅਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਸਨ। ਇਸ ਲਾਠੀਚਾਰਜ ਦੌਰਾਨ 'ਆਪ' ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਨੌਜਵਾਨ ਆਗੂ ਅਨਮੋਲ ਗਗਨ ਮਾਨ ਸਮੇਤ ਦਰਜ਼ਨ ਦੇ ਕਰੀਬ ਮਹਿਲਾ ਵਰਕਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ ਸਨ।
ਸੋਮਵਾਰ ਨੂੰ ਪਾਰਟੀ ਦਫ਼ਤਰ ਤੋਂ ਸਾਂਝੇ ਬਿਆਨ ਰਾਹੀਂ 'ਆਪ' ਦੀ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਹੁਕਮਾਂ 'ਤੇ ਪੁਲੀਸ ਨੇ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ 'ਤੇ ਲਾਠੀਚਾਰਜ ਕੀਤਾ ਹੈ। ਉਨਾਂ ਕਿਹਾ ਕਿ ਜਾਣਕਾਰੀ ਦੇ ਬਾਵਜੂਦ ਧਰਨਾ ਸਥਾਨ 'ਤੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਆਗੂਆਂ ਅਤੇ ਵਰਕਰਾਂ ਨੂੰ ਰੋਕਣ ਲਈ ਪੁਲੀਸ ਨੇ ਪੁਰਸ਼ ਮੁਲਾਜ਼ਮਾਂ ਨੂੰ ਡਿਊਟੀ 'ਤੇ ਲਾਉਣਾ ਨੈਤਿਕ ਤੌਰ 'ਤੇ ਗਲਤ ਹੈ। ਪੁਲੀਸ ਵੱਲੋਂ ਮਹਿਲਾ ਵਰਕਰਾਂ 'ਤੇ ਕੀਤੀ ਗਈ ਕਾਰਵਾਈ ਨਾਲ ਸਮੁੱਚਾ ਪੰਜਾਬ ਅਤੇ ਦੇਸ਼ ਸ਼ਰਮਸਾਰ ਹੋਇਆ ਹੈ। ਉਨਾਂ ਚੰਡੀਗੜ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉਚ ਪੱਧਰ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਦੀਆਂ ਵਿਧਾਨਕਾਰਾਂ ਨੇ ਕਿਹਾ ਕਿ ਉਨਾਂ ਦੀ ਪਾਰਟੀ ਕਿਸਾਨਾਂ ਅਤੇ ਔਰਤਾਂ 'ਤੇ ਦੇਸ਼ ਭਰ 'ਚ ਹੋ ਰਹੇ ਅੱਤਿਆਚਾਰਾ ਖ਼ਿਲਾਫ਼ ਆਪਣੀ ਆਵਾਜ਼ ਹਮੇਸ਼ਾਂ ਬੁਲੰਦ ਕਰਦੀ ਰਹੇਗੀ ਅਤੇ ਇਸ ਆਵਾਜ਼ ਨੂੰ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਆਪਣੀਆਂ ਦਮਨਕਾਰੀ ਨੀਤੀ ਨਾਲ ਬੰਦ ਨਹੀਂ ਕਰ ਸਕਣਗੀਆਂ। ਉਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਸ਼ਾਂਤੀਮਈ ਪ੍ਰਦਰਸ਼ਨ ਕੀਤਾ ਸੀ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ 'ਤੇ ਪੁਲੀਸ ਨੇ ਲਾਠੀਆਂ ਬਰਸਾਈਆਂ ਸਨ ਅਤੇ ਐਤਵਾਰ ਨੂੰ ਪੁਲੀਸ ਨੇ ਇਸ ਘਟਨਾ ਨੂੰ ਫਿਰ ਦੁਹਰਾ ਕੇ ਆਪਣੀ ਮਹਿਲਾ ਵਿਰੋਧੀ ਸੋਚ ਨੂੰ ਉਜਾਗਰ ਕੀਤਾ ਹੈ।
'ਆਪ' ਵਿਧਾਨਕਾਰਾਂ ਨੇ ਦੋਸ਼ ਲਾਇਆ ਕਿ ਜਿਸ ਮੋਦੀ ਸਰਕਾਰ ਨੂੰ ਲੋਕਾਂ ਨੇ ਭਰੋਸਾ ਕਰਕੇ ਚੁਣਿਆ ਸੀ, ਉਹੀ ਸਰਕਾਰ ਆਮ ਜਨਤਾ ਦੀ ਆਵਾਜ਼ ਨੂੰ ਦਬਾਅ ਕੇ ਉਨਾਂ 'ਤੇ ਅੱਤਿਆਚਾਰ ਕਰ ਰਹੀ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਚੰਡੀਗੜ ਪੁਲੀਸ ਵੱਲੋਂ ਕੀਤੀ ਕਾਰਵਾਈ ਦਾ ਨੋਟਿਸ ਲੈਂਦਿਆਂ ਸਖ਼ਤ ਅਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦਾ ਇੱਕ ਵਫ਼ਦ ਪੰਜਾਬ ਮਹਿਲਾ ਕਮਿਸ਼ਨ ਨੂੰ ਮਿਲ ਕੇ ਪੁਲੀਸ ਕਾਰਵਾਈ ਦੀ ਜਾਂਚ ਕਰਾਉਣ ਦੀ ਮੰਗ ਵੀ ਕਰੇਗਾ।
No comments:
Post a Comment