ਚੰਡੀਗੜ੍ਹ, 28 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਜਨਤਾ ਪੁਰਾਣੀਆਂ ਰਿਵਾਇਤੀ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਕਿਸਮ ਦੀ ਸਿਆਸਤ ਤੋਂ ਬੁਰੀ ਤਰਾਂ ਤੰਗ ਆ ਚੁੱਕੀ ਹੈ। ਲੋਕ ਭ੍ਰਿਸ਼ਟਤੰਤਰ ਤੋਂ ਨਿਜਾਤ ਚਾਹੁੰਦੇ ਹਨ। ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਚੋਣ ਨਤੀਜੇ ਇਸ ਦੀ ਪ੍ਰਤੱਖ ਮਿਸਾਲ ਹਨ। ਜਨਤਾ ਨੇ ਪੁਰਾਣਿਆਂ ਨੂੰ ਝਟਕਾ ਦੇ ਕੇ ਨਵੀਂ ਪਾਰਟੀ (ਆਪ), ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ।
ਮੰਗਲਵਾਰ ਨੂੰ ਜਾਰੀ ਬਿਆਨ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਨਗਰ ਨਿਗਮ ਚੋਣਾਂ 'ਚ ਸੱਚਮੁੱਚ ਚਮਤਕਾਰ ਕਰ ਦਿਖਾਇਆ ਹੈ। ਕਈ ਵੱਡੇ ਵੱਡੇ ਦਿਗਜਾਂ ਨੂੰ ਹਰਾ ਕੇ ਬਿਲਕੁਲ ਨਵੇਂ ਚਿਹਰਿਆਂ ਨੂੰ ਚੁਣਿਆ ਹੈ। ਭਾਜਪਾ ਦੇ ਮੌਜੂਦਾ ਮੇਅਰ, 2 ਸਾਬਕਾ ਮੇਅਰ ਅਤੇ ਭਾਜਪਾ ਦੇ ਯੁਵਾ ਵਿੰਗ ਦੇ ਪ੍ਰਧਾਨ ਸਮੇਤ ਕਈ ਹੋਰ ਪੁਰਾਣੇ ਦਿੱਗਜਾਂ ਨੂੰ ਹਰਾ ਕੇ ਰਿਵਾਇਤੀ ਦਲਾਂ ਦੇ ਸਿੰਘਾਸਣ ਹਿਲਾ ਦਿੱਤੇ ਗਏ, ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਨਵੇਂ ਚਿਹਰਿਆਂ 'ਤੇ ਵਿਸ਼ਵਾਸ ਜਤਾਇਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਬਾਰੇ ਮਿੱਥਾਂ ਅਤੇ ਕੂੜ-ਪ੍ਰਚਾਰਾਂ ਨੂੰ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਅਨੁਸਾਰ, ''ਮੈਨੂੰ ਯਾਦ ਹੈ ਜਦੋਂ 2017 ਦੇ ਚੋਣ ਨਤੀਜਿਆਂ ਉਪਰੰਤ 'ਸਿਆਸੀ ਪੰਡਿਤ' ਕਹਿੰਦੇ ਸਨ ਕਿ 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸ਼ਹਿਰੀ ਵੋਟਰਾਂ ਨੇ ਸਾਥ ਨਹੀਂ ਦਿੱਤੀ। ਸ਼ਹਿਰੀ ਵੋਟਾਂ ਘੱਟ ਮਿਲੀਆਂ। ਪਰੰਤੂ ਚੰਡੀਗੜ੍ਹ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਬਾਰ ਪੰਜਾਬ ਦੀ ਸ਼ਹਿਰੀ ਜਨਤਾ ਵੀ ਮਜ਼ਬੂਤੀ ਅਤੇ ਪੂਰੇ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਨਾਲ ਖੜ੍ਹਾ ਹੈ। ਅੱਜ ਪੰਜਾਬ ਦੇ ਸਮੁੱਚੇ ਗ੍ਰਾਮੀਣ ਅਤੇ ਸ਼ਹਿਰੀ ਲੋਕ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਵਜੋਂ ਦੇਖ ਰਹੇ ਹਨ, ਕਿਉਂਕਿ ਰਿਵਾਇਤੀ ਪੁਰਾਣੀਆਂ ਪਾਰਟੀਆਂ ਨੂੰ ਵਾਰ-ਵਾਰ ਮੌਕੇ ਦੇ ਕੇ ਬੁਰੀ ਤਰਾਂ ਨਿਰਾਸ਼ ਅਤੇ ਤੰਗ ਆ ਚੁੱਕੇ ਹਨ। ਪੂਰਾ ਪੰਜਾਬ ਬਦਲਾਅ ਚਾਹੁੰਦਾ ਹੈ। ਦਿੱਲੀ ਅਤੇ ਚੰਡੀਗੜ੍ਹ ਵਾਂਗ ਪੰਜਾਬ ਵੀ ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਦੇ ਫ਼ਤਵੇ ਦੇ ਸਨਮਾਨ 'ਚ ਆਮ ਆਦਮੀ ਪਾਰਟੀ ਸਭ ਨੂੰ ਸਾਥ ਲੈ ਕੇ ਚੱਲੇਗੀ, ਬੇਸ਼ੱਕ ਉਹ ਕਿਸੇ ਹੋਰ ਪਾਰਟੀ ਦਾ ਕਿਉਂ ਨਾ ਹੋਵੇ। ਮਕਸਦ ਚੰਡੀਗੜ੍ਹ ਨੂੰ ਫਿਰ ਤੋਂ ਖ਼ੂਬਸੂਰਤ ਸ਼ਹਿਰ ਬਣਾਉਣਾ ਅਤੇ ਦਰਪੇਸ਼ ਸਮੱਸਿਆਵਾਂ ਤੋਂ ਮੁਕਤ ਕਰਨਾ ਹੈ। ਇਸ ਲਈ 'ਆਪ' ਸਭ ਨੂੰ ਸਾਥੀ ਬਣਾ ਕੇ ਅਤੇ ਸਭ ਨਾਲ ਮਿਲ ਕੇ ਚੰਡੀਗੜ੍ਹ ਦਾ ਵਿਕਾਸ ਕਰਾਂਗੇ।
ਕੇਜਰੀਵਾਲ ਨੇ ਚੰਡੀਗੜ੍ਹੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ, ''ਚੰਡੀਗੜ੍ਹ ਦੀ ਜਨਤਾ ਨੂੰ ਮੈਂ ਨਤਮਸਤਕ ਹਾਂ। ਸਲਾਮ ਕਰਦਾ ਹਾਂ ਚੰਡੀਗੜ੍ਹ 'ਚ ਵੀ ਦਿੱਲੀ ਵਰਗੀ ਕ੍ਰਾਂਤੀ ਹੋਈ ਹੈ। ਮੈਂ ਚੰਡੀਗੜ੍ਹ ਦੀ ਜਨਤਾ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਜੋ ਵਿਸ਼ਵਾਸ ਉਨ੍ਹਾਂ 'ਆਪ' ਨੂੰ ਪ੍ਰਗਟ ਕੀਤਾ ਹੈ, ਉਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ, ਬਲਕਿ ਸਾਰੀਆਂ ਉਮੀਦਾਂ 'ਤੇ ਖਰੇ ਉੱਤਰ ਕੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
No comments:
Post a Comment