ਐਸ.ਏ.ਐਸ.ਨਗਰ, 06 ਅਗਸਤ : ਜ਼ੀਰਕਪੁਰ ਦੇ ਢਕੋਲੀ ਖੇਤਰ ਵਿੱਚੋਂ ਲੰਘਦੇ ਸਿੰਘ ਨਾਲੇ ਦੇ ਪਾਣੀ ਵਿੱਚ ਰਸਾਇਣ ਘੁਲਣ ਦੇ ਮਾਮਲੇ, ਜਿਸ ਕਾਰਨ ਨਾਲੇ ਦਾ ਪਾਣੀ ਲਾਲ ਹੋ ਗਿਆ ਸੀ, ਵਿੱਚ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੰਚਕੂਲਾ ਦੀ ਇੱਕ ਸਨਅਤੀ ਇਕਾਈ ਦੀ ਸ਼ਨਾਖ਼ਤ ਕੀਤੀ ਹੈ, ਜਿਸ ਵੱਲੋਂ ਰਸਾਇਣ ਨਾਲੇ ਵਿੱਚ ਛੱਡਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜਨੀਅਰ ਰਣਤੇਜ ਸ਼ਰਮਾ ਦੀ ਅਗਵਾਈ ਤੇ ਐਕਸੀਅਨ ਲਵਲੀਨ ਦੂਬੇ ਦੀ ਸੁਪਰਵਿਜ਼ਨ ਦੇ ਵਿੱਚ ਟੀਮ ਨੇ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਤਾਲਮੇਲ ਕਰ ਕੇ ਮਾਮਲੇ ਦੀ ਜਾਂਚ ਕੀਤੀ। ਮੁਢਲੀ ਜਾਂਚ ਵਿੱਚ ਇਹ ਤੱਥ ਉਜਾਗਰ ਹੋਇਆ ਸੀ ਕਿ ਇਹ ਰਸਾਇਣ ਗੁਆਂਢੀ ਸੂਬੇ ਦੀ ਸਨਅਤੀ ਇਕਾਈ ਵੱਲੋਂ ਛੱਡਿਆ ਗਿਆ ਹੈ ਤੇ ਜਾਂਚ ਦੌਰਾਨ ਇਸ ਪੱਖ ਉਤੇ ਮੋਹਰ ਲੱਗ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਲੇ ਵਿੱਚ ਰਸਾਇਣ ਆਉਣ ਦਾ ਮੁੱਖ ਸਰੋਤ ਪੰਚਕੂਲਾ ਦੇ ਸਨਅਤੀ ਖੇਤਰ 01 ਦੀ ਕਾਗਜ਼ ਮਿੱਲ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ ਤੇ ਮਾਮਲਾ ਹੋਰ ਸੂਬੇ ਨਾਲ ਸਬੰਧਤ ਹੋਣ ਕਰ ਕੇ ਇਹ ਕੇਸ ਵੱਖ-ਵੱਖ ਅਧਿਕਾਰਤ ਪੱਧਰਾਂ ਉਤੇ ਚੁੱਕਿਆ ਜਾਵੇਗਾ ਤੇ ਇਸ ਸਬੰਧੀ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ।
ਸ਼੍ਰੀ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਦੀਆਂ ਕੱਲ੍ਹ ਤੋਂ ਹੀ ਇਸ ਸਬੰਧੀ ਜਾਂਚ ਵਿੱਚ ਲੱਗੀਆਂ ਹੋਈਆਂ ਸਨ ਤੇ ਸੈਂਪਲ ਲੈ ਕੇ ਵਿਸਥਾਰਤ ਜਾਂਚ ਲਈ ਲੈਬ ਵਿੱਚ ਵੀ ਘੱਲੇ ਗਏ ਹਨ। ਇਸ ਸਬੰਧੀ ਮੁੱਖ ਤੌਰ ਉਤੇ ਕਾਰਵਾਈ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਰਨੀ ਹੈ ਕਿਉਂਕਿ ਇਸ ਸਨਅਤੀ ਇਕਾਈ ਉਸ ਬੋਰਡ ਦੇ ਅਧਿਕਾਰ ਖੇਤਰ ਵਿੱਚ ਹੈ।
ਫੌਰੀ ਕਾਰਵਾਈ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਸ਼੍ਰੀ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਜੇ.ਸੀ.ਬੀ. ਦੀ ਮਦਦ ਨਾਲ ਉਹ ਜ਼ਮੀਨਦੋਜ਼ ਪਾਈਪ ਵੀ ਬਰਾਮਦ ਕੀਤਾ ਹੈ, ਜਿਸ ਜ਼ਰੀਏ ਰਾਇਣ ਨੂੰ ਨਾਲੇ ਵਿੱਚ ਪਾਇਆ ਗਿਆ।
ਇਸ ਬਾਬਤ ਇੰਜਨੀਅਰ ਰਣਤੇਜ ਸ਼ਰਮਾ ਨੇ ਦੱਸਿਆ ਕਿ ਪਾਈਪ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਾਰਵਾਈ ਲਈ ਸਿਫਾਰਸ਼ ਕਰ ਦਿੱਤੀ ਗਈ ਹੈ।
No comments:
Post a Comment