ਮੋਹਾਲੀ, 1 ਨਵੰਬਰ : ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਹਿ ਪ੍ਰਧਾਨ ਅਤੇ ਖਰੜ ਤੋਂ ਹਲਕਾ ਇੰਚਾਰਜ ਅਨਮੋਲ ਗਗਨ ਮਾਨ ਨੇ ਨਯਾ ਗਾਓਂ ਨਾਲ ਲਗਦੇ ਪਿੰਡ ਨਾਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨਾਡਾ ਪਿੰਡ ਦੇ ਖੇਡ ਮੈਦਾਨ ਨੂੰ ਰਾਜ ਪੱਧਰ ਤੇ ਵਿਕਸਿਤ ਕਰਕੇ ਪਿੰਡ ਦਾ ਮਾਣ ਵਧਾਇਆ ਜਾਵੇਗਾ।
ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਖਰੜ ਹਲਕੇ ਵਿੱਚ ਪੈਂਦੇ ਪਿੰਡ ਨਾਡਾ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸਥਾਨਕ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ 10 ਸਾਲ ਅਕਾਲੀ ਭਾਜਪਾ ਸਰਕਾਰ ਅਤੇ ਪੰਜ ਸਾਲ ਕਾਂਗਰਸ ਸਰਕਾਰ ਨੇ ਨਾਡਾ ਪਿੰਡ ਵਾਸੀਆਂ ਲਈ ਕੁਝ ਵੀ ਨਹੀਂ ਕੀਤਾ। ਇਹਨਾਂ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਹੀ ਵੋਟ ਬੈਂਕ ਦੀ ਰਾਜਨੀਤੀ ਕੀਤੀ ਹੈ। ਅਸਲ ਵਿੱਚ ਇਨ੍ਹਾਂ ਪਾਰਟੀਆਂ ਦਾ ਵਿਕਾਸ ਦੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਿੰਡ ਦੇ ਲੋਕ ਕੇਵਲ ਵੋਟਾਂ ਵੇਲੇ ਹੀ ਯਾਦ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਬੇਹੱਦ ਖਸਤਾ ਹਾਲਤ ਵਾਲੇ ਪਿੰਡ ਦੇ ਸਕੂਲ ਨੂੰ ਆਪ ਦੀ ਸਰਕਾਰ ਆਉਣ 'ਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰਜ਼ ਉੱਤੇ ਨਵੀਂ ਨੁਹਾਰ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਲਈ ਨਵੀਂ ਤਕਨਾਲੋਜੀ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਹਰ ਵਰਗ ਦੇ ਵਿਦਿਆਰਥੀ ਉੱਚੇ ਮਿਆਰ ਦੀ ਸਿੱਖਿਆ ਹਾਸਲ ਕਰ ਸਕਣ।
ਉਨ੍ਹਾਂ ਦੱਸਿਆ ਕਿ ਨਾਡਾ ਪਿੰਡ ਵਿੱਚ ਆਵਾਜਾਈ ਦੀ ਕੋਈ ਵਿਵਸਥਾ ਨਹੀਂ ਹੈ ਜਿਸ ਕਾਰਨ ਆਮ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਿਚ ਕੋਈ ਡਿਸਪੈਂਸਰੀ ਨਾ ਹੋਣ ਕਾਰਨ ਬਿਮਾਰੀ ਵੇਲੇ ਦਵਾ ਦਾਰੂ ਦਾ ਪ੍ਰਬੰਧ ਕਰਨ ਲਈ ਪਿੰਡ ਵਾਸੀਆਂ ਨੂੰ ਭਟਕਣਾ ਪੈਂਦਾ ਹੈ। ਹਰ ਸਰਕਾਰ ਸਿਹਤ ਦੇ ਮੁਫ਼ਤ ਇਲਾਜ ਦੀ ਗੱਲ ਤਾਂ ਕਰਦੀ ਹੈ ਪਰ ਜਿੱਤਣ ਉਪਰੰਤ ਹੀ ਆਮ ਲੋਕਾਂ ਲਈ ਆਪਣੇ ਬੂਹੇ ਬੰਦ ਕਰ ਲੈਂਦੀ ਹੈ। ਉਨ੍ਹਾਂ ਵਾਅਦਾ ਕੀਤਾ ਕੀ ' ਆਪ' ਦੀ ਸਰਕਾਰ ਆਉਣ ਤੇ ਕੋਈ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ। ਇਸ ਮੌਕੇ ਪਾਰਟੀ ਦੇ ਪਛੜੇ ਵਰਗ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਨਾਡਾ, ਸਰਕਲ ਇੰਚਾਰਜ਼ ਲਾਲੀ ਨਾਡਾ, ਮੱਖਣ ਮੇਲੂ, ਕ੍ਰਿਸ਼ਨ ਕੁਮਾਰ, ਸਾਬਕਾ ਐਮਸੀ ਬਿੱਲਾ , ਸਤਪਾਲ ਲੰਬੜਦਾਰ, ਵੀਰੂ ਭੁੱਲਰ ਆਦਿ ਪਿੰਡ ਵਾਸੀ ਹਾਜ਼ਰ ਸਨ।
No comments:
Post a Comment