ਚੰਡੀਗੜ੍ਹ, 01 ਸਤੰਬਰ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਕਾਫ਼ਿਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਵੱਡੀਆਂ ਹਸਤੀਆਂ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸੇ ਕੜੀ ਤਹਿਤ ਬੁੱਧਵਾਰ ਨੂੰ ਓਲੰਪੀਅਨ ਹਾਕੀ ਖਿਡਾਰੀ ਬਲਬੀਰ ਗਰੇਵਾਲ ਖੰਨਾ, ਹਾਈਕੋਰਟ ਦੇ ਐਡਵੋਕੇਟ ਗੁਰਜੀਤ ਸਿੰਘ ਕੌੜਾ ਅਤੇ ਜਨਤਾ ਦਲ ਯੂਨਾਈਟਿਡ ਦੇ ਆਗੂ ਜਸਵੀਰ ਸਿੰਘ ਖਹਿਰਾ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ। ਇਨ੍ਹਾਂ ਆਗੂਆਂ ਦਾ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਰਟੀ ਦਫ਼ਤਰ ਵਿੱਚ ਰਸਮੀ ਤੌਰ ’ਤੇ ਸਵਾਗਤ ਕੀਤਾ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਿਕਾਸਮਈ ਕੰਮਾਂ ਅਤੇ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ। ਉਨ੍ਹਾਂ ਕਿਹਾ ਕਿ ਲੋਕ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਵਲ ਮਾਫੀਆ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਮਾਫੀਆ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਲਈ ਆਮ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ।
ਚੀਮਾ ਨੇ ਦੱਸਿਆ ਕਿ ਸਾਬਕਾ ਹਾਕੀ ਖਿਡਾਰੀ ਅਤੇ ਓਲੰਪੀਅਨ ਬਲਬੀਰ ਗਰੇਵਾਲ ਖੰਨਾ, ਜਿਨ੍ਹਾਂ ਖੇਡ ਵਿਭਾਗ ਅਤੇ ਰੇਲਵੇ ’ਚ ਵੀ ਸੇਵਾਵਾਂ ਨਿਭਾਈਆਂ ਹਨ,ਉਹ ਆਪਣੇ ਸਾਥੀਆਂ ਨਾਲ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਜੀਤ ਸਿੰਘ ਕੌੜਾ ਨੇ ‘ਆਪ’ ਦਾ ਪੱਲਾ ਫੜਿਆ ਹੈ, ਜਿਨ੍ਹਾਂ ਨੇ 2014 ਦੀਆਂ ਚੋਣਾ ਸਮੇਂ ਹਰਿਆਣਾ ਦੀ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਅਭੈ ਸਿੰਘ ਚੌਟਾਲਾ ਖਿਲਾਫ਼ ਚੋਣ ਲੜੀ ਸੀ। ਜਦੋਂ ਕਿ ਜਨਤਾ ਦਲ ਯੂਨਾਈਟਿਡ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਭਾਰੀ ਜਸਬੀਰ ਸਿੰਘ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣੇ ਹਨ। ਇਸ ਮੌਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਲਾਈ ਗਈ ਡਿਊਟੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
No comments:
Post a Comment